ਮਲੂਕਾ ਨੇ ਕਿਹਾ ਕਿ ਮੁੱਖ ਮੰਤਰੀ ਤੇ ਉਹਨਾਂ ਦੇ ਮੰਤਰੀ ਆਪਣੇ ਫਾਰਮ ਹਾਊਸਾਂ ਵਿਚ ਰੁੱਝੇ ਤੇ ਕਿਸਾਨਾਂ ਨੁੰ ਇਸ ਅਹਿਮ ਮੌਕੇ ਆਪਣੇ ਹਾਲ ’ਤੇ ਛੱਡਿਆ
ਕਿਹਾ ਕਿ 8 ਘੰਟੇ ਸਪਲਾਈ ਤਾਂ ਛੱਡੋ ਤਿੰਨ ਦਿਨਾਂ ਤੋਂ ਸਪਲਾਈ ਹੀ ਨਹੀਂ ਹੋਈ ਬਹਾਲ
ਚੰਡੀਗੜ੍ਹ, 16 ਜੂਨ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਵੱਲੋਂ ਝੋਨੇ ਦੇ ਸੀਜ਼ਨ ਲਈ ਬਿਜਲੀ ਸਪਲਾਈ ਦੇ ਕੁਪ੍ਰਬੰਧਾਂ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਕਿਹਾ ਕਿ ਇਸ ਨਾਲ ਸੂਬੇ ਵਿਚ ਤਬਾਹੀਭਰੇ ਨਤੀਜੇ ਨਿਕਲ ਸਕਦੇ ਹਨ।
ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਤੇ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ ਸਰਦਾਰ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਕਾਂਗਰਸ ਸਰਕਾਰ ਝੋਨੇ ਦੇ ਸੀਜ਼ਨ ਦੇ ਪਹਿਲੇ ਪੰਜ ਦਿਨਾਂ ਅੰਦਰ ਹੀ ਕਿਸਾਨਾਂ ਲਈ ਨਿਯਮਿਤ ਬਿਜਲੀ ਸਪਲਾਈ ਯਕੀਨੀ ਨਹੀਂ ਬਣਾ ਸਕੀ। ਉਹਨਾਂ ਕਿਹਾ ਕਿ ਕੀਤੇ ਵਾਅਦੇ ਅਨੁਸਾਰ 8 ਘੰਟੇ ਬਿਜਲੀ ਦੇਣਾ ਤਾਂ ਦੂਰ ਦੀ ਗੱਲ ਸੂਬੇ ਦੇ ਕਈ ਭਾਗਾਂ ਵਿਚ ਪਿਛਲੇ ਤਿੰਨ ਦਿਨਾਂ ਤੋਂ ਬਿਜਲੀ ਸਪਲਾਈ ਬਹਾਲ ਵੀ ਨਹੀਂ ਹੋਈ।
ਸ੍ਰੀ ਮਲੂਕਾ ਨੇ ਕਿਹਾ ਕਿ ਪੰਜਾਬ ਰਾਜ ਬਿਜਲੀ ਨਿਗਮ ਮਿਲਟਿਡ (ਪੀ ਐਸ ਪੀ ਸੀ ਐਲ) ਸੂਬੇ ਵਿਚ ਸਪਲਾਈ ਪ੍ਰਣਾਲੀ ਕਾਇਮ ਰੱਖਣ ਵਿਚ ਬੁਰੀ ਤਰ੍ਹਾਂ ਨਾਕਾਮ ਰਿਹਾ ਹੈ। ਉਹਨਾਂ ਕਿਹਾ ਕਿ ਵਿਘਨ ਪੈਣ ਮਗਰੋਂ ਸਪਲਾਈ ਬਹਾਲ ਨਾ ਹੋਣ ’ਤੇ ਕਿਸਾਨ ਪੀ ਐਸ ਪੀ ਸੀਐਲ ਦੇ ਦਫਤਰਾਂ ਮੂਹਰੇ ਧਰਨੇ ਲਗਾ ਰਹੇ ਹਨ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਉਸ ਕੋਲ ਸੂਬੇ ਦੇ ਕਈ ਭਾਗਾਂ ਵਿਚ ਬਿਜਲੀ ਸਪਲਾਈ ਬਹਾਲ ਕਰਨ ਵਾਸਤੇ ਟਰਾਂਸਫਾਰਮਰ ਤੇ ਤਾਰਾਂ ਵੀ ਨਹੀਂ ਹਨ। ਉਹਨਾਂ ਕਿਹਾ ਕਿ ਪੀ ਐਸ ਪੀ ਸੀ ਐਲ ਦੇ ਸਟਾਫ ਨੇ ਸਮਾਨ ਦੀ ਘਾਟ ਬਾਰੇ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਤੋਂ ਕਈ ਦਿਨ ਪਹਿਲਾਂ ਹੀ ਆਗਾਹ ਕਰ ਦਿੱਤਾ ਸੀ ਪਰ ਕਾਂਗਰਸ ਸਰਕਾਰ ਨੇ ਉਸ ’ ਤੇ ਕੋਈ ਕਾਰਵਾਈ ਨਹੀਂ ਕੀਤੀ ਬਲਕਿ ਇਸਦਾ ਖੰਡਨ ਕੀਤਾ ਤੇ ਦਾਅਵਾ ਕੀਤਾ ਕਿ ਸਭ ਕੁਝ ਉਪਲਬਧ ਹੈ। ਉਹਨਾਂ ਕਿਹਾ ਕਿ ਸਰਕਾਰ ਦੇ ਝੁਠ ਹੁਣ ਜਨਤਾ ਦੇ ਸਾਹਮਣੇ ਹਨ ਕਿਉਂਕਿ ਸਮਾਨ ਉਪਲਬਧ ਨਹੀਂ ਹੈ, ਇਹ ਸਭ ਵੇਖ ਰਹੇ ਹਨ।
ਸ੍ਰੀ ਮਲੂਕਾ ਨੇ ਕਿਹਾ ਕਿ ਕਾਂਗਰਸ ਸਰਕਾਰ ਦਿਹਾਤੀ ਇਲਾਕਿਆਂ ਵਿਚ ਘਰਾਂ ਲਈਵੀ ਬਿਜਲੀ ਸਪਲਾਈ ਕਰਨ ਵਿਚ ਨਾਕਾਮ ਰਹੀ ਹੈ। ਉਹਨਾਂ ਕਿਹਾ ਕਿ ਝੱਖੜ ਆਉਣ ਮਗਰੋਂ ਲੋਕਾਂ ਵੱਲੋਂ ਵਾਰ ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਪੀ ਐਸ ਪੀ ਸੀ ਐਲ ਦੇ ਸਪਲਾਈ ਬਹਾਲ ਕਰਨ ਵਿਚ ਨਾਕਾਮ ਰਹਿਣ ’ਤੇ ਲੋਕ ਆਪ ਡਿੱਗੇ ਖੰਭੇ ਲਾਉਣ ਲਈ ਮਜਬੂਰ ਹਨ। ਉਹਨਾਂ ਕਿਹਾ ਕਿ ਸਟਾਫ ਦੀ ਘਾਟ ਹਾਲਾਤ ਨੂੰ ਬਦ ਤੋਂ ਬਦਤਰ ਬਣਾ ਰਹੀ ਹੈ। ਉਹਨਾਂ ਕਿਹਾ ਕਿ ਕਾਂਗਰਸ ਘਰ ਘਰ ਨੌਕਰੀ ਦੇ ਵਾਅਦੇ ਦੇ ਸਿਰ ’ਤੇ ਸੱਤਾ ਵਿਚ ਆਈ ਸੀ ਪਰ ਪੀ ਐਸ ਪੀ ਸੀ ਐਲ ਵਰਗੇ ਵਿਭਾਗ ਤਕਨੀਕੀ ਮਾਮਲਿਆਂ ਲਈ ਲੋੜੀਂਦਾ ਸਟਾਫ ਭਰਤੀ ਕਰਨ ਲਈ ਤਰਲੇ ਕਰ ਰਹੇ ਹਨ। ਉਹਨਾਂ ਕਿਹਾ ਕਿ ਬਜਾਏ ਨਵੀਂ ਭਰਤੀ ਸ਼ੁਰੂ ਕਰਨ ਦੇ ਇਸ ਸਰਕਾਰ ਨੇ ਪੁਨਰਗਠਨ ਦੇ ਨਾਂ ’ਤੇ ਹਜ਼ਾਰਾਂ ਆਸਾਮੀਆਂ ਖਤਮ ਕਰ ਦਿੱਤੀਆਂ ਹਨ।
ਮੁੱਖ ਮੰਤਰੀ ਨੂੰ ਗੂੜੀ ਨੀਂਦ ਵਿਚੋਂ ਜਾਗਣ ਤੇ ਬਿਨਾਂ ਹੋਰ ਦੇਰੀ ਦੇ ਸਿਸਟਮ ਬਹਾਲ ਕਰਨ ਲਈ ਕੰਮ ਸ਼ੁਰੂ ਕਰਨ ਵਾਸਤੇ ਆਖਦਿਆਂ ਅਕਾਲੀ ਆਗੂ ਨੇ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਫਿਰ ਅਜਿਹਾ ਖਦਸ਼ਾ ਹੈ ਕਿ ਸੂਬੇ ਵਿਚ ਸਾਰਾ ਟਰਾਂਸਮਿਸ਼ਨ ਸਿਸਟਮ ਹੀ ਢਹਿ ਢੇਰੀ ਹੋ ਜਾਵੇਗਾ।