ਕਿਹਾ ਕਿ ਦਲਿਤ ਔਰਤਾਂ ਦੀ ਸ਼ਿਕਾਇਤ ਹੈ ਕਿ ਉਹਨਾਂ ਨੂੰ ਵਿਧਵਾ ਪੈਨਸ਼ਨ ਅਤੇ ਸ਼ਗਨ ਸਕੀਮ ਵਰਗੇ ਸਮਾਜ ਭਲਾਈ ਲਾਭ ਨਹੀਂ ਮਿਲ ਰਹੇ ਹਨ
ਬਠਿੰਡਾ/18 ਅਪ੍ਰੈਲ: ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਾਂਗਰਸ ਸਰਕਾਰ ਨੂੰ ਕਿਹਾ ਕਿ ਉਹ ਆਪਣੀਆਂ ਨਾਕਾਮੀਆਂ ਕੱਜਣ ਲਈ ਦਲਿਤਾਂ ਉੱਤੇ ਵੱਡੇ ਬਿਜਲੀ ਬਿਲਾਂ ਦਾ ਬੋਝ ਪਾ ਕੇ ਉਹਨਾਂ ਨੂੰ ਤਸੀਹੇ ਦੇਣਾ ਬੰਦ ਕਰੇ। ਉਹਨਾਂ ਕਿਹਾ ਕਿ ਜੇਕਰ ਇਹ ਬਿਜਲੀ ਦੇ ਬਿਲ ਤੁਰੰਤ ਵਾਪਸ ਨਾ ਲਏ ਗਏ ਤਾਂ ਅਕਾਲੀ ਦਲ ਵੱਲੋਂ ਦਲਿਤ ਭਾਈਚਾਰੇ ਨੂੰ ਇਨਸਾਫ ਦਿਵਾਉਣ ਲਈ ਇੱਕ ਰਾਜ ਪੱਧਰੀ ਅੰਦੋਲਨ ਵਿੱਢਿਆ ਜਾਵੇਗਾ।
ਇਸ ਜ਼ਿਲ੍ਹੇ ਦੇ ਪੂਹਲਾ ਪਿੰਡ ਵਿਖੇ ਔਰਤਾਂ ਦੀ ਇੱਕ ਟੋਲੀ ਨਾਲ ਗੱਲਬਾਤ ਕਰਦਿਆਂ ਬੀਬੀ ਬਾਦਲ ਨੂੰ ਬਹੁਤ ਹੀ ਵੱਡਾ ਧੱਕਾ ਲੱਗਿਆ ਜਦੋਂ ਦਲਿਤ ਔਰਤਾਂ ਨੇ ਉਹਨਾਂ ਨੂੰ 80 ਹਜ਼ਾਰ ਰੁਪਏ ਤਕ ਦੇ ਬਿਜਲੀ ਦੇ ਬਿਲ ਵਿਖਾਏ। ਉਹਨਾਂ ਕਿਹਾ ਕਿ ਔਰਤਾਂ ਨੇ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਵੇਲੇ ਉਹਨਾਂ ਨੂੰ ਮੁਫਤ ਬਿਜਲੀ ਮਿਲਦੀ ਹੁੰਦੀ ਸੀ, ਪਰ ਕਾਂਗਰਸ ਸਰਕਾਰ ਨੇ ਨਾ ਸਿਰਫ ਮੁਫਤ ਬਿਜਲੀ ਬੰਦ ਕਰ ਦਿੱਤੀ ਹੈ, ਸਗੋਂ ਉਹਨਾਂ ਨੂੰ ਵਰਤੀ ਗਈ ਬਿਜਲੀ ਦੇ 10 ਤੋਂ ਲੈ ਕੇ 20 ਗੁਣਾ ਤਕ ਵਾਧੂ ਬਿਲ ਭਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।
ਬਿਜਲੀ ਬਿਲਾਂ ਨੂੰ ਵੇਖਣ ਤੋਂ ਬਾਅਦ ਬੀਬੀ ਬਾਦਲ ਨੇ ਕਿਹਾ ਕਿ ਅਕਾਲੀ ਦਲ ਉਹਨਾਂ ਨੂੰ ਇਨਸਾਫ ਦਿਵਾਏਗਾ ਅਤੇ ਨਾਲ ਉਹਨਾਂ ਹੀ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਵਾਂਗ ਮੁਫਤ ਬਿਜਲੀ ਦਿਵਾਉਣ ਲਈ ਉਹ ਖੁਦ ਉਹਨਾਂ ਦੀ ਲੜਾਈ ਲੜਣਗੇ। ਔਰਤਾਂ ਨੇ ਬੀਬੀ ਬਾਦਲ ਨੂੰ ਦੱਸਿਆ ਕਿ ਕਾਂਗਰਸ ਸਰਕਾਰ ਨੇ ਕਾਨੂੰਨਾਂ ਨੂੰ ਇਸ ਤਰ੍ਹਾਂ ਤੋੜਿਆ ਮਰੋੜਿਆ ਹੈ ਕਿ ਦਲਿਤ ਖਪਤਕਾਰਾਂ ਨੂੰ ਦਿੱਤੀ 200 ਯੂਨਿਟ ਮੁਫਤ ਬਿਜਲੀ ਦੀ ਸਹੂਲਤ ਬੇਮਾਅਨੀ ਹੋ ਕੇ ਰਹਿ ਗਈ ਹੈ। ਉਹਨਾਂ ਕਿਹਾ ਕਿ ਦਲਿਤ ਖਪਤਕਾਰ ਹੁਣ ਇਸ ਸਹੂਲਤ ਨੂੰ ਨਹੀਂ ਲੈ ਸਕਦੇ, ਕਿਉਂਕਿ ਸਰਕਾਰ ਨੇ ਇਹ ਸ਼ਰਤ ਲਾ ਦਿੱਤੀ ਹੈ ਕਿ ਜੇਕਰ ਉਹਨਾਂ ਨੇ ਨਿਰਧਾਰਿਤ 200 ਯੂਨਿਟ ਤੋਂ ਇੱਕ ਯੂਨਿਟ ਵੀ ਵੱਧ ਬਿਜਲੀ ਇਸਤੇਮਾਲ ਕੀਤੀ ਤਾਂ ਉਹਨਾਂ ਨੂੰ ਪੂਰੇ ਬਿਲ ਦਾ ਭੁਗਤਾਨ ਕਰਨਾ ਪਵੇਗਾ। ਪੀੜਤ ਔਰਤਾਂ ਨੇ ਦੱਸਿਆ ਕਿ ਪਿਛਲੇ ਸਮੇਂ ਵਿਚ ਵਰਤੀ ਗਈ ਬਿਜਲੀ ਦਾ ਹਿਸਾਬ ਵਿਚ ਜੋੜ ਕੇ ਸਾਨੂੰ ਵੱਡੇ ਵੱਡੇ ਬਿਜਲੀ ਭੇਜ ਦਿੱਤੇ ਗਏ ਹਨ।
ਇਹਨਾਂ ਔਰਤਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਬੀਬੀ ਬਾਦਲ ਨੇ ਕਿਹਾ ਕਿ ਕਿੰਨੇ ਦੁਖ ਦੀ ਗੱਲ ਹੈ ਕਿ ਦਲਿਤ ਪਰਿਵਾਰਾਂ ਨੂੰ ਸਰਦਾਰ ਪਰਕਾਸ਼ ਸਿੰਘ ਬਾਦਲ ਵੱਲੋਂ ਸ਼ੁਰੂ ਕੀਤੀ ਮੁਫਤ ਬਿਜਲੀ ਸਕੀਮ ਦਾ ਲਾਭ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਅਤੇ ਪਛੜੇ ਵਰਗ ਦੇ ਖਪਤਕਾਰਾਂ ਨੂੰ ਇਸ ਸਕੀਮ ਦੇ ਘੇਰੇ ਵਿਚੋਂ ਹੀ ਬਾਹਰ ਕੱਢ ਦਿੱਤਾ ਗਿਆ ਹੈ। ਇਹ ਇੱਕ ਗਰੀਬ-ਵਿਰੋਧੀ ਕਦਮ ਹੈ ਅਤੇ ਅਸੀਂ ਇਸ ਦਾ ਡਟ ਕੇ ਵਿਰੋਧ ਕਰਾਂਗੇ।
ਬਠਿੰਡਾ ਸਾਂਸਦ ਨੂੰ ਇਹ ਵੀ ਦੱਸਿਆ ਗਿਆ ਕਿ ਕਾਂਗਰਸੀ ਹਕੂਮਤ ਅਧੀਨ ਔਰਤਾਂ ਸਭ ਤੋਂ ਵੱਧ ਦੁੱਖ ਭੋਗ ਰਹੀਆਂ ਹਨ, ਕਿਉਂਕਿ ਉਹਨਾਂ ਨੂੰ ਸਾਰੀਆਂ ਸਮਾਜ ਭਲਾਈ ਸਕੀਮਾਂ ਦੇ ਲਾਭ ਦੇਣੇ ਬੰਦ ਕਰ ਦਿੱਤੇ ਹਨ। ਔਰਤਾਂ ਨੇ ਬੀਬੀ ਬਾਦਲ ਨੂੰ ਦੱਸਿਆ ਕਿ ਉਹਨਾਂ ਦੇ ਬੁਢਾਪਾ ਪੈਨਸ਼ਨ ਦੇ ਕਾਰਡ ਇਸ ਲਈ ਰੱਦ ਕੀਤੇ ਜਾ ਰਹੇ ਹਨ, ਕਿਉਂਕਿ ਉਹਨਾਂ ਨੇ ਅਕਾਲੀ ਦਲ ਨੂੰ ਵੋਟ ਪਾਈ ਸੀ। ਇਸੇ ਤਰ੍ਹਾਂ ਸਰਕਾਰ ਨੇ ਸ਼ਗਨ ਸਕੀਮ ਤਹਿਤ ਕੋਈ ਵੀ ਰਾਸ਼ੀ ਜਾਰੀ ਨਹੀਂ ਕੀਤੀ, ਜਿਸ ਦੀ ਉਹਨਾਂ ਆਪਣੀਆਂ ਧੀਆਂ ਦੇ ਵਿਆਹਾਂ ਸਮੇਂ ਸਖ਼ਤ ਲੋੜ ਹੁੰਦੀ ਹੈ। ਇੰਨਾ ਹੀ ਨਹੀਂ, ਇਹਨਾਂ ਔਰਤਾਂ ਦੀਆਂ ਵਿਧਵਾ ਪੈਨਸ਼ਨਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ।
ਇਹ ਟਿੱਪਣੀ ਕਰਦਿਆਂ ਕਿ ਇਹ ਸਾਰੇ ਕਦਮ ਕਾਂਗਰਸ ਸਰਕਾਰ ਦੀ ਦਲਿਤ-ਵਿਰੋਧੀ ਮਾਨਸਿਕਤਾ ਦਾ ਸਬੂਤ ਹਨ, ਬੀਬੀ ਬਾਦਲ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿਚ ਇਹ ਪਹਿਲੀ ਸਰਕਾਰ ਹੋਈ ਹੈ, ਜਿਸ ਨੇ ਦਲਿਤ ਵਿਦਿਆਰਥੀਆਂ ਦੇ ਵਜ਼ੀਫੇ ਬੰਦ ਕੀਤੇ ਹਨ ਅਤੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ 12 ਲੱਖ ਵਿਦਿਆਰਥੀਆਂ ਨੂੰ ਸਰਦੀਆਂ ਦੀਆਂ ਵਰਦੀਆਂ ਨਹੀਂ ਦਿੱਤੀਆਂ, ਜਿਹਨਾਂ ਵਿਚੋਂ ਜ਼ਿਆਦਾਤਰ ਦਲਿਤਾਂ ਅਤੇ ਪਛੜੇ ਵਰਗਾਂ ਦੇ ਬੱਚੇ ਹਨ।
ਬੀਬੀ ਬਾਦਲ ਨੇ ਔਰਤਾਂ ਨੂੰ ਕਾਂਗਰਸੀ ਆਗੂਆਂ ਨੂੰ ਘੇਰ ਕੇ ਇਹ ਪੁੱਛਣ ਲਈ ਕਿਹਾ ਕਿ ਕਾਂਗਰਸ ਦਲਿਤਾਂ ਨਾਲ ਧੱਕਾ ਕਿਉਂ ਕਰ ਰਹੀ ਹੈ। ਉਹਨਾਂ ਇਹ ਵੀ ਅਪੀਲ ਕੀਤੀ ਇਸ ਧੱਕੇਸ਼ਾਹੀ ਦਾ ਬਦਲਾ ਲੈਣ ਅਤੇ ਕਾਂਗਰਸ ਪਾਰਟੀ ਨੂੰ ਸਬਕ ਸਿਖਾਉਣ ਲਈ ਉਹ ਆਪਣੀ ਵੋਟ ਦਾ ਇਸਤੇਮਾਲ ਜਰੂਰ ਕਰਨ।