ਬਠਿੰਡਾ/07 ਜੂਨ:ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਕਾਂਗਰਸ ਸਰਕਾਰ ਨੂੰ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਇਹਨਾਂ ਲੱਭਤਾਂ ਉੱਤੇ ਕਾਰਵਾਈ ਕਰਨ ਲਈ ਕਿਹਾ ਹੈ ਕਿ ਇੱਕ ਸਮੂਹਿਕ ਬਲਾਤਕਾਰ ਪੀੜਤਾ ਨੂੰ ਇਨਸਾਫ ਦਿਵਾਉਣ ਵਿਚ ਬਠਿੰਡਾ ਦੇ ਪੁਲਿਸ ਅਧਿਕਾਰੀ ਪੂਰੀ ਤਰ੍ਹਾਂ ਨਾਕਾਮ ਰਹੇ ਹਨ। ਇਸ ਦੇ ਨਾਲ ਹੀ ਉਹਨਾਂ ਨੇ ਦੋਸ਼ੀਆਂ ਦੀ ਗਿਰਫਤਾਰੀ ਲਈ ਢੁੱਕਵੇਂ ਕਦਮ ਚੁੱਕਣ ਵਾਸਤੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਦਾ ਧੰਨਵਾਦ ਕੀਤਾ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਬੀਬਾ ਬਾਦਲ ਨੇ ਕਿਹਾ ਕਿ ਮਹਿਲਾ ਕਮਿਸ਼ਨ ਦੀ ਟੀੰਮ ਦੇ ਦੋ ਮੈਂਬਰਾਂ ਵੱਲੋਂ ਕੀਤੇ ਖੁਲਾਸੇ ਨਾਲ ਬਠਿੰਡਾ ਪੁਲਿਸ ਦਾ ਪਰਦਾਫਾਸ਼ ਹੋ ਚੁੱਕਿਆ ਹੈ, ਜਿਹਨਾਂ ਦੱਸਿਆ ਹੈ ਕਿ ਕਿਸ ਤਰ੍ਹਾਂ ਇੱਕ ਸਥਾਨਕ ਕਾਂਗਰਸੀ ਆਗੂ ਦੇ ਇਸ਼ਾਰੇ ਉੱਤੇ ਇਸ ਮਾਮਲੇ ਦੇ ਦੋਸ਼ੀ ਪਰਮਿੰਦਰ ਸਿੰਘ ਆਜ਼ਾਦ ਨੂੰ ਛੱਡ ਦਿੱਤਾ ਗਿਆ ਸੀ ਅਤੇ ਸੂਬਾ ਸਰਕਾਰ ਨੇ ਦੋਸ਼ੀ ਪੁਲਿਸ ਅਧਿਕਾਰੀਆਂ ਖ਼ਿਲਾਫ ਕੋਈ ਵੀ ਕਾਰਵਾਈ ਨਹੀਂ ਸੀ ਕੀਤੀ। ਉਹਨਾਂ ਕਿਹਾ ਕਿ ਲੋਕਾਂ ਦਾ ਪੁਲਿਸ ਪ੍ਰਸਾਸ਼ਨ ਵਿਚ ਭਰੋਸਾ ਬਹਾਲ ਕਰਨ ਲਈ ਇਹ ਕਾਰਵਾਈ ਬਹੁਤ ਜਰੂਰੀ ਹੈ ਤਾਂ ਕਿ ਸਾਰਿਆਂ ਨੂੰ ਸਪੱਸ਼ਟ ਸੁਨੇਹਾ ਜਾਵੇ ਕਿ ਔਰਤਾਂ ਖ਼ਿਲਾਫ ਅਪਰਾਧਾਂ ਨੂੰ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਬੀਬਾ ਬਾਦਲ ਨੇ ਮਹਿਲਾ ਕਮਿਸ਼ਨ ਨੂੰ ਉਹਨਾਂ ਪੁਲਿਸ ਅਧਿਕਾਰੀ ਖ਼ਿਲਾਫ ਕਾਰਵਾਈ ਦੀ ਸਿਫਾਰਿਸ਼ ਕਰਨ ਦੀ ਵੀ ਅਪੀਲ ਕੀਤੀ ਹੈ, ਜਿਹਨਾਂ ਨੇ ਸਿਆਸੀ ਦਬਾਅ ਥੱਲੇ ਆ ਕੇ ਆਪਣੇ ਫਰਜ਼ਾਂ ਤੋਂ ਕੋਤਾਹੀ ਕੀਤੀ ਹੈ। ਇਸ ਸੰਬੰਧ ਵਿਚ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੂੰ ਚਿੱਠੀ ਲਿਖਦਿਆਂ ਬੀਬਾ ਬਾਦਲ ਨੇ ਕਿਹਾ ਕਿ ਸਮੂਹਿਕ ਬਲਾਤਕਾਰ ਪੀੜਤਾ ਦੇ ਦੁਖੀ ਮਾਪਿਆਂ ਨੇ ਇਨਸਾਫ ਲੈਣ ਲਈ ਵਾਰ ਵਾਰ ਪੁਲਿਸ ਕੋਲ ਫਰਿਆਦ ਕੀਤੀ ਸੀ, ਪਰ ਬਠਿੰਡਾ ਪੁਲਿਸ ਨੇ ਨਾ ਤਾਂ ਦੋਸ਼ੀਆਂ ਨੂੰ ਗਿਰਫਤਾਰ ਕੀਤਾ ਅਤੇ ਨਾ ਹੀ ਪੁੱਛ-ਗਿੱਛ ਲਈ ਬੁਲਾਇਆ। ਇਸ ਮਾਮਲੇ ਦੀ ਤੁਰੰਤ ਜਾਂਚ ਲਈ ਇੱਕ ਟੀਮ ਭੇਜਣ ਵਾਸਤੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਦਾ ਧੰਨਵਾਦ ਕਰਦਿਆਂ ਬੀਬਾ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਣ ਵਾਲੇ ਦੋਸ਼ੀ ਨਾਲ ਪੁਲਿਸ ਦੀ ਮਿਲੀਭੁਗਤ ਅਤੇ ਪੁਲਿਸ ਵੱਲੋਂ ਕਾਰਵਾਈ ਤੋਂ ਕੀਤੀ ਟਾਲਮਟੋਲ ਦੋਵੇ ਗੱਲਾਂ ਖੁੱਲ੍ਹ ਕੇ ਸਾਹਮਣੇ ਆ ਗਈਆਂ ਹਨ। ਉਹਨਾਂ ਕਿਹਾ ਕਿ ਮਹਿਲਾ ਕਮਿਸ਼ਨ ਵੱਲੋਂ ਇਸ ਕੇਸ ਦਾ ਆਪਣੇ ਆਪ ਨੋਟਿਸ ਲਏ ਜਾਣ ਮਗਰੋਂ ਹੀ ਗਿਰਫਤਾਰੀਆਂ ਹੋਈਆਂ ਹਨ।
ਬਠਿੰਡਾ ਪੁਲਿਸ ਨੂੰ ਆਪਣਾ ਸਿਸਟਮ ਸੁਧਾਰਨ ਲਈ ਆਖਦਿਆਂ ਬੀਬਾ ਬਾਦਲ ਨੇ ਕਿਹਾ ਕਿ ਸਮੁੱਚੇ ਪੁਲਿਸ ਪ੍ਰਬੰਧ ਦਾ ਸਿਆਸੀਕਰਨ ਹੋ ਚੁੱਕਿਆ ਹੈ ਅਤੇ ਪੁਲਿਸ ਪ੍ਰਸਾਸ਼ਨ ਕੋਲ ਆਮ ਆਦਮੀ ਦੀ ਕੋਈ ਸੁਣਵਾਈ ਨਹੀਂ ਹੈ। ਉਹਨਾਂ ਕਿਹਾ ਕਿ ਜਿਸ ਢੰਗ ਨਾਲ ਬਠਿੰਡਾ ਪੁਲਿਸ ਨੇ ਸਮੂਹਿਕ ਬਲਾਤਕਾਰ ਪੀੜਤਾ ਦੀ ਮਾਂ ਵੱਲੋਂ ਕੀਤੀ ਸ਼ਿਕਾਇਤ ਨੂੰ ਅਣਸੁਣਿਆ ਕੀਤਾ ਹੈ, ਉਹ ਇਸ ਦਾ ਸਬੂਤ ਹੈ। ਉਹਨਾਂ ਕਿਹਾ ਕਿ ਪੀੜਤਾ ਇਸ ਸਾਲ 19 ਜਨਵਰੀ ਤੋਂ ਲਾਪਤਾ ਸੀ । ਪੁਲਿਸ ਨੇ ਲਾਪਤਾ ਬਾਰੇ ਰਿਪੋਰਟ ਵੀ ਦਰਜ ਨਹੀਂ ਕੀਤੀ। ਦੋ ਮਹੀਨੇ ਬਾਅਦ ਜਦੋਂ ਪੀੜਤਾ ਘਰ ਪਹੁੰਚੀ ਤਾਂ ਪਤਾ ਚੱਲਿਆ ਕਿ ਦੋ ਔਰਤਾਂ ਵੱਲੋਂ ਉਸ ਨੂੰ ਵੇਚ ਦਿੱਤਾ ਗਿਆ ਸੀ ਅਤੇ ਉਸ ਨਾਲ ਬਲਾਤਕਾਰ ਕੀਤਾ ਗਿਆ ਸੀ। 23 ਮਾਰਚ ਨੂੰ ਇਸ ਦਾ ਕੇਸ ਦਰਜ ਕੀਤਾ ਗਿਆ ਅਤੇ ਮੁੱਖ ਦੋਸ਼ੀ ਪਰਮਿੰਦਰ ਸਿੰਘ ਆਜ਼ਾਦ ਨੂੰ ਗਿਰਫਤਾਰ ਕਰ ਲਿਆ, ਪਰੰਤੂ ਇਕ ਸਥਾਨਕ ਆਗੂ ਦੇ ਕਹਿਣ ਤੇ ਉਸ ਨੂੰ ਛੱਡ ਦਿੱਤਾ ਗਿਆ। ਮੇਰੇ ਧੰਨਵਾਦੀ ਦੌਰੇ ਦੌਰਾਨ ਪੀੜਤਾ ਅਤੇ ਉਸ ਦੇ ਪਰਿਵਾਰ ਨੇ ਇਨਸਾਫ ਲਈ ਮੇਰੇ ਕੋਲ ਪਹੁੰਚ ਕੀਤੀ, ਕਿਉਂਕਿ ਪੁਲਿਸ ਨੇ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਹਨਾਂ ਨੂੰ ਮਹਿਲਾ ਕਮਿਸ਼ਨ ਵੱਲੋਂ ਦਖ਼ਲ ਦੇਣ ਉੱਤੇ ਅਜੇ ਅਧੂਰਾ ਇਨਸਾਫ ਹੀ ਮਿਲਿਆ ਹੈ। ਉਹਨਾਂ ਸਾਰੇ ਦੋਸ਼ੀਆਂ ਖ਼ਿਲਾਫ ਕਾਰਵਾਈ ਕੀਤੀ ਜਾਣੀ ਜਰੂਰੀ ਹੈ, ਜਿਹਨਾਂ ਨੇ ਇੱਕ 18 ਸਾਲ ਦੀ ਲੜਕੀ ਦਾ ਸੋਸ਼ਣ ਕੀਤਾ ਹੈ ਅਤੇ ਉਹਨਾਂ ਪੁਲਿਸ ਅਧਿਕਾਰੀਆਂ ਖ਼ਿਲਾਫ ਵੀ ਕਾਰਵਾਈ ਕਰਨੀ ਬਣਦੀ ਹੈ, ਜਿਹਨਾਂ ਦੀ ਦੇਖ ਰੇਖ ਥੱਲੇ ਇਹ ਅੱਤਿਆਚਾਰ ਹੋਇਆ। ਬੀਬਾ ਬਾਦਲ ਨੇ ਕਿਹਾ ਕਿ ਜਿਹਨਾਂ ਸਿਆਸੀ ਆਗੂਆਂ ਨੇ ਦੋਸ਼ੀ ਦੀ ਪੁਸ਼ਤਪਨਾਹੀ ਕੀਤੀ ਅਤੇ ਬਠਿੰਡਾ ਪੁਲਿਸ ਨੂੰ ਆਪਣੀ ਡਿਊਟੀ ਕਰਨ ਤੋਂ ਰੋਕਿਆ, ਉਹਨਾਂ ਖ਼ਿਲਾਫ ਵੀ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।