ਕਿਹਾ ਕਿ ਸਰਕਾਰ ਨੇ ਪਿਛਲੇ ਤਿੰਨ ਸਾਲਾਂ ਵਿਚ ਐਸ ਸੀ ਸਕਾਲਰਸਿ਼ਪ ਸਕੀਮ ਦੇ 2440 ਕਰੋੜ ਰੁਪਏ ਜਾਰੀ ਨਾ ਕਰਨ ਤੋਂ ਬਾਅਦ 600 ਕਰੋੜ ਦੀ ਬਜਟ ਵਿਵਸਥਾ ਵਾਲੀ ਐਸ ਸੀ ਸਕਾਲਰਸ਼ਿਪ ਸਕੀਮ ਦਾ ਐਲਾਨ ਕੀਤਾ
ਪਵਨ ਟੀਨੂੰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਐਸ ਸੀ ਭਾਈਚਾਰੇ ਨੂੰ ਧੋਖਾ ਦੇਣ ਲਈ ਕਾਂਗਰਸ ਦੇ ਐਸ ਸੀ ਵਿਧਾਇਕਾਂ ਖਿਲਾਫ ਮੋਰਚਾ ਸ਼ੁਰੂ ਕਰੇਗਾ
ਚੰਡੀਗੜ੍ਹ, 15 ਅਕਤੂਬਰ, 2020 : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਨੇ ਸਾਲ 2021-22 ਲਈ ਐਸ ਸੀ ਸਕਾਲਰਸਿ਼ਪ ਵਾਸਤੇ 600 ਕਰੋੜ ਰੁਪਏ ਦੀ ਬਜਟ ਵਿਵਸਥਾ ਵਾਲੀ ਸਕੀਮ ਦਾ ਐਲਾਨ ਕਰ ਕੇ ਦਲਿਤ ਵਿਦਿਆਰਥੀਆਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਹੈ ਤੇ ਇਹ ਐਲਾਨ ਵੀ ਉਸਨੇ ਪਿਛਲੇ ਤਿੰਨ ਸਾਲਾਂ ਵਿਚ ਇਸੇ ਸਕੀਮ ਵਾਸਤੇ 2440 ਕਰੋੜ ਰੁਪਏ ਜਾਰੀ ਨਾ ਕਰਨ ਤੋਂ ਬਾਅਦ ਕੀਤਾ ਹੈ।
ਕੈਬਨਿਟ ਵੱਲੋਂ ਸਾਲ 2021-22 ਲਈ ਐੇਸ ਸੀ ਸਕਾਲਰਸ਼ਿਪ ਵਾਸਤੇ 600 ਕਰੋੜ ਰੁਪਏ ਦੀ ਵਿਵਸਥਾ ਕਰਨ ਦਾ ਫੈਸਲਾ ਅਨੁਸੂਚਿਤ ਜਾਤੀ ਭਾਈਚਾਰੇ, ਜੋ ਕਿ ਸੂਬੇ ਦੀ ਕੁੱਲ ਆਬਾਦੀ ਦਾ 34 ਫੀਸਦੀ ਹੈ, ਦੇ ਮੂੰਹ ’ਤੇ ਇਕ ਚਪੇੜ ਹੈ। ਇਹ ਗੱਲ ਸਾਬਕਾ ਮੁੱਖ ਸੰਸਦੀ ਸਕੱਤਰ ਪਵਨ ਕੁਮਾਰ ਟੀਨੂੰ ਨੇ ਕਹੀ ਜਿਹਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੱਤੀ ਕਿ ਉਹ ਦੱਸਣ ਕਿ ਉਹਨਾਂ ਦੀ ਸਰਕਾਰ ਨੇ ਪਿਛਲੇ ਤਿੰਨ ਸਾਲਾਂ ਵਿਚ ਐਸ ਸੀ ਸਕਾਲਰਸਿ਼ਪ ਸਕੀਮ ਦੇ 2440 ਕਰੋੜ ਰੁਪਏ ਵਿਚੋਂ ਇਕ ਵੀ ਰੁਪਿਆ ਜਾਰੀ ਕੀਤਾ ਹੈ।
ਸ੍ਰੀ ਟੀਨੂੰ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ 2018-19 ਵਿਚ ਐੇਸ ਸੀ ਸਕਾਲਰਸ਼ਿਪ ਸਕੀਮ ਲਈ 620 ਕਰੋੜ ਰੁਪਏ ਰੱਖੇ, 2019-29 ਵਿਚ 860 ਕਰੋੜ ਅਤੇ 2020-21 ਵਿਚ 960 ਕਰੋੜ ਰੁਪਏ ਰੱਖਦੇ ਪਰ ਇਹਨਾਂ ਵਿਚੋਂ ਇਕ ਵੀ ਰੁਪਿਆ ਜਾਰੀ ਨਹੀਂ ਕੀਤਾ ਗਿਆ ਜਿਸ ਨਾਲ ਚਾਰ ਲੱਖ ਦਲਿਤ ਵਿਦਿਆਰਥੀਆਂ ਦਾ ਭਵਿੱਖ ਤਬਾਅ ਹੋ ਗਿਆ। ਉਹਨਾਂ ਕਿਹਾ ਕਿ ਸਰਕਾਰ ਚੋਣ ਵਰ੍ਹੇ ਵਿਚ 600 ਕਰੋੜ ਰੁਪਏ ਰੱਖਣ ਦਾ ਐਲਾਨ ਕਰ ਕੇ ਐਸ ਸੀ ਭਾਈਚਾਰੇ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਕਿਹਾ ਕਿ ਇਹ ਗਰੀਬ ਤੇ ਦਬੇ ਕੁਚਲੇ ਵਰਗ ਨਾਲ ਕੀਤਾ ਪਾਪ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਦਲਿਤ ਕਦੇ ਵੀ ਕਾਗਰਸ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਨਾਲ ਭੱਦਾ ਮਜ਼ਾਕ ਕਰਨ ਲਈ ਮੁਆਫ ਨਹੀਂ ਕਰਨਗੇ।
ਦਲਿਤ ਆਗੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜਲਦੀ ਹੀ ਅਨੁਸੂਚਿਤ ਜਾਤੀ ਭਾਈਚਾਰੇ ਲਈ ਨਿਆਂ ਦੀ ਮੰਗ ਕਰਦਿਆਂ ਮੋਰਚੇ ਦੀ ਸ਼ੁਰੂਆਤ ਕਰਦਿਆਂ ਮੁੱਖ ਮੰਤਰੀ ਦੀ ਘੇਰਾਬੰਦੀ ਕਰੇਗਾ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨਾ ਸਿਰਫ ਦਲਿਤ ਵਿਦਿਆਰਥੀਆਂ ਨੂੰ 2440 ਕਰੋੜ ਰੁਪਏ ਜਾਰੀ ਨਾ ਕਰਨ ਦੀ ਦੋਸ਼ੀ ਹੈ ਬਲਕਿ ਉਹਨਾਂਦੀ ਸਕਾਲਰਸ਼ਿਪ ਦਾ ਪੈਸਾ ਉਹਨਾਂ ਦੇ ਵਿਦਿਅਕ ਅਦਾਰਿਆਂ ਨੂੰ ਨਾ ਦੇ ਕੇ ਉਹਨਾਂ ਦੀਆਂ ਡਿਗਰੀਆਂ ਰੁਕਵਾਉਣ ਦੀ ਵੀ ਦੋਸ਼ੀ ਹੈ।
ਸ੍ਰੀ ਟੀਨੂੰ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਭਾਵੇਂ ਕਾਂਗਰਸ ਪਾਰਟੀ ਵਿਚ ਐਸ ਸੀ ਭਾਈਚਾਰੇ ਤੋਂ 25 ਵਿਧਾਇਕ ਹਨ ਪਰ ਉਹਨਾਂ ਵਿਚੋਂ ਇਕ ਨੇ ਵੀ ਐਸ ਸੀ ਵਿਦਿਆਰਥੀਆਂ ਨੂੰ ਨਿਆਂ ਦੇਣ ਲਈ ਆਵਾਜ਼ ਬੁਲੰਦ ਨਹੀਂ ਕੀਤੀ। ਉਹਨਾਂ ਕਿਹਾ ਕਿ ਛੇਤੀ ਹੀ ਅਸੀਂ ਇਹਨਾਂ ਵਿਧਾਇਕਾਂ ਦੀ ਘੇਰਾਬੰਦੀ ਕਰਾਂਗੇ ਤੇ ਇਹਨਾਂ ਨੂੰ ਸਾਰੇ ਭਾਈਚਾਰੇ ਸਾਹਮਣੇ ਬੇਨਕਾਬ ਕਰਾਂਗੇ।
ਅਕਾਲੀ ਆਗੂ ਨੇ ਮੁੱਖ ਮੰਤਰੀ ਨੂੰ ਇਹ ਵੀ ਆਖਿਆ ਕਿ ਉਹ ਦੱਸਣ ਕਿ ਕੇਂਦਰ ਸਰਕਾਰ ਤੋਂ ਇਕ ਸਾਲ ਪਹਿਲਾਂ ਐਸ ਸੀ ਸਕਾਲਰਸ਼ਿਪ ਲਈ ਮਿਲੇ 309 ਕਰੋੜ ਰੁਪਏ ਉਹਨਾ ਨੇ ਕਿਹੜੇ ਖਾਤੇ ਵਿਚ ਲੁਕੋ ਕੇ ਰੱਖਦੇ ਹਨ। ਉਹਨਾਂ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਬਜਾਏ ਦਲਿਤ ਵਿਦਿਆਰਥੀਆਂ ਨੂੰ ਇਹ ਪੈਸੇ ਵੰਡਣ ਦੇ, ਇਹ ਪੈਸੇ ਖੁਰਦ ਬੁਰਦ ਕੀਤੇ ਗਏ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਦਾ ਦਲਿਤ ਵਿਰੋਧੀ ਰਵੱਈਆ ਹੀ ਐਸ ਸੀ ਭਲਾਈ ਮੰਤਰੀ ਧਰਮਸੋਤ ਵੱਲੋਂ 69 ਕਰੋੜ ਰੁਪਏ ਦਾ ਐਸ ਸੀ ਸਕਾਲਰਸ਼ਿਪ ਘੁਟਾਲਾ ਕਰਨ ਲਈ ਜ਼ਿੰਮੇਵਾਰ ਹੈ। ਉਹਨਾਂ ਨੇ ਮੰਗ ਕੀਤੀ ਕਿ ਧਰਮਸੋਤ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਵੇ, ਗ੍ਰਿਫਤਾਰ ਕੀਤਾ ਜਾਵੇ ਤੇ ਜੇਲ੍ਹ ਭੇਜਿਆ ਜਾਵੇ।