ਕਿਹਾ ਕਿ ਕਾਂਗਰਸੀ ਆਗੂਆਂ ਦੀ ਸ਼ਹਿ ਤੇ ਗੁੰਡਾ ਟੈਕਸ ਵਸੂਲਣ ਵਾਲੇ ਰੇਤ ਮਾਫੀਆਂ ਨੇ ਲਾਂਘੇ ਦੀ ਉਸਾਰੀ ਦਾ ਕੰਮ ਰੁਕਵਾਇਆ
ਮੁੱਖ ਮੰਤਰੀ ਨੂੰ ਤੁਰੰਤ ਦਖ਼ਲ ਦੇਣ ਅਤੇ ਉਸਾਰੀ ਮੁੜ ਸ਼ੁਰੂ ਕਰਵਾਉਣ ਲਈ ਕਿਹਾ
ਬਠਿੰਡਾ/09 ਅਗਸਤ:ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਕਾਂਗਰਸ ਸਰਕਾਰ ਕਰਤਾਰਪੁਰ ਲਾਂਘੇ ਦੀ ਉਸਾਰੀ ਦੇ ਕੰਮ ਵਿਚ ਅੜਿੱਕੇ ਪਾਉਣ ਵਾਲੀ ਧਿਰ ਬਣ ਗਈ ਹੈ, ਕਿਉਂਕਿ ਕੁੱਝ ਕਾਂਗਰਸੀ ਆਗੂਆਂ ਵੱਲੋਂ ਗੈਰ ਕਾਨੂੰਨੀ ਰੇਤ ਮਾਈਨਿੰਗ ਕਰਨ ਵਾਲੇ ਅਤੇ ਟਰੱਕਾਂ ਵਾਲਿਆਂ ਉੱਤੇ ਗੁੰਡਾ ਟੈਕਸ ਲਾਉਣ ਵਾਲੇ ਰੇਤ ਮਾਫੀਆ ਦੀ ਸਰਪ੍ਰਸਤੀ ਕੀਤੀ ਜਾ ਰਹੀ ਹੈ।
ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਬੜੇ ਅਫਸੋਸ ਦੀਗੱਲ ਹੈ ਕਿ ਰੇਤ ਮਾਫੀਆ ਵੱਲੋਂ ਰੇਤੇ ਅਤੇ ਬਜਰੀ ਦੀ ਪੈਦਾ ਕੀਤੀ ਜਾਅਲੀ ਥੁੜ੍ਹ ਕਰਕੇ ਪਿਛਲੇ 10 ਦਿਨਾਂ ਤੋਂ ਕਰਤਾਰਪੁਰ ਲਾਂਘੇ ਦੀ 4æ5 ਕਿਲੋਮੀਟਰ ਲੰਬੀ ਉਸਾਰੀ ਦਾ ਕੰਮ ਰੁਕਿਆ ਪਿਆ ਹੈ। ਉਹਨਾਂ ਕਿਹਾ ਕਿ ਦਰਿਆ ਕੰਢੇ ਵੱਖ ਵੱਖ ਥਾਵਾਂ ਉੁੱਤੇ ਕਾਂਗਰਸੀ ਆਗੂਆਂ ਦੇ ਖਾਸ ਬੰਦਿਆਂ ਵੱਲੋਂ ਇੱਕਤਰ ਕੀਤੇ ਜਾ ਰਹੇ ਗੁੰਡਾ ਟੈਕਸ ਨੇ ਰੇਤੇ ਅਤੇ ਬਜਰੀ ਦੀਆਂ ਕੀਮਤਾਂ ਅਸਮਾਨੀ ਚੜ੍ਹਾ ਦਿੱਤੀਆਂ ਹਨ, ਜਿਸ ਕਰਕੇ ਲਾਂਘੇ ਦੀ ਉਸਾਰੀ ਕਰਨ ਵਾਲੀ ਕੰਪਨੀ ਲਈ ਇਹ ਪ੍ਰਾਜੈਕਟ ਮੁਕੰਮਲ ਕਰਨਾ ਅਸੰਭਵ ਹੋ ਗਿਆ ਹੈ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਬੀਬਾ ਬਾਦਲ ਨੇ ਕਿਹਾ ਕਿ ਲਾਂਘੇ ਦੇ ਪ੍ਰਾਜੈਕਟ ਲਈ ਨਿਰਮਾਣ ਸਮੱਗਰੀ ਪਠਾਨਕੋਟ ਦੇ ਨੇੜੇ ਤੇੜੇ ਦੀ ਖੱਡਾਂ ਵਿਚੋਂ ਲਈ ਜਾ ਰਹੀ ਹੈ। ਉਹਨਾਂ ਕਿਹਾ ਕਿ ਪ੍ਰਤੀ ਟਰੱਕ 4000 ਰੁਪਏ ਤੋਂ ਲੈ ਕੇ 5000 ਰੁਪਏ ਤਕ ਲਾਏ ਜਾ ਰਹੇ ਗੁੰਡਾ ਟੈਕਸ ਨੇ ਨਾ ਸਿਰਫ ਰੇਤੇ ਬਜਰੀ ਦੇ ਰੇਟ ਵਧਾ ਦਿੱਤੇ ਹਨ, ਸਗੋਂ ਇਹਨਾਂ ਦੀ ਮੰਗ ਉੱਤੇ ਵੀ ਮਾੜਾ ਅਸਰ ਪਿਆ ਹੈ , ਜਿਸ ਕਰਕੇ ਜ਼ਿਆਦਾਤਰ ਕਰੱਸ਼ਰਜ਼ ਨੇ ਉਤਪਾਦਨ ਘਟਾ ਦਿੱਤਾ ਹੈ ਅਤੇ ਇਲਾਕੇ ਅੰਦਰ ਰੇਤਾ ਬਜਰੀ ਦੀ ਕਮੀ ਪੈਦਾ ਹੋ ਗਈ ਹੈ।
ਕਾਂਗਰਸ ਆਗੂਆਂ ਅਤੇ ਮੰਤਰੀਆਂ ਦੀ ਸ਼ਹਿ ਉਤੇ ਸੂਬੇ ਅੰਦਰ ਨਾਜਾਇਜ਼ ਰੇਤ ਮਾਇਨਿੰਗ ਦੇ ਕਾਰੋਬਾਰ ਵਿਚ ਲੱਗੇ ਰੇਤ ਮਾਫੀਆ ਖ਼ਿਲਾਫ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਬੀਬਾ ਬਾਦਲ ਨੇ ਕਿਹਾ ਕਿ ਕਾਂਗਰਸ ਦੀ ਸਿੱਖ-ਵਿਰੋਧੀ ਮਾਨਸਿਕਤਾ ਇੱਕ ਵਾਰ ਫਿਰ ਨੰਗੀ ਹੋ ਗਈ ਹੈ, ਜਿਸ ਨੇ ਕਰਤਾਰਪੁਰ ਲਾਂਘੇ ਵਰਗੇ ਪਵਿੱਤਰ ਪ੍ਰਾਜੈਕਟ ਨੂੰ ਵੀ ਨਹੀਂ ਬਖਸ਼ਿਆ ਅਤੇ ਗੈਰਕਾਨੂੰਨੀ ਮਾਈਨਿੰਗ ਅਤੇ ਗੁੰਡਾ ਟੈਕਸ ਵਸੂਲਣ ਵਰਗੀਆਂ ਗਤੀਵਿਧੀਆਂ ਨਾਲ ਇਸ ਸਮੁੱਚੇ ਪ੍ਰਾਜੈਕਟ ਨੂੰ ਖ਼ਤਰੇ ਵਿਚ ਪਾ ਦਿੱਤਾ ਹੈ।
ਬੀਬਾ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਤੁਰੰਤ ਇਸ ਮਾਮਲੇ ਵਿਚ ਦਖ਼ਲ ਦੇਣਾ ਚਾਹੀਦਾ ਹੈ ਅਤੇ ਰੇਤ ਮਾਫੀਆ ਅਤੇ ਉਹਨਾਂ ਦੇ ਸਿਆਸੀ ਰਹਿਬਰਾਂ ਖ਼ਿਲਾਫ ਸਖ਼ਤ ਕਾਰਵਾਈ ਕਰਦਿਆਂ ਤੁਰੰਤ ਕਰਤਾਰਪੁਰ ਲਾਂਘੇ ਦੀ ਉਸਾਰੀ ਮੁੜ ਸੁਰੂ ਕਰਵਾਉਣੀ ਚਾਹੀਦੀ ਹੈ।