ਕਿਹਾ ਕਿ ਦੋ ਰੋਜ਼ਾ ਇਜਲਾਸ ਦੌਰਾਨ ਜਨਤਕ ਮੁੱਦਿਆਂ ਉੱਤੇ ਚਰਚਾ ਨਹੀਂ ਕੀਤੀ ਜਾ ਸਕਦੀ
ਸਪੀਕਰ ਨੂੰ ਇਜਲਾਸ ਵਧਾ ਕੇ ਤਿੰਨ ਹਫਤਿਆਂ ਦਾ ਕਰਨ ਲਈ ਕਿਹਾ
ਕਿਹਾ ਕਿ ਬਿਜ਼ਨਸ ਐਡਵਾਇਜ਼ਰੀ ਕਮੇਟੀ ਵਿਚ ਵੀ ਇਹ ਮੰਗ ਰੱਖੀ ਜਾਵੇਗੀ
ਚੰਡੀਗੜ੍ਹ/24 ਜੁਲਾਈ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਨੂੰ ਕਿਹਾ ਹੈ ਕਿ ਉਹ ਸੂਬੇ ਦੇ ਭਖਦੇ ਮੁੱਦਿਆਂ ਉਤੇ ਚਰਚਾ ਕਰਨ ਤੋਂ ਨਾ ਭੱਜੇ ਅਤੇ ਵਿਧਾਨ ਸਭਾ ਸਪੀਕਰ ਨੂੰ ਵਿਧਾਨ ਸਭਾ ਇਜਲਾਸ ਤਿੰਨ ਹਫਤਿਆਂ ਦਾ ਕਰਨ ਲਈ ਆਖਿਆ ਹੈ ਤਾਂ ਕਿ ਕਿ ਸੂਬੇ ਦੇ ਸਾਰੇ ਭਖਦੇ ਮਸਲਿਆਂ ਜਿਵੇਂ ਕਿਸਾਨ ਖੁਦਕੁਸ਼ੀਆਂ ਵਿਚ ਹੋਏ ਚਿੰਤਾਜਨਕ ਵਾਧੇ, ਪੜ੍ਹੇ ਲਿਖੇ ਨੌਜਵਾਨਾਂ ਦੁਆਰਾ ਖੁਦਕੁਸ਼ੀਆਂ ਦੇ ਵਰਤਾਰੇ, ਬਿਜਲੀ ਦਰਾਂ 'ਚ ਹੋਏ ਲੱਕ ਤੋੜ ਵਾਧੇ, ਨੀਲੇ ਕਾਰਡਾਂ ਤੇ ਲੀਕ ਫੇਰ ਕੇ ਗਰੀਬਾਂ ਅਤੇ ਦਲਿਤਾਂ ਵਿਰੁੱਧ ਕੀਤੇ ਵਿਤਕਰੇ ਅਤੇ ਦਲਿਤ ਵਿਦਿਆਰਥੀਆਂ ਨੂੰ ਵਜ਼ੀਫੇ ਨਾ ਜਾਰੀ ਕਰਨਾ ਆਦਿ ਉੱਤੇ ਵਿਸਥਾਰ ਵਿਚ ਚਰਚਾ ਕੀਤੀ ਜਾ ਸਕੇ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਅਤੇ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸੁਬਾਈ ਵਜ਼ਾਰਤ ਵੱਲੋਂ ਦੋ ਰੋਜ਼ਾ ਇਜਲਾਸ ਦੀ ਘੋਸ਼ਣਾ ਲੋਕਤੰਤਰ ਦਾ ਮਜ਼ਾਕ ਉਡਾਉਣ ਦੇ ਸਮਾਨ ਹੈ। ਉਹਨਾਂ ਕਿਹਾ ਕਿ ਬੇਸ਼ੱਕ ਸਰਕਾਰੀ ਤੌਰ ਤੇ 2 ਅਗਸਤ ਤੋਂ 6 ਅਗਸਤ ਤਕ ਇਜਲਾਸ ਰੱਖਣ ਦੀ ਘੋਸ਼ਣਾ ਕੀਤੀ ਗਈ ਹੈ, ਪਰੰਤੂ ਇਹਨਾਂ ਦਿਨਾਂ ਵਿਚ ਦੋ ਛੁੱਟੀਆਂ ਪੈਂਦੀਆਂ ਹਨ ਅਤੇ ਪਹਿਲਾਂ ਦਿਨ ਸ਼ਰਧਾਂਜ਼ਲੀਆਂ ਲਈ ਰਾਂਖਵਾਂ ਹੁੰਦਾ ਹੈ। ਇਸ ਦਾ ਅਰਥ ਹੈ ਕਿ ਅਸਲੀਅਤ ਵਿਚ ਇਹ ਇਜਲਾਸ ਸਿਰਫ ਦੋ ਦਿਨ ਦਾ ਹੀ ਹੈ। ਅਸੀਂ ਇਸ ਦਾ ਬਿਜ਼ਨਸ ਐਡਵਾਈਜ਼ਰੀ ਕਮੇਟੀ ਵਿਚ ਵਿਰੋਧ ਕਰਾਂਗੇ ਅਤੇ ਮੰਗ ਕਰਾਂਗੇ ਕਿ ਇਜਲਾਸ ਨੂੰ ਵਧਾ ਕੇ ਤਿੰਨ ਹਫ਼ਤਿਆਂ ਦਾ ਕੀਤਾ ਜਾਵੇ।
ਸਰਦਾਰ ਮਜੀਠੀਆ ਅਤੇ ਸਰਦਾਰ ਢੀਂਡਸਾ ਨੇ ਕਿਹਾ ਕਿ ਸੁਬਾਈ ਕੈਬਨਿਟ ਵੱਲੋਂ ਦੋ ਦਿਨਾਂ ਦੇ ਇਜਲਾਸ ਦਾ ਐਲਾਨ ਕਰਨਾ ਆਮ ਆਦਮੀ ਦੀਆਂ ਖਾਹਿਸ਼ਾਂ ਨੂੰ ਕੁਚਲਣਾ ਹੈ, ਜੋ ਚਾਹੁੰਦਾ ਹੈ ਕਿ ਸਾਰੇ ਜਨਤਕ ਮੁੱਦਿਆਂ ਉੱਤੇ ਸਦਨ ਵਿਚ ਚਰਚਾ ਕੀਤੀ ਜਾਵੇ। ਉਹਨਾਂ ਕਿਹਾ ਕਿ ਇੰਝ ਜਾਪਦਾ ਹੈ ਕਿ ਸਰਕਾਰ ਡਰ ਗਈ ਹੈ ਕਿ ਇਸ ਦਾ ਪਰਦਾਫਾਸ਼ ਹੋ ਜਾਵੇਗਾ ਅਤੇ ਇਸ ਨੂੰ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਮੁਕਰ ਕੇ ਉਹਨਾਂ ਨਾਲ ਵਿਸ਼ਵਾਸ਼ਘਾਤ ਕਰਨ ਲਈ ਜ਼ਿੰਮੇਵਾਰ ਠਹਿਰਾਇਆ ਜਾਵੇਗਾ। ਉਹਨਾਂ ਕਿਹਾ ਕਿ ਲੋਕ ਜਾਣਨਾ ਚਾਹੁੰਦੇ ਹਨ ਕਿ ਮੁਕੰਮਲ ਕਰਜ਼ਾ ਮੁਆਫੀ ਦੀ ਸਕੀਮ ਕਦੋਂ ਲਾਗੂ ਕੀਤੀ ਜਾਵੇਗੀ। ਉਹ ਇਹ ਵੀ ਜਾਣਨਾ ਚਾਹੁੰਦੇ ਹਨ ਕਿ ਨੌਜਵਾਨਾਂ ਨਾਲ ਘਰ ਘਰ ਨੌਕਰੀ ਸਕੀਮ ਅਤੇ 2500 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦੇ ਕੀਤੇ ਵਾਅਦਿਆਂ ਦਾ ਕੀ ਬਣਿਆ? ਜਿਸ ਕਰਕੇ ਪੜ੍ਹੇ ਲਿਖੇ ਨੌਜਵਾਨਾਂ ਨੇ ਖੁਦਕੁਸ਼ੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਹਾਲ ਹੀ ਵਿਚ ਇੱਕ ਪੜ੍ਹੇ ਲਿਖੇ ਯੂਜੀਸੀ ਨੈਟ ਸਕਾਲਰ ਵੱਲੋਂ ਕੀਤੀ ਖੁਦਕੁਸ਼ੀ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਇਹ ਟਿੱਪਣੀ ਕਰਦਿਆਂ ਕਿ ਕਿਸਾਨ ਖੁਦਕੁਸ਼ੀਆਂ ਦਾ ਅੰਕੜਾ 1200 ਤੋਂ ਵੀ ਉੱਪਰ ਚਲਾ ਗਿਆ ਹੈ, ਅਕਾਲੀ ਆਗੂਆਂ ਨੇ ਕਿਹਾ ਕਿ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਵਾਅਦੇ ਅਨੁਸਾਰ ਨਾ ਤਾ 10 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਸਰਕਾਰੀ ਨੌਕਰੀ। ਉਹਨਾਂ ਕਿਹਾ ਕਿ ਨੌਜਵਾਨਾਂ ਅਤੇ ਖੇਤ ਮਜ਼ਦੂਰਾਂ ਵੱਲੋਂ ਖੁਦਕੁਸ਼ੀਆਂ ਦੇ ਨਵੇਂ ਰੁਝਾਣ ਨੂੰ ਰੋਕਣ ਲਈ ਹੰਗਾਮੀ ਕਦਮ ਚੁੱਕੇ ਜਾਣ ਦੀ ਲੋੜ ਹੈ।
ਸਰਦਾਰ ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਪਿਛਲੇ ਦੋ ਸਾਲ ਤੋਂ ਵੱਧ ਦੇ ਕਾਰਜਕਾਲ ਦੌਰਾਨ ਬਿਜਲੀ ਦਰਾਂ ਵਿਚ 25 ਫੀਸਦੀ ਵਾਧਾ ਕਰਕੇ ਆਮ ਆਦਮੀ ਉਤੇ ਅਸਹਿ ਬੋਝ ਪਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਬਿਜਲੀ ਦੇ ਵਾਰ ਵਾਰ ਕੱਟ ਲੱਗਦੇ ਹਨ, ਜਿਸ ਕਰਕੇ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਉਹਨਾਂ ਕਿਹਾ ਕਿ ਪਾਰਟੀ ਘੱਗਰ ਨਦੀ ਵਿਚ ਪਾੜ ਪੈਣ ਤੋਂ ਰੋਕਣ ਲਈ ਕੀਤੇ ਗਏ ਅਗਾਂਊ ਪ੍ਰਬੰਧਾਂ ਬਾਰੇ ਵੀ ਚਰਚਾ ਕਰਨੀ ਚਾਹੁੰਦੀ ਹੈ, ਜਿਸ ਸਦਕਾ ਭਾਰੀ ਮਾਤਰਾ ਵਿਚ ਫਸਲਾਂ ਦਾ ਅਤੇ ਸੰਪਤੀ ਦਾ ਨੁਕਸਾਨ ਹੋਇਆ ਹੈ।
ਸਰਦਾਰ ਢੀਂਡਸਾ ਨੇ ਕਿਹਾ ਕਿ ਪਾਰਟੀ ਗਰੀਬ ਤਬਕਿਆਂ ਨਾਲ ਕੀਤੇ ਜਾ ਰਹੇ ਵਿਤਕਰੇ ਦਾ ਮੁੱਦਾ ਵੀ ਉਠਾਉਣਾ ਚਾਹੁੰਦੀ ਹੈ, ਜਿਹਨਾਂ ਨੂੰ ਆਟਾ ਦਾਲ ਸਕੀਮ ਤੋਂ ਵਾਂਝੇ ਕਰਨ ਲਈ ਉਹਨਾਂ ਦੇ ਨੀਲੇ ਕਾਰਡਾਂ ਉੱਤੇ ਲੀਕ ਮਾਰੀ ਜਾ ਰਹੀ ਹੈ। ਇਹ ਸਭ ਕਾਂਗਰਸੀ ਆਗੂਆਂ ਦੇ ਕਹਿਣ ਤੇ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਕਾਂਗਰਸੀ ਆਗੂ ਮਨਰੇਗਾ ਸਕੀਮ ਦੀ ਦੁਰਵਰਤੋਂ ਕਰ ਰਹੇ ਹਨ ਅਤੇ ਇਸ ਸੰਬੰਧੀ ਇੱਕ ਵੱਡਾ ਘੁਟਾਲਾ ਫਰੀਦਕੋਟ ਜ਼ਿਲ੍ਹੇ ਅੰਦਰ ਪਹਿਲਾਂ ਹੀ ਸਾਹਮਣੇ ਆ ਚੁੱਕਿਆ ਹੈ। ਉਹਨਾਂ ਕਿਹਾ ਕਿ ਪਾਰਟੀ ਸਰਕਾਰੀ ਮੁਲਾਜ਼ਮਾਂ ਦੇ ਬਕਾਇਆਂ ਦਾ ਮੁੱਦਾ, ਉਦਯੋਗਾਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦਾ ਮੁੱਦਾ, ਠੇਕੇ ਉਤੇ ਰੱਖੇ 27 ਹਜ਼ਾਰ ਕਾਮਿਆਂ ਨੂੰ ਪੱਕੇ ਕਰਨ ਦਾ ਮਾਮਲਾ ਉਠਾਉਣਾ ਚਾਹੁੰਦੀ ਹੈ, ਜਿਹਨਾਂ ਨੂੰ ਅਜੇ ਤੱਕ ਪੱਕੇ ਨਹੀਂ ਕੀਤਾ ਗਿਆ ਹੈ ਜਦਕਿ ਪਿਛਲੀ ਅਕਾਲੀ -ਭਾਜਪਾ ਸਰਕਾਰ ਨੇ ਇਸ ਬਾਰੇ ਇੱਕ ਬਿਲ ਵੀ ਪਾਸ ਕਰ ਦਿੱਤਾ ਸੀ।
ਅਕਾਲੀ ਆਗੂਆਂ ਨੇ ਕਿਹਾ ਕਿ ਇਹਨਾਂ ਸਾਰੇ ਮਸਲਿਆਂ ਉੁੱਤੇ ਚਰਚਾ ਕਰਨ ਲਈ ਸਮਾਂ ਚਾਹੀਦਾ ਹੈ।ਉਹਨਾਂ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਵਿਧਾਨ ਸਭਾ ਦਾ ਇਜਲਾਸ ਵਧਾ ਕੇ ਤਿੰਨ ਹਫਤਿਆਂ ਦਾ ਕਰਦੀ ਹੈ ਤਾਂ ਇਹ ਗੱਲ ਪੰਜਾਬ ਅਤੇ ਪੰਜਾਬੀਆਂ ਦੇ ਹਿੱਤ ਵਿਚ ਹੋਵੇਗੀ।