ਚੰਡੀਗੜ•/13 ਦਸੰਬਰ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਹੈ ਕਿ ਕਮਲ ਨਾਥ ਦਾ ਨਾਂ ਮੁੱਖ ਮੰਤਰੀ ਵਜੋਂ ਪੇਸ਼ ਕਰਕੇ ਕਾਂਗਰਸ ਪਾਰਟੀ ਸਿੱਖਾਂ ਦੇ ਕਤਲਆਮ ਕਰਵਾਉਣ ਵਾਲਿਆਂ ਨੂੰ ਪੁਰਸਕਾਰ ਦੇ ਰਹੀ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਬੁਲਾਰੇ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਸਾਫ ਹੈ ਕਿ ਕਾਂਗਰਸ ਪਾਰਟੀ ਅਜੇ ਉਹਨਾਂ ਵੀ ਕਾਂਗਰਸੀ ਆਗੂਆਂ ਨੂੰ ਇਨਾਮ ਦਿੰਦੀ ਹੈ, ਜਿਹੜੇ 1984 ਵਿਚ ਸਿੱਖਾਂ ਦੇ ਕੀਤੇ ਗਏ ਕਤਲੇਆਮ ਵਿਚ ਸਿੱਧੇ ਰੂਪ ਵਿਚ ਸ਼ਾਮਿਲ ਸਨ। ਨਿਰਦੋਸ਼ ਸਿੱਖਾਂ ਦਾ ਕਾਂਗਰਸੀ ਆਗੂਆਂ ਦੁਆਰਾ ਬੇਰਹਿਮੀ ਨਾਲ ਕੀਤਾ ਕਤਲਆਮ ਮਨੁੱਖਤਾ ਨੂੰ ਸ਼ਰਮਸ਼ਾਰ ਕਰਦਾ ਹੈ। ਅਕਾਲੀ ਆਗੂ ਨੇ ਕਿਹਾ ਕਿ ਇਹ ਗੱਲ ਕੌਣ ਨਹੀਂ ਜਾਣਦਾ ਕਿ ਕਮਲ ਨਾਥ ਨੇ ਰਕਾਬ ਗੰਜ ਗੁਰਦੁਆਰੇ ਵਿਚ ਸਿੱਖਾਂ ਉਤੇ ਹਮਲਾ ਕਰਨ ਵਾਲੀ ਇੱਕ ਭੀੜ ਦੀ ਅਗਵਾਈ ਕੀਤੀ ਸੀ, ਜਿਸ ਦੌਰਾਨ ਉਸ ਦੇ ਸਾਹਮਣੇ ਨੌਜਵਾਨ ਸਿੱਖਾਂ ਨੂੰ ਜੀਉਂਦੇ ਜਲਾਇਆ ਗਿਆ ਸੀ।
ਸੰਜੇ ਸੂਰੀ ਦੀ ਕਿਤਾਬ ਵਿਚੋਂ ਹਵਾਲਾ ਦਿੰਦਿਆਂ ਅਕਾਲੀ ਆਗੂ ਨੇ ਕਿਹਾ ਕਿ ਇਹ ਕਮਲ ਨਾਥ ਹੀ ਸੀ, ਜਿਸ ਨੇ ਰਕਾਬਗੰਜ ਗੁਰਦੁਆਰੇ ਨੇੜੇ ਭੀੜ ਦੀ ਅਗਵਾਈ ਕੀਤੀ ਸੀ ਅਤੇ ਅੱਜ ਉਸ ਨੂੰ ਗਾਂਧੀ ਪਰਿਵਾਰ ਵੱਲੋਂ ਮੁੱਖ ਮੰਤਰੀ ਬਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਨ ਵਾਲੇ ਜਗਦੀਸ਼ ਟਾਈਟਲਰ ਵਰਗੇ ਕਾਂਗਰਸੀ ਆਗੂਆਂ ਨੂੰ ਵੀ ਕਾਂਗਰਸ ਪਾਰਟੀ ਵੱਲੋਂ ਵਜ਼ਾਰਤਾਂ ਅਤੇ ਅਹੁਦਿਆਂ ਦੇ ਇਨਾਮ ਦਿੱਤੇ ਗਏ ਹਨ। ਉਹਨਾਂ ਕਿਹਾ ਕਿ 1984 ਦਾ ਕਤਲੇਆਮ 1947 ਤੋਂ ਬਾਅਦ ਸਾਡੇ ਦੇਸ਼ ਵਿਚ ਇੱਕ ਫਿਰਕੇ ਖਿਲਾਫ ਕੀਤੀ ਸਭ ਤੋਂ ਘਿਣਾਉਣੀ ਹਿੰਸਾ ਸੀ। ਉਹਨਾਂ ਕਿਹਾ ਕਿ ਇਤਿਹਾਸ ਮਨੁੱਖਤਾ ਨੂੰ ਜੀਉਂਦੇ ਜਲਾਉਣ ਅਤੇ ਪੀੜਤਾਂ ਨੂੰ ਇਨਸਾਫ ਨਾ ਦੇਣ ਲਈ ਗਾਂਧੀ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਏਗਾ।
ਅਕਾਲੀ ਆਗੂ ਨੇ ਕਿਹਾ ਕਿ ਦੇਸ਼ ਅੰਦਰ ਅਜਿਹਾ ਕਤਲੇਆਮ ਰਾਜੀਵ ਗਾਂਧੀ ਦੀ ਕਰੂਰ ਮਾਨਸਿਕਤਾ ਕਰਕੇ ਵਾਪਰਿਆ, ਕਿਉਂਕਿ ਉਸ ਨੇ ਇੱਕ ਖਾਸ ਫਿਰਕੇ ਖਿਲਾਫ ਅਜਿਹਾ ਅਪਰਾਧ ਕੀਤੇ ਜਾਣ ਨੂੰ ਹੱਲਾਸ਼ੇਰੀ ਦਿੱਤੀ ਸੀ। ਉਹਨਾਂ ਕਿਹਾ ਕਿ ਸਿੱਖਾਂ ਦਾ ਕਸੂਰ ਸਿਰਫ ਉਹਨਾਂ ਦਾ ਧਰਮ ਸੀ। ਅਕਾਲੀ ਆਗੂ ਨੇ ਕਿਹਾ ਕਿ ਰਾਹੁਲ ਗਾਂਧੀ ਅਜੇ ਵੀ ਸਿੱਖ ਧਰਮ ਖ਼ਿਲਾਫ ਨਫਰਤ ਦੀ ਸਿਆਸਤ ਕਰ ਰਿਹਾ ਹੈ ਅਤੇ ਉਹ ਕਮਲ ਨਾਥ ਵਰਗਿਆਂ ਨੂੰ ਮੁੱਖ ਮੰਤਰੀ ਬਣਾ ਕੇ ਮਨੁੱਖਤਾ ਦੀ ਆਵਾਜ਼ ਕੁਚਲ ਰਿਹਾ ਹੈ।
ਸਰਦਾਰ ਗਰੇਵਾਲ ਨੇ ਕਿਹਾ ਕਿ ਮਸ਼ਹੂਰ ਲੇਖਕ ਸੰਜੇ ਸੂਰੀ ਨੇ ਆਪਣੀ ਕਿਤਾਬ ਵਿਚ ਵਿਸਥਾਰ ਵਿਚ ਦੱਸਿਆ ਹੈ ਕਿ ਕਮਲ ਨਾਥ ਭੀੜ ਦੀ ਅਗਵਾਈ ਕਰ ਰਿਹਾ ਸੀ ਅਤੇ ਕਿਸ ਤਰ•ਾਂ ਉਹ ਆਪਣੀ ਚਿੱਟੀ ਅੰਬੈਸਡਰ ਕਾਰ ਦੇ ਕੋਲ ਖੜਿ•ਆ ਦੋ ਸਿੱਖ ਨੌਜਵਾਨਾਂ ਨੂੰ ਜੀਉਦੇ ਜਲਾਏ ਜਾਣਾ ਵੇਖ ਰਿਹਾ ਸੀ। ਉਹਨਾਂ ਕਿਹਾ ਕਿ ਅੱਜ ਤਿੰਨ ਦਹਾਕਿਆਂ ਮਗਰੋਂ ਰਾਜੀਵ ਗਾਂਧੀ ਦਾ ਸਪੁੱਤਰ ਵੀ ਸਿੱਖ ਧਰਮ ਪ੍ਰਤੀ ਉਹੀ ਮਾਨਸਿਕਤਾ ਰੱਖਦਾ ਹੈ। ਰਾਜੀਵ ਗਾਂਧੀ ਨੇ ਇਹ ਕਹਿੰਦਿਆਂ ਸਿੱਖਾਂ ਦੇ ਕਤਲੇਆਮ ਨੂੰ ਸਹੀ ਠਹਿਰਾਇਆ ਸੀ ਕਿ ਜਦੋਂ ਕੋਈ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਕੰਬਦੀ ਹੀ ਹੈ। ਸਰਦਾਰ ਗਰੇਵਾਲ ਨੇ ਕਿਹਾ ਕਿ ਅਕਾਲੀ ਦਲ ਕਾਂਗਰਸ ਪਾਰਟੀ ਦੀ ਇਸ ਸਿੱਖ ਵਿਰੋਧੀ ਮਾਨਸਿਕਤਾ ਖ਼ਿਲਾਫ ਆਵਾਜ਼ ਉਠਾਏਗਾ।