ਹਰਿੰਦਰਪਾਲ ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਹਾਈ ਕਮਾਂਡ ਨੇ ਤਿੰਨ ਸਾਲ ਮਗਰੋਂ ਮੈਨੀਫੈਸਟੋ ਤਾਮੀਲ ਕਮੇਟੀ ਦਾ ਐਲਾਨ ਕੀਤਾ
ਕੁਮਾਰੀ ਸ਼ੈਲਜਾ ਨੂੰ ਕਮੇਟੀ ਵਿਚ ਲੈਣ ਤੇ ਰੋਸ ਜਤਾਇਆ
ਚੰਡੀਗੜ੍ਹ/25 ਫਰਵਰੀ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਚੋਣ ਮੈਨੀਫੈਸਟੋ ਤਾਮੀਲ ਕਮੇਟੀ ਬਣਾਉਣ ਦਾ ਐਲਾਨ ਕਰਕੇ ਕਾਂਗਰਸ ਪਾਰਟੀ ਨੇ ਸਵੀਕਾਰ ਕਰ ਲਿਆ ਹੈ ਕਿ ਇਸ ਨੇ ਆਪਣਾ ਚੋਣ ਮੈਨੀਫੈਸਟੋ ਲਾਗੂ ਕਰਨਾ ਅਜੇ ਸ਼ੁਰੂ ਵੀ ਨਹੀਂ ਕੀਤਾ ਹੈ।
ਅੱਜ ਵਿਧਾਨ ਸਭਾ ਵਿਚ ਬੋਲਦਿਆਂ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਹਾਈ ਕਮਾਂਡ ਦੁਆਰਾ ਮੈਨੀਫੈਸਟੋ ਤਾਮੀਲ ਕਮੇਟੀ ਬਣਾਉਣਾ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਇਸ ਨੂੰ ਇਸ ਕਾਰਜ ਵਾਸਤੇ ਪੰਜਾਬ ਦੀ ਵਜ਼ਾਰਤ ਉੱਤੇ ਭਰੋਸਾ ਨਹੀਂ ਸੀ। ਉਹਨਾਂ ਕਿਹਾ ਕਿ ਪਰੰਤੂ ਹਰਿਆਣਾ ਪ੍ਰਦੇਸ਼ ਕਾਂਗਰਸ ਮੁਖੀ ਕੁਮਾਰੀ ਸ਼ੈਲਜਾ ਨੂੰ ਇਸ ਕਮੇਟੀ ਵਿਚ ਲੈਣਾ ਇਸ਼ਾਰਾ ਕਰਦਾ ਹੈ ਕਿ ਕਾਂਗਰਸ ਪੰਜਾਬ ਦੇ ਲੋਕਾਂ ਨਾਲ ਕੀਤੇ ਚੋਣ ਵਾਅਦੇ ਪੂਰੇ ਕਰਨ ਲਈ ਸੰਜੀਦਾ ਨਹੀਂ ਹੈ। ਉਹਨਾਂ ਕਿਹਾ ਕਿ ਜੇਕਰ ਕੁਮਾਰੀ ਸ਼ੈਲਜਾ ਵੀ ਉਸੇ ਕਮੇਟੀ ਵਿਚ ਸ਼ਾਮਿਲ ਹੈ ਤਾਂ ਪੰਜਾਬ ਦੀ ਕਾਂਗਰਸ ਸਰਕਾਰ ਦਰਿਆਈ ਪਾਣੀਆਂ ਦੀ ਰਾਖੀ ਕਿਵੇਂ ਕਰੇਗੀ, ਜੋ ਕਿ ਇਸ ਮੁੱਖ ਚੋਣ ਵਾਅਦਿਆਂ ਵਿਚ ਸ਼ਾਮਿਲ ਸੀ।
ਸਰਦਾਰ ਚੰਦੂਮਾਜਰਾ ਨੇ ਕਿਸਾਨਾਂ ਨਾਲ ਧੋਖਾ ਕਰਨ ਵਾਲੀ ਕਾਂਗਰਸ ਸਰਕਾਰ ਦੀ ਪੋਲ੍ਹ ਖੋਲ੍ਹੀ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਕਿਸਾਨ ਖੁਦਕੁਸ਼ੀਆਂ ਉੱਤੇ ਬਹਿਸ ਕਰਨਾ ਵੀ ਮੁਨਾਸਿਬ ਨਹੀਂ ਸਮਝਿਆ। ਉਹਨਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਅੱਧ-ਪਚੱਧੀ ਰਾਹਤ ਦੇਣ ਦੇ ਦਾਅਵੇ ਕਰ ਰਹੀ ਹੈ ਜਦਕਿ ਇਸ ਨੇ ਕਿਸਾਨਾਂ ਉੱਤੇ 10 ਹਜ਼ਾਰ ਕਰੋੜ ਰੁਪਏ ਦੇ ਜੁਰਮਾਨੇ ਲਾਏ ਹਨ। ਉਹਨਾਂ ਕਿਹਾ ਕਿ ਕਾਂਗਰਸ ਦੇ ਮਾੜੇ ਪ੍ਰਬੰਧਨ ਕਰਕੇ ਪੀਏਡੀਬੀ ਬੈਕਾਂ ਨੂੰ ਐਨਏਬੀਏਆਰਡੀ ਨੇ ਡੀ ਕੈਟਾਗਰੀ ਵਿਚ ਪਾ ਦਿੱਤਾ ਹੈ ਅਤੇ ਇਹਨਾਂ ਬੈਂਕਾਂ ਨੂੰ ਹੁਣ ਦੁਬਾਰਾ ਕਰਜ਼ੇ ਨਹੀਂ ਦਿੱਤੇ ਜਾ ਰਹੇ ਹਨ।
ਅਕਾਲੀ ਵਿਧਾਇਕ ਨੇ ਇਹ ਵੀ ਮੰਗ ਕੀਤੀ ਕਿ ਧਰਤੀ ਹੇਠਲਾ ਪਾਣੀ ਥੱਲੇ ਜਾਣ ਕਰਕੇ ਪੈਦਾ ਹੋਏ ਪਾਣੀ ਦੇ ਸੰਕਟ ਉੱਤੇ ਚਰਚਾ ਕਰਨ ਲਈ ਇੱਕ ਵਿਸ਼ੇਸ਼ ਇਜਲਾਸ ਸੱਦਿਆ ਜਾਵੇ। ਉਹਨਾਂ ਕਿਹਾ ਕਿ ਨਹਿਰੀ ਪਾਣੀ ਦੀ ਸਪਲਾਈ ਵਧਾਉਣ ਦੀ ਲੋੜ ਹੈ ,ਪਰ ਸਰਕਾਰ ਨੇ ਇਸ ਵਾਸਤੇ ਸਿੰਚਾਈ ਵਿਭਾਗ ਲਈ ਸਿਰਫ 100 ਕਰੋੜ ਰੁਪਏ ਦਾ ਮਾਮੂਲੀ ਬਜਟ ਰੱਖਿਆ ਹੈ। ਉਹਨਾਂ ਨੇ ਮਿਲਾਵਟੀ ਦੁੱਧ ਦੀ ਸਪਲਾਈ ਰੋਕਣ ਦੀ ਲੋੜ ਉੱਤੇ ਬੋਲਦਿਆਂ ਕਿਹਾ ਕਿ ਪੰਜਾਬ ਵਿਚ ਦੁੱਧ ਦੀ ਖਪਤ ਪੈਦਾਵਰ ਨਾਲੋਂ ਜ਼ਿਆਦਾ ਹੈ। ਸਰਦਾਰ ਚੰਦੂਮਾਜਰਾ ਨੇ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇੱਕ ਜਰੂਰੀ ਮੀਟਿੰਗ ਵਿਚ ਭਾਗ ਨਾ ਲੈਣ ਕਰਕੇ ਪੰਜਾਬੀ ਅਟਲ ਭੋਜਨ ਯੋਜਨਾ ਵਾਸਤੇ ਫੰਡ ਹਾਸਿਲ ਕਰਨ ਤੋਂ ਵਾਂਝੇ ਰਹਿ ਗਏ।