ਚੰਡੀਗੜ•/30 ਨਵੰਬਰ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਹੈ ਕਿ ਹਾਈਕੋਰਟ ਦੁਆਰਾ 1984 ਸਿੱਖ ਕਤਲੇਆਮ ਬਾਰੇ ਆਪਣੇ ਤਾਜ਼ਾ ਫੈਸਲੇ ਵਿਚ ਅਮਨ-ਕਾਨੂੰਨ ਦੀ ਖਸਤਾ ਹਾਲਤ ਬਾਰੇ ਕੀਤੀ ਟਿੱਪਣੀ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਕਾਂਗਰਸ ਪਾਰਟੀ ਨੇ ਤ੍ਰਿਲੋਕਪੁਰੀ ਵਿਚ ਨਸਲਕੁਸ਼ੀ ਕਰਨ ਵਾਲੇ ਦੋਸ਼ੀਆਂ ਦੀ ਪੁਸ਼ਤਪਨਾਹੀ ਕੀਤੀ ਸੀ, ਕਿਉਂਕਿ ਨਾ ਤਾਂ ਉਹਨਾਂ ਖ਼ਿਲਾਫ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ ਅਤੇ ਨਾ ਹੀ ਸਰਕਾਰ ਨੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਇਹਨਾਂ ਕੇਸਾਂ ਦੀ ਪੈਰਵੀ ਕੀਤੀ ਸੀ।
ਇਸ ਬਾਰੇ ਟਿੱਪਣੀ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਤ੍ਰਿਲੋਕਪੁਰੀ ਵਿਚ ਦੰਗਾਕਾਰੀ ਭੀੜ ਨੇ 95 ਭਾਰਤੀ ਨਾਗਰਿਕਾਂ ਨੂੰ ਜਿਉਂਦੇ ਜਲਾ ਦਿੱਤਾ ਸੀ। ਦੇਸ਼ ਦੀ ਅਜ਼ਾਦੀ ਤੋਂ ਬਾਅਦ ਮਨੁੱਖਤਾ ਖਿਲਾਫ ਹੋਇਆ ਇਹ ਸਭ ਤੋਂ ਘਿਣਾਉਣਾ ਜੁਰਮ ਸੀ। ਉਹਨਾਂ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਸਮੇਂ ਦੀ ਸਰਕਾਰ ਨੇ ਦੋਸ਼ੀਆਂ ਨੂੰ ਬਚਾਉਣ ਲਈ ਪੂਰਾ ਤਾਣ ਲਾ ਦਿੱਤਾ, ਜਿਸ ਕਰਕੇ ਉਹਨਾਂ ਕਾਤਿਲਾਂ ਵਿਰੁੱਧ ਸਿਰਫ ਦੰਗਾ, ਘਰਾਂ ਦੀ ਸਾੜ-ਫੂਕ, ਲੁੱਟਮਾਰ ਕਰਨ ਦੇ ਕੇਸ ਹੀ ਦਰਜ ਕੀਤੇ ਗਏ। ਉਹਨਾਂ ਕਿਹਾ ਕਿ ਹਾਈਕੋਰਟ ਨੇ ਆਪਣੇ ਫੈਸਲੇ ਵਿਚ ਕਿਹਾ ਹੈ ਕਿ ਦੋਸ਼ੀਆਂ ਦੀ ਸਜ਼ਾ ਨਹੀਂ ਵਧਾਈ ਜਾ ਸਕਦੀ, ਕਿਉਂਕਿ ਸਰਕਾਰ ਨੇ ਆਪਣੀ ਅਪੀਲ ਵਿਚ ਇਸ ਵਾਸਤੇ ਜ਼ੋਰ ਨਹੀਂ ਸੀ ਪਾਇਆ। ਉਹਨਾਂ ਕਿਹਾ ਕਿ ਉਸ ਸਮੇਂ ਕਾਂਗਰਸ ਦੇ ਸਮਰਥਨ ਵਾਲੀ ਸਰਕਾਰ ਸੀ ਅਤੇ ਕਾਂਗਰਸ ਮੁਲਕ ਅੰਦਰ ਨਸਲਕੁਸ਼ੀ ਕਰਵਾਉਣ ਵਾਲੀ ਪਾਰਟੀ ਹੈ, ਜਿਸ ਨੇ ਧਰਮ ਦੇ ਨਾਂ ਉੱਤੇ ਨਿਰਦੋਸ਼ਾਂ ਦਾ ਕਤਲੇਆਮ ਕਰਵਾਇਆ ਸੀ।
ਅਕਾਲੀ ਆਗੂ ਨੇ ਦੇਸ਼ ਦੇ ਨਿਆਂ ਪ੍ਰਬੰਧ ਨੂੰ ਅਪੀਲ ਕੀਤੀ ਕਿ ਮਨੁੱਖਤਾ ਦਾ ਘਾਣ ਕਰਨ ਵਾਲੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਾ ਰਸਤਾ ਲੱਭਿਆ ਜਾਵੇ। ਉਹਨਾਂ ਕਿਹਾ ਕਿ ਬਦਕਿਸਮਤੀ ਨਾਲ ਕਾਂਗਰਸ ਪਾਰਟੀ ਅਤੇ ਇਸ ਦੇ ਸਮਰਥਨ ਨਾਲ ਬਣੀ ਸਰਕਾਰ ਨੇ ਸਾਡੇ ਦੇਸ਼ ਦੇ ਲੋਕਤੰਤਰੀ ਪ੍ਰਬੰਧ ਦਾ ਕਤਲ ਕੀਤਾ ਸੀ। ਅਸੀਂ ਅਪੀਲ ਅਤੇ ਉਮੀਦ ਕਰਦੇ ਹਾਂ ਕਿ ਇਹ ਬਦਲੇ ਹੋਏ ਸਮਿਆਂ ਵਿਚ ਨਿਆਂ ਪ੍ਰਬੰਧ ਅਤੇ ਸਰਕਾਰ ਇਸ ਗੰਭੀਰ ਮੁੱਦੇ ਨੂੰ ਧਿਆਨ ਵਿਚ ਰੱਖਦਿਆਂ ਇੱਕ ਅਜਿਹਾ ਕਾਨੂੰਨ ਬਣਾਉਣਗੇ, ਜਿਸ ਤਹਿਤ ਮਨੁੱਖਤਾ ਖ਼ਿਲਾਫ ਘਿਣਾਉਣੇ ਜੁਰਮ ਕਰਨ ਵਾਲੇ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ, ਭਾਵੇਂਕਿ ਉਹ ਸਿਆਸੀ ਤੌਰ ਤੇ ਕਿੰਨੇ ਵੀ ਰਸੂਖਵਾਨ ਕਿਉਂ ਨਾ ਹੋਣ। ਅਜਿਹੇ ਦੋਸ਼ੀਆਂ ਖ਼ਿਲਾਫ ਕਤਲ ਦੇ ਮੁਕੱਦਮੇ ਦਰਜ ਕਰਕੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇਗੀ।
ਸਰਦਾਰ ਗਰੇਵਾਲ ਨੇ ਕਿਹਾ ਕਿ ਉਸ ਸਮੇਂ ਦੀ ਸਰਕਾਰ ਸੰਵਿਧਾਨਕ ਵਾਅਦੇ ਅਨੁਸਾਰ ਜੀਉਣ ਦੇ ਮੁੱਢਲੇ ਮਨੁੱਖੀ ਅਧਿਕਾਰ ਦੀ ਰਾਖੀ ਕਰਨ ਵਿਚ ਨਾਕਾਮ ਹੋ ਗਈ ਸੀ। ਉਸ ਨੇ ਸਿੱਖਾਂ ਉੱਤੇ ਅੱਤਿਆਚਾਰ ਕੀਤੇ ਅਤੇ ਹਜ਼ਾਰਾਂ ਸਿੱਖਾਂ ਨੂੰ ਆਪਣੀ ਧਾਰਮਿਕ ਪਹਿਚਾਣ ਕਰਕੇ ਜਾਨਾਂ ਦੇਣੀਆਂ ਪਈਆਂ। ਉਹਨਾਂ ਕਿਹਾ ਕਿ ਦਿੱਲੀ ਹਾਈ ਕੋਰਟ ਨੇ ਆਪਣਾ ਤਾਜ਼ਾ ਫੈਸਲੇ ਵਿਚ ਕਿਹਾ ਹੈ ਕਿ ਉਸ ਸਮੇਂ ਪ੍ਰਸਾਸ਼ਨ ਨਾਂ ਦੀ ਕੋਈ ਚੀਜ਼ ਨਹੀਂ ਸੀ। ਉਹਨਾਂ ਕਿਹਾ ਕਿ ਸਾਰੇ ਦੇਸ਼ ਜਾਣਦਾ ਹੈ ਕਿ ਕਾਂਗਰਸ ਪਾਰਟੀ ਨੇ ਇਸ ਨਸਲਕੁਸ਼ੀ ਵਾਸਤੇ ਮਾਹੌਲ ਤਿਆਰ ਕੀਤਾ ਸੀ ਅਤੇ 34 ਸਾਲ ਮਗਰੋਂ ਵੀ ਇਸ ਨੂੰ ਮਨੁੱਖਤਾ ਖਿਲਾਫ ਕੀਤੇ ਅਜਿਹੇ ਅਪਰਾਧ ਦੀ ਸਜ਼ਾ ਨਹੀਂ ਮਿਲੀ ਹੈ।