ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਨੂੰ ਘੇਰਿਆ, ਕਿਹਾ ਨਵਾਂ ਨਰੋਆ ਪੰਜਾਬ ਪੰਜਾਬੀਆਂ ਨੁੰ ਮੂਰਖ ਬਣਾਉਣ ਦਾ ਇਕ ਹੋਰ ਯਤਨ
ਕਿਹਾ ਕਿ ਕਾਂਗਰਸ ਸਰਕਾਰ ਨੇ ਸਮਾਜ ਦੇ ਹਰ ਵਰਗ ਨਾਲ ਧੋਖਾ ਕੀਤਾ ਭਾਵੇਂ ਉਹ ਕਿਸਾਨ ਹੋਣ, ਨੌਜਵਾਨ, ਐਸ ਸੀ ਜਾਂ ਇੰਡਸਟਰੀ
ਕਿਹਾ ਕਿ ਕਾਂਗਰਸ ਰਾਜ ਦੌਰਾਨ ਕਿਸਾਨ ਆਤਮ ਹੱਤਿਆਵਾਂ ਸਿਖ਼ਰਾਂ ’ਤੇ ਪੁੱਜੀਆਂ, ਦੇਸ਼ ਵਿਚ ਸਭ ਤੋਂ ਵਧ ਬੇਰੋਜ਼ਗਾਰੀ
ਅੰਮ੍ਰਿਤਸਰ, 16 ਮਾਰਚ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਦੇ ਚਾਰ ਸਾਲ ਝੂਠੇ ਵਾਅਦਿਆਂ, ਕੁਸ਼ਾਸਨ ਤੇ ਲੋਕਾਂ ਦੇ ਅਪਮਾਨ ਦੇ ਚਾਰ ਸਾਲ ਹਨ ਅਤੇ ਹੁਣ ‘ਨਵਾਂ ਨਰੋਆ ਪੰਜਾਬ’ ਇਸ਼ਤਿਹਾਰਾਂ ਨਾਲ ਇਕ ਵਾਰ ਫਿਰ ਤੋਂ ਪੰਜਾਬੀਆਂ ਨੁੰ ਮੂਰਖ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਜਦਕਿ ਸੱਚਾਈ ਇਹ ਹੈ ਕਿ ਕਾਂਗਰਸ ਰਾਜ ਵਿਚ ਸੂਬਾ ਤਬਾਹ ਹੋ ਗਿਆ ਤੇ ਇਹ ਕਈ ਦਹਾਕੇ ਪਛੜ ਗਿਆ ਹੈ।
ਇਥੇ ਇਸ ਮਾਮਲੇ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਸਮਾਜ ਦੇ ਹਰ ਵਰਗ ਨੂੰ ਧੋਖਾ ਦਿੱਤਾ ਹੈ ਭਾਵੇਂ ਉਹ ਕਿਸਾਨ, ਅਨੁਸੂਚਿਤ ਜਾਤੀਆਂ, ਨੌਜਵਾਨ, ਮੁਲਾਜ਼ਮ ਜਾਂ ਵਪਾਰ ਤੇ ਉਦਯੋਗ ਹੋਵੇ। ਉਹਨਾਂ ਕਿਹਾ ਕਿ ਸਮਾਜ ਦੇ ਇਹਨਾਂ ਵਰਗਾਂ ਨਾਲ ਕੀਤੇ ਗਏ ਵਾਅਦਿਆਂ ਵਿਚੋਂ ਇਕ ਵੀ ਪੂਰਾ ਨਹੀਂ ਕੀਤਾ ਗਿਆ। ਇਸਦੇ ਬਾਵਜੂਦ ਸਰਕਾਰ ਦਾਅਵਾ ਕਰ ਰਹੀ ਹੈ ਕਿ ਇਸਨੇ ਆਪਣੇ ਚੋਣ ਮਨੋਰਥ ਪੱਤਰ ਦੇ 84.6 ਫੀਸਦੀ ਵਾਧੇ ਪੂਰੇ ਕਰ ਦਿੱਤੇ ਹਨ। ਇਸ ਤੋਂ ਵੱਡਾ ਝੂਠ ਕੋਈ ਨਹੀਂ ਹੋ ਸਕਦਾ। ਉਹਨਾਂ ਨੇ ਸਰਕਾਰ ਨੂੰ ਚੁਣੌਤੀ ਦਿੱਤੀ ਕਿ ਜੇਕਰ ਉਸਨੇ ਆਪਣੇ ਸਾਰੇ ਵਾਅਦੇ ਪੂਰੇ ਕਰ ਲਏ ਹਨ ਤਾਂ ਚੋਣਾਂ ਕਰਵਾ ਕੇ ਵੇਖ ਲਵੇ।
ਸ੍ਰੀ ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਹਾਲਾਤਾਂ ਦਾ ਪਤਾ ਇਥੋਂ ਹੀ ਚਲ ਜਾਂਦਾ ਹੈ ਕਿ ਇਸਦੇ ਰਾਜਕਾਲ ਦੌਰਾਨ ਕਿਸਾਨਾਂ ਵੱਲੋਂ ਆਤਮ ਹੱਤਿਆਵਾਂ ਸਿਖ਼ਰਾਂ ’ਤੇ ਪੁੱਜ ਗਈਆਂ ਤੇ 1500 ਕਿਸਾਨਾਂ ਨੇ ਖੁਦਕੁਸ਼ੀ ਕਰ ਲਈ ਜਦਕਿ ਪੰਜਾਬ ਵਿਚ ਬੇਰੋਜ਼ਗਾਰੀ ਦੀ ਦਰ ਦੇਸ਼ ਵਿਚ ਸਭ ਤੋਂ ਜ਼ਿਆਦਾ ਹੈ। ਉਹਨਾਂ ਕਿਹਾ ਕਿ ਹਰ ਪਾਸੇ ਨਿਰਾਸ਼ਾ ਤੇ ਮਾਯੂਸੀ ਦਾ ਆਲਮ ਹੈ ਤੇ ਕਾਂਗਰਸ ਸਰਕਾਰ ਨਵੇਂ ਨਾਅਰਿਆਂ ਨਾਲ ਇਕ ਵਾਰ ਫਿਰ ਤੋਂ ਲੋਕਾਂ ਨੂੰ ਠੱਗਣਾ ਤੇ ਧੋਖਾ ਦੇਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ‘ਖੁਸ਼ਹਾਲ ਕਿਸਾਨ, ਪ੍ਰਗਤੀਸ਼ੀਲ ਨੌਜਵਾਨ’ ਵਰਗੇ ਪੁਰਾਣੇ ਨਾਅਰਿਆਂ ਨੁੰ ਹੁਣ ‘ਖੁਸ਼ਹਾਲ ਕਿਸਾਨ, ਕਾਮਯਾਬ ਪੰਜਾਬ’ ਦਾ ਨਾਂ ਦੇ ਦਿੱਤਾ ਗਿਆ ਹੈ। ਅੱਜ ਦੇ ਕਰੋੜਾਂ ਰੁਪਏ ਖਰਚ ਕੇ ਕੇ ਜਾਰੀ ਕੀਤੇ ਇਸ਼ਤਿਹਾਰਾਂ ਵਿਚ ‘ਜਰ ਜਮੀਨ ਤੇ ਕਿਸਾਨੀ ਦੀ ਰਾਖੀ’ ਸਮੇਤ ਜਾਰੀ ਨਾਅਰਿਆਂ ਨੂੰ ਰੱਦ ਕਰਦਿਆਂ ਸ੍ਰੀ ਮਜੀਠੀਆ ਨੇ ਕਿਹਾ ਕਿ ਅਜਿਹੇ ਨਾਅਰੇ ਉਦੋਂ ਦਿੱਤੇ ਜਾ ਰਹੇ ਹਨ ਜਦੋਂ ਹਾਲ ਹੀ ਵਿਚ ਦਸੂਹਾ ਦੇ ਇਕ ਪਿਓ ਪੁੱਤਰ ਜਿਹਨਾਂ ਕੋਲ ਇਕ ਏਕੜ ਜ਼ਮੀਨ ਸੀ, ਨੇ ਸਰਕਾਰ ਵੱਲੋਂ ਉਹਨਾਂ ਦਾ ਸਹਿਕਾਰੀ ਸਭਾ ਦਾ ਕਰਜ਼ਾ ਮੁਆਫ ਨਾ ਕਰ ਸਕਣ ਕਾਰਨ ਖੁਦਕੁਸ਼ੀ ਕਰ ਲਈ ਹੈ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਪਿਛਲੇ ਚਾਰ ਸਾਲਾਂ ਦੌੌਰਾਨ ਕਿਸਾਨਾਂ ਸਿਰ ਹੋਰ 12 ਤੋਂ 15 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਵੱਧ ਗਿਆ ਹੈ ਕਿਉਂਕਿ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਟਕਾ ਸਾਹਿਬ ਅਤੇ ਦਸਮ ਪਿਤਾ ਦੇ ਨਾਂ ’ਤੇ ਚੁੱਕੀ ਸਹੁੰ ’ਤੇ ਵਿਸ਼ਵਾਸ ਕਰ ਲਿਆ ਕਿ ਸਰਕਾਰ 90 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਮੁਆਫ ਕਰੇਗੀ ਅਤੇ ਉਹਨਾਂ ਨੇ ਆਪਣੇ ਕਰਜ਼ਿਆਂ ਦੀਆਂ ਕਿਸ਼ਤਾਂ ਨਹੀਂ ਭਰੀਆਂ। ਉਹਨਾਂ ਕਿਹਾ ਕਿ ਅੱਜ ਵੀ ਇਕ 38 ਸਾਲਾਂ ਦੇ ਕਿਸਾਨ ਨੇ ਮਾਯੁਸੀ ਵਿਚ ਖੁਦਕੁਸ਼ੀ ਕਰ ਲਈ। ਉਹਨਾਂ ਕਿਹਾ ਕਿ ਸਰਕਾਰ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਵਾਅਦੇ ਅਨੁਸਾਰ 10 ਲੱਖ ਰੁਪਏ ਮੁਆਵਜ਼ਾ ਤੇ ਸਰਕਾਰੀ ਨੌਕਰੀ ਦੇਣ ਵਿਚ ਨਾਕਾਮ ਰਹੀ ਹੈ। ਉਹਨਾਂ ਨੇ ਤਸਵੀਰਾਂ ਖਿਚਵਾਉਣ ਲਈ ਲਗਾਏ ਕਰਜ਼ਾ ਮੇਲਿਆਂ ’ਤੇ 9 ਕਰੋੜ ਰੁਪਏ ਖਰਚ ਕੀਤੇ ਜਾਣ ਦੀ ਸੀ ਬੀ ਆਈ ਜਾਂਚ ਦੀ ਮੰਗ ਕੀਤੀ ਤੇ ਕਿਹਾ ਕਿ ਕਾਂਗਰਸੀਆਂ ਨੇ ਕਿਸਾਨਾਂ ਦੇ ਸਿਰ ’ਤੇ ਮੁਨਾਫੇ ਕਮਾਏ ਹਨ।
ਕਾਂਗਰਸ ਸਰਕਾਰ ਵੱਲੋਂ ਇਸ਼ਤਿਹਾਰਾਂ ਵਿਚ ਸ਼ਾਂਤੀ ਲਿਆਉਣ ਦੇ ਦਾਅਵਿਆਂ ਦੀ ਨਿਖੇਧੀ ਕਰਦਿਆਂ ਸ੍ਰੀ ਮਜੀਠੀਆ ਨੇ ਕਿਹਾ ਕਿ ਕੱਲ੍ਹ ਹੀ ਅੰਮ੍ਰਿਤਸਰ ਵਿਚ ਸਿਵਲ ਹਸਪਤਾਲ ਵਿਚ ਹਥਿਆਰਬੰਦ ਰਿਗੋਹਾਂ ਦੀ ਝੜਪ ਵਿਚ ਡਾਕਟਰ ਨੂੰ ਗੋਲੀ ਮਾਰ ਦਿੱਤੀ ਗਈ। ਉਹਨਾਂ ਕਿਹਾ ਕਿ ਲੁੱਟਾਂ ਖੋਹਾਂ, ਅਗਵਾਕਾਰੀਆ, ਫਿਰੌਤੀਆਂ ਤੇ ਹੱਤਿਆਵਾਂ ਲਗਾਤਾਰ ਵੱਧ ਰਹੀਆਂ ਹਨ। ਉਹਨਾਂ ਕਿਹਾ ਕਿ ਅੰਡਰ ਵਰਲਡ ਦੇ ਡਾਨ ਮੁਖਤਾਰ ਅੰਸਾਰੀ ਨੂੰ ਜੇਲ੍ਹ ਵਿਚ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਸਰਕਾਰ ਦਾਅਵਾ ਕਰ ਰਹੀ ਹੈ ਕਿ ਉਸ ਕੋਲ ਪੈਸਾ ਨਹੀਂ ਹੈ ਤੇ ਸੂਬੇ ਦੀਆਂ ਜੇਲ੍ਹਾਂ ਵਿਚ ਅੰਸਾਰੀ ਨੂੰ ਰੱਖਣ ਲਈ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਗੈਂਗਸਟਰ ਜੇਲ੍ਹਾਂ ਵਿਚੋਂ ਹੀ ਫਿਰੌਤੀਆਂ ਦੇ ਧੰਦੇ ਚਲਾ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਗੈਂਗਿਸਤਾਨ ਬਣ ਗਿਆ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਦਾਅਵਿਆਂ ਤੋਂ ਉਲਟ ਔਰਤਾਂ ਵੀ ਸੁਰੱਖਿਅਤ ਨਹੀਂ ਹਨ। ਉਹਨਾਂ ਕਿਹਾਕਿ ਆਂਗਣਵਾੜੀ ਯੂਨੀਅਨ ਦੀ ਪ੍ਰਧਾਨ ਹਰਗੋਬਿੰਦ ਕੌਰ ਨਾਲ ਹਾਲ ਹੀ ਵਿਚ ਗੁੰਡਿਆਂ ਵੱਲੋਂ ਉਦੋਂ ਛੇੜਖਾਨੀ ਕੀਤੀ ਗਈ ਜਦੋਂ ਉਹ ਬਠਿੰਡਾ ਵਿਚ ਵਿੱਤ ਮੰਤਰੀ ਦੇ ਘਰ ਮੂਹਰੇ ਰੋਸ ਪ੍ਰਦਰਸ਼ਨ ਕਰ ਰਹੀ ਸੀ।
ਸ੍ਰੀ ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਨੌਜਵਾਨਾਂ ਨਾਲ ਵੀ ਧੋਖਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਕਿ 2500 ਰੁਪਏ ਮਹੀਨਾ ਬੇਰੋਜ਼ਗਾਰੀ ਭੱਤਾ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਹਰ ਘਰ ਨੌਕਰੀ ਤੇ ਹਰਾ ਟਰੈਕਟਰ ਤੇ ਯਾਰੀ ਐਂਟਰਪ੍ਰਾਇਜਿਜ਼ ਵਰਗੀਆਂ ਸਕੀਮਾਂ ਨਾਲ ਸੌਖਾ ਕਰਜ਼ਾ ਦੇਣ ਦਾ ਵਾਅਦਾ ਕੀਤਾ ਗਿਆ ਸੀ ਜੋ ਸਿਰਫ ਕਾਗਜ਼ਾਂ ਤੱਕ ਸੀਮਤ ਰਹਿ ਗਿਆ। ਉਹਨਾਂ ਕਿਹਾ ਕਿ ਇਸੇ ਤਰੀਕੇ ਅਨੁਸੂਚਿਤ ਜਾਤਆਂ ਦੀ ਭਲਾਈ ਦੇ ਦਾਅਵੇ ਕੀਤੇ ਗਏਜਦਕਿ ਲਗਾਤਾਰ ਚਾਰ ਬਜਟਾਂ ਵਿਚ ਐਸ ਸੀ ਵਿਦਿਆਰਥੀਆਂ ਲਈ 600 ਕਰੋੜ ਰੁਪਏ ਰੱਖਣ ਦਾ ਐਲਾਨ ਤਾਂ ਕੀਤਾ ਗਿਆ ਪਰ ਪੈਸਾ ਜਾਰੀ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਸਮਾਜ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਜਦਕਿ ਐਡੀਸ਼ਨਲ ਚੀਫ ਸੈਕਟਰੀ ਪੱਧਰ ਦੇ ਅਫਸਰ ਨੇ ਉਹਨਾਂ ਨੂੰ 65 ਕਰੋੜ ਰੁਪਏ ਦੇ ਘੁਟਾਲੇ ਵਿਚ ਸ਼ਾਮਲ ਹੋਣ ਦਾ ਦੋਸ਼ੀ ਠਹਿਰਾਇਆ ਸੀ ਤੇ ਇਸ ਭ੍ਰਿਸ਼ਟ ਸਰਕਾਰ ਦੇ ਮੱਥੇ ’ਤੇ ਕਲੰਕ ਲਾਇਆ ਸੀ। ਉਹਨਾਂ ਨੇ ਸਰਕਾਰ ਵੱਲੋਂ ਗਰੀਬਾਂ ਪ੍ਰਤੀ ਵੀ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਬੇਘਰਾਂ ਲਈ ਘਰਾਂ ਵਾਸਤੇ ਪਿਛਲੇ ਚਾਰ 500 ਕਰੋੜ ਰੁਪਏ ਰੱਖਣ ਦਾ ਐਲਾਨ ਕੀਤਾ ਗਿਆ ਸੀ ਜਦਕਿ ਜਾਰੀ ਇਕ ਵੀ ਰੁਪਿਆ ਨਹੀਂ ਕੀਤਾ ਗਿਆ ਤੇ ਗਰੀਬਾਂ ਨੂੰ ਉਹਨਾਂ ਦੀ ਕਿਸਮਤ ’ਤੇ ਛੱਡ ਦਿੱਤਾ ਗਿਆ।
ਸ੍ਰੀ ਮਜੀਠੀਆ ਨੇ ਕਿਹਾ ਕਿ ਇਸੇ ਤਰੀਕੇ ਸਰਕਾਰੀ ਮੁਲਾਜ਼ਮਾਂ ਨਾਲ ਵੀ ਧੋਖਾ ਕੀਤਾ ਗਿਆ। ਉਹਨਾਂ ਕਿਹਾ ਕਿ ਠੇਕੇ ’ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ। ਨੌਕਰੀਆਂ ਦੇਣ ਦੀ ਥਾਂ ’ਤੇ ਸਰਕਾਰ ਨੇ ਵਿਭਾਗਾਂ ਦੇ ਪੁਨਰਗਠਨ ਦੇ ਨਾਂ ’ਤੇ ਹਜ਼ਾਰਾਂ ਆਸਾਮੀਆਂ ਹੀ ਖਤਮ ਕਰ ਦਿੱਤੀਆਂ। ਉਹਨਾਂ ਕਿਹਾ ਕਿ ਮਹਿੰਗਾਈ ਭੱਤੇ ਦੇ ਹਜ਼ਾਰਾਂ ਕਰੋੜਾਂ ਰੁਪਏ ਪੈਂਡਿੰਗ ਪਏ ਹਨ। ਪੇਅ ਕਮਿਸ਼ਨ ਜਾਣ ਬੁੱਝ ਕੇ ਲਟਕਾਇਆ ਜਾ ਰਿਹਾ ਹੈ ਅਤੇ ਸਰਕਾਰ ਹੁਣ ਪੰਜਾਬ ਦੇ ਪੇਅ ਸਕੇਲ ਦੇਣ ਦੀ ਥਾਂ ਕੇਂਦਰ ਸਰਕਾਰ ਦੇ ਪੇਅ ਸਕੇਲ ਦਿੱਤੇ ਜਾ ਰਹੇ ਹਨ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਸਿਹਤ ਤੇ ਸਿੱਖਿਆ ’ਤੇ ਖਰਚ ਅੱਧਾ ਕਰ ਦਿੱਤਾ ਗਿਆ ਤੇ ਕੂੰਜੀਗਤ ਖਰਚ ਵੀ ਨਿਗੂਣਾ ਕਰ ਦਿੱਤਾ ਗਿਆ।
ਅਕਾਲੀ ਆਗੂ ਨੇ ਕਾਂਗਰਸ ਸਰਕਾਰ ’ਤੇ ਕੇਂਦਰ ਨਾਲ ਫਿਕਸ ਮੈਚ ਖੇਡਣ ਦੇ ਦੋਸ਼ ਵੀ ਲਗਾਏ ਤੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਹਾਲ ਹੀ ਵਿਚ ਪੈਟਰੋਲ ਤੇ ਡੀਜ਼ਲ ਦੀਆਂ ਵੱਧ ਕੀਮਤਾਂ ਦੇ ਮਾਮਲੇ ਵਿਚ ਨਕਲੀ ਰੋਸ ਪ੍ਰਦਰਸ਼ਨ ਕਰ ਕੇ ‘ਤਮਾਸ਼ਾ’ ਕੀਤਾ ਹੈ ਜਦਕਿ ਪੰਜਾਬ ਸਰਕਾਰ ਨੇ ਉਸੇ ਦਿਨ ਸੂਬੇ ਦੇ ਰਾਜਪਾਲ ਦਾ ਲਾਲ ਗਲੀਚੇ ਵਿਛਾ ਕੇ ਸਵਾਗਤ ਕੀਤਾ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ’ਤੇ ਵੈਟ ਜੋ ਕਿ ਦੇਸ਼ ਵਿਚ ਸਭ ਤੋਂ ਵੱਧ ਹੈ, ਨੁੰ ਘਟਾਉਣ ਤੋਂ ਨਾਂਹ ਕਰ ਦਿੱਤੀ ਹੈ ਤੇ ਇਸੇ ਤਰੀਕੇ ਬਿਜਲੀ ਦਰਾਂ ਘਟਾਉਣ ਤੋਂ ਵੀ ਇਨਕਾਰ ਕਰ ਦਿੱਤਾ ਹੈ ਜਦਕਿ ਮਹਿੰਗੀਆਂ ਬਿਜਲੀ ਦਰਾਂ ਕਾਰਨ ਆਦਮੀ ਤੇ ਵਪਾਰ ਤੇ ਉਦਯੋਗ ਖੇਤਰ ਇੰਨੀਆਂ ਮਹਿੰਗੀਆਂ ਦਰਾਂ ਕਾਰਨ ਪਿਸੇ ਜਾ ਰਹੇ ਹਨ।