ਕਿਹਾ ਕਿ ਇਸ ਸਕੀਮ ਵਿਚੋਂ ਭ੍ਰਿਸ਼ਟਾਚਾਰ ਦੀ ਬੋਅ ਆਉਂਦੀ ਹੈ ਅਤੇ ਇਸ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ
ਕਿਹਾ ਕਿ ਅਕਾਲੀ ਕਾਂਗਰਸ ਦੀ ਇਸ ਸਕੀਮ ਦਾ ਡਟ ਕੇ ਵਿਰੋਧ ਕਰੇਗਾ
ਚੰਡੀਗੜ੍ਹ/21 ਜਨਵਰੀ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਪੇਂਡੂ ਸਿਹਤ ਸੇਵਾਵਾਂ ਦਾ ਨਿੱਜੀਕਰਨ ਕਰਕੇ ਪੇਂਡੂ ਕਰਜ਼ਿਆਂ ਵਿਚ ਵਾਧਾ ਕਰੇਗੀ ਅਤੇ ਹੋਰ ਵਧੇਰੇ ਕਿਸਾਨਾਂ ਨੂੰ ਖੁਦਕੁਸ਼ੀ ਵੱਲ ਧੱਕੇਗੀ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ 426 ਮੁੱਢਲੇ ਸਿਹਤ ਕੇਂਦਰਾਂ ਸਮੇਤ 90 ਕਮਿਊਨਟ ਸੈਂਟਰਾਂ ਅਤੇ 14 ਸ਼ਹਿਰੀ ਕਮਿਊਨਿਟੀ ਸਿਹਤ ਕੇਂਦਰਾਂ ਨੂੰ ਨਿੱਜੀ ਹੱਥਾਂ ਵਿਚ ਦੇ ਕੇ ਪੇਂਡੂ ਸਿਹਤ ਸੇਵਾਵਾਂ ਵਿੱਚੋਂ ਆਪਣਾ ਹੱਥ ਖਿੱਚਣ ਦਾ ਫੈਸਲਾ ਪੇਂਡੂ ਅਤੇ ਸ਼ਹਿਰੀ ਇਲਾਕਿਆਂ ਦੇ ਗਰੀਬਾਂ ਲਈ ਬਹੁਤ ਹੀ ਘਾਤਕ ਸਾਬਿਤ ਹੋਵੇਗਾ। ਉਹਨਾਂ ਕਿਹਾ ਕਿ ਇਹ ਕਦਮ ਪੇਂਡੂ ਆਰਥਿਕਤਾ ਨੂੰ ਤਬਾਹ ਕਰ ਦੇਵੇਗਾ, ਕਿਉਂਕਿ ਸਰਵੇਖਣ ਪਹਿਲਾਂ ਹੀ ਖੁਲਾਸਾ ਕਰ ਚੁੱਕੇ ਹਨ ਕਿ ਕਿਸਾਨਾਂ ਨੂੰ ਨਿੱਜੀ ਸਿਹਤ ਕੇਂਦਰਾਂ ਵਿਚ ਬੀਮਾਰੀ ਦੇ ਇਲਾਜ ਲਈ ਕਰਜ਼ੇ ਚੁੱਕਣੇ ਪੈਣੇ ਹਨ। ਹੁਣ ਸਮੁੱਚਾ ਪੇਂਡੂ ਸਿਹਤ ਸੰਭਾਲ ਢਾਂਚਾ ਨਿੱਜੀ ਹੱਥਾਂ ਵਿਚ ਚਲੇ ਜਾਣ ਨਾਲ ਕਿਸਾਨਾਂ ਉਪੱਰ ਵਿੱਤੀ ਬੋਝ ਵਧ ਜਾਵੇਗਾ।
ਕਾਂਗਰਸ ਸਰਕਾਰ ਦੇ ਇਸ ਅਣਮਨੁੱਖੀ ਫੈਸਲੇ ਦੀ ਨਿਖੇਧੀ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਕਾਂਗਰਸ ਦੇ ਇਹਨਾਂ ਨਾਪਾਕ ਇਰਾਦਿਆਂ ਨੂੰ ਕਾਮਯਾਬ ਨਹੀਂ ਹੋਣ ਦੇਵੇਗਾ ਅਤੇ ਇਸ ਫੈਸਲੇ ਦਾ ਡਟ ਕੇ ਵਿਰੋਧ ਕਰੇਗਾ। ਉਹਨਾਂ ਕਿਹਾ ਕਿ ਇਸ ਫੈਸਲੇ ਵਿਚੋਂ ਭ੍ਰਿਸ਼ਟਾਚਾਰ ਦੀ ਬੋਅ ਆਉਂਦੀ ਹੈ ਅਤੇ ਇੰਝ ਜਾਪਦਾ ਹੈ ਕਿ ਬੁਰੇ ਮਨਸੂਬਿਆਂ ਤਹਿਤ ਕਾਰਪੋਰੇਟ ਧਿਰਾਂ ਨੂੰ ਸਰਕਾਰੀ ਇਮਾਰਤਾਂ, ਸਾਜੋ-ਸਮਾਨ ਅਤੇ ਫਰਨੀਚਰ ਸੌਂਪਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰ ਦੇ ਇਸ ਕਦਮ ਪਿੱਛੇ ਕੋਈ ਵਾਜਬ ਦਲੀਲ ਨਹੀਂ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਪੇਂਡੂ ਸਿਹਤ ਸੇਵਾਵਾਂ ਨਿੱਜੀ ਹੱਥਾਂ ਵਿਚ ਦਿੰਦੀ ਹੈ ਤਾਂ ਇਸ ਨੂੰ ਸਿਹਤ ਸੇਵਾਵਾਂ ਲਈ ਰੱਖੇ ਜਾਂਦੇ ਮੌਜੂਦਾ 3600 ਕਰੋੜ ਰੁਪਏ ਦੇ ਬਜਟ ਨਾਲੋਂ ਵੀ ਵੱਧ ਰਾਸ਼ੀ ਦਾ ਭੁਗਤਾਨ ਕਰਨਾ ਪਵੇਗਾ। ਇਸ ਤੋਂ ਇਲਾਵਾ ਸਰਕਾਰ ਨੂੰ ਪੇਂਡੂ ਅਤੇ ਸ਼ਹਿਰੀ ਇਲਾਕਿਆਂ ਵਿਚ ਬਹੁਤ ਸਾਰੀਆਂ ਸਿਹਤ ਸੇਵਾਵਾਂ ਫਿਰ ਵੀ ਜਾਰੀ ਰੱਖਣੀਆਂ ਪੈਣਗੀਆਂ, ਜਿਹਨਾਂ ਵਿਚ ਟੀਕਾਕਰਨ, ਪਰਿਵਾਰ ਨਿਯੋਜਨ, ਲੈਬਾਰਟਰੀਆਂ, ਅਦਾਲਤੀ ਕੰਮ ਕਾਜ ਅਤੇ ਜੇਲ੍ਹਾਂ ਵਿਚ ਡਾਕਟਰ ਤਾਇਨਾਤ ਕਰਨਾ ਸ਼ਾਮਿਲ ਹੈ।
ਇਸ ਸਮੁੱਚੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਇੰਝ ਜਾਪਦਾ ਹੈ ਕਿ ਕਾਂਗਰਸ ਸਰਕਾਰ ਸਿਹਤ ਸੇਵਾਵਾਂ ਸੌਂਪ ਕੇ ਕਾਰਪੋਰੇਟ ਅਦਾਰਿਆਂ ਨੂੰ ਲਾਭ ਪਹੁੰਚਾਉਣ ਉੱਤੇ ਤੁਲੀ ਹੋਈ ਹੈ। ਉਹਨਾਂ ਕਿਹਾ ਕਿ ਹੁਣ ਮੁੱਢਲੇ ਅਤੇ ਕਮਿਊਨਿਟੀ ਸਿਹਤ ਕੇਂਦਰ ਕਾਰਪੋਰੇਟਾਂ ਲਈ ਭਰਤੀ ਦੀਆਂ ਏਜੰਸੀਆਂ ਬਣ ਜਾਣਗੇ ਅਤੇ ਮਰੀਜ਼ਾਂ ਨੂੰ ਲੁੱਟਿਆ ਜਾਵੇਗਾ। ਇਸ ਨਾਲ ਪੇਂਡੂ ਅਰਥ ਵਿਵਸਥਾ ਤਬਾਹ ਹੋ ਜਾਵੇਗਾ, ਜਿਸ ਦਾ ਖਮਿਆਜ਼ਾ ਆਮ ਆਦਮੀ ਨੂੰ ਭੁਗਤਣਾ ਪਵੇਗਾ।
ਇਹ ਟਿੱਪਣੀ ਕਰਦਿਆਂ ਕਿ ਕਾਂਗਰਸ ਸਰਕਾਰ ਨੂੰ ਸਰਕਾਰੀ ਢਾਂਚੇ ਨੂੰ ਨਿੱਜੀ ਹੱਥਾਂ ਵਿਚ ਦੇਣ ਦਾ ਕੋਈ ਅਧਿਕਾਰ ਨਹੀਂ ਹੈ, ਸਰਦਾਰ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਸਰਕਾਰ ਦੇ ਇਸ ਲੋਕ ਵਿਰੋਧੀ ਕਦਮ ਨੂੰ ਅਮਲੀ ਜਾਮਾ ਪਹਿਣਾਏ ਜਾਣ ਤੋਂ ਰੋਕਣ ਲਈ ਇੱਕ ਅੰਦੋਲਨ ਸ਼ੁਰੂ ਕਰੇਗਾ।