ਕਿਹਾ ਕਿ ਦੋਵੇਂ ਪਾਰਟੀਆਂ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀਆਂ ਸਫਲ ਰੈਲੀਆਂ ਨੁੰ ਮਿਲ ਰਹੇ ਹੁੰਗਾਰੇ ਤੋਂ ਬੌਖਲਾ ਗਈਆਂ
ਕਿਹਾ ਕਿ ਹੁਣ ਕਾਂਗਰਸ ਸਰਕਾਰ ਐਸ ਐਸ ਪੀ ਵਿਜੀਲੈਂਸ ਅੰਮ੍ਰਿਤਸਰ ਨੁੰ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਇਕ ਹੋਰ ਝੁਠਾ ਕੇਸ ਦਰਜ ਕਰਨ ਵਾਸਤੇ ਦਬਾਅ ਪਾ ਰਹੀ ਹੈ
ਚੰਡੀਗੜ੍ਹ, 4 ਜਨਵਰੀ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਦੋਵੇਂ ਰਲ ਕੇ ਨਸ਼ਿਆਂ ਦੇ ਮਾਮਲੇ ’ਤੇ ਰਾਜਨੀਤੀ ਕਰ ਰਹੀਆਂ ਹਨ ਅਤੇ ਅਕਾਲੀ ਦਲ ਨੁੰ ਬਦਨਾਮ ਕਰਨ ਵਾਸਤੇ ਰਲ ਕੇ ਫਿਕਸ ਮੈਚ ਖੇਡ ਰਹੀਆਂ ਹਨ।
ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਸਰਦਾਰ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਕਾਂਗਰਸ ਤੇ ਆਪ ਦੋਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀਆਂ ਰੈਲੀਆਂ ਨੁੰ ਮਿਲ ਰਹੇ ਹੁੰਗਾਰੇ ਤੋਂ ਬੌਖਲਾ ਗਈਆਂ ਹਨ ਅਤੇ ਉਹ ਅਕਾਲੀ ਦਲ ’ਤੇ ਹਮਲਾ ਕਰਨ ਵਾਸਤੇ ਸੱਤ ਸਾਲ ਪੁਰਾਣੇ ਪ੍ਰੋਗਰਾਮ ’ਤੇ ਚਲ ਰਹੀਆਂ ਹਨ। ਉਹਨਾਂ ਕਿਹਾ ਕਿ ਇਸ ਰਾਹ ਪੈ ਕੇ ਉਹ ਫਿਰ ਤੋਂ ਪੰਜਾਬੀ ਨੌਜਵਾਨਾਂ ਦੇ ਨਾਲ ਨਾਲ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਬਦਨਾਮ ਕਰਨ ਦੇਰਾਹ ਪੈ ਗਈਆਂ ਹਨ।
ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਖਿਲਾਫ ਦਰਜ ਹੋਏ ਕੇਸ ਨੁੰ ਝੁਠਾ ਤੇ ਮਨਘੜਤ ਕਰਾਰ ਦਿੰਦਿਆਂ ਸਰਦਾਰ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਸੀਨੀਅਰ ਕਾਂਗਰਸੀ ਆਗੂ ਰਾਘਵ ਚੱਢਾ ਸਮੇਤ ਆਪ ਦੀ ਲੀਡਰਸ਼ਿਪ ਨਾਲ ਰੋਜ਼ਾਨਾ ਮੀਟਿੰਗਾਂ ਕਰ ਰਹੇ ਹਨ ਅਤੇ ਫਿਕਸ ਮੈਚ ਖੇਡ ਰਹੇ ਹਨ। ਉਹਨਾਂ ਕਿਹਾ ਕਿ ਸੂਬਾ ਪੁਲਿਸ ਮੁਖੀਆਂ ਸਮੇਤ ਅਨੇਕਾਂ ਅਫਸਰ ਬਦਲ ਕੇ ਸਰਦਾਰ ਮਜੀਠੀਆ ਦੇ ਖਿਲਾਫ ਝੁਠਾ ਕੇਸ ਦਰਜ ਕਰਨਾ ਇਸ ਰਣਨੀਤੀ ਦਾ ਹਿੱਸਾ ਹੈ। ਉਹਨਾਂ ਕਿਹਾ ਕਿ ਹੁਣ ਐਸ ਐਸ ਪੀ ਵਿਜੀਲੈਂਸ ਅੰਮ੍ਰਿਤਸਰ ਨੁੰ ਇਹ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ ਸਰਦਾਰ ਮਜੀਠੀਆ ਦੇ ਖਿਲਾਫ ਝੁਠਾ ਕੇਸ ਦਰਜ ਕਰਨ।
ਅਕਾਲੀ ਦਲ ਦੇ ਬੁਲਾਰੇ ਨੇ ਕਿਹਾ ਕਿ ਜਿਥੇ ਆਪ ਸਰਦਾਰ ਮਜੀਠੀਆ ਦੇ ਖਿਲਾਫ ਝੁਠਾ ਕੇਸ ਦਰਜ ਕਰਨ ਦਾ ਬਿਰਤਾਂਤ ਸਿਰਜਣ ਦਾ ਡਰਾਮਾ ਕਰ ਰਹੀ ਹੈ, ਉਥੇ ਹੀ ਕਾਂਗਰਸ ਪਾਰਟੀ ਉਹਨਾਂ ਨੁੰ ਭਗੌੜਾ ਕਰਾਰ ਦੇ ਰਹੀ ਹੈ। ਉਹਨਾ ਕਿਹਾ ਕਿ ਅਸੀਂ ਆਪ ਦੀਆਂ ਦਲੀਲਾਂ ਨਾਲ ਸਹਿਮਤ ਹਾਂ ਕਿ ਸਰਦਾਰ ਮਜੀਠੀਆ ਦੇ ਖਿਲਾਫ ਕੇਸ ਕਮਜ਼ੋਰ ਹੈ ਕਿਉਂਕਿ ਇਹ ਤੱਥਾਂ ’ਤੇ ਆਧਾਰਿਤ ਨਹੀਂ ਹੈ। ਉਹਨਾਂ ਕਿਹਾ ਕਿ ਇਹ ਕੇਸ ਸਿਰਫ ਨਿੱਜੀ ਤੇ ਸਿਆਸੀ ਰੰਜਿਸ਼ ਦੀ ਨੀਤੀ ’ਤੇ ਆਧਾਰਿਤ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਅਸੀਂ ਕਾਂਗਰਸ ਪਾਰਟੀ ਨੂੰ ਆਖ ਸਕਦੇ ਹਾਂ ਕਿ ਸਰਦਾਰ ਮਜੀਠੀਆ ਅਗਾਉਂ ਜ਼ਮਾਨਤ ਦੇ ਹੱਕ ਦਾ ਇਸਤੇਮਾਲ ਕਰ ਰਹੇ ਹਨ ਕਿਉਂਕਿ ਇਹ ਸੰਵਿਧਾਨਕ ਵਿਚ ਅੰਕਿਤ ਹੈ ਤੇ ਇਸਦੀ ਵਰਤੋਂ ਪਹਿਲਾਂ ਸ੍ਰੀਮਤੀ ਸੋਨੀਆ ਗਾਂਧੀ, ਸ੍ਰੀ ਰੋਬਰਟ ਵਡੇਰਾ, ਸ੍ਰੀ ਪੀ ਚਿਦੰਬਰਮ ਤੇ ਸ੍ਰੀ ਸ਼ਸ਼ੀ ਥਰੂਰ ਵੀ ਕਰ ਚੁੱਕੇ ਹਨ। ਉਹਨਾਂ ਕਿਹਾ ਕਿ ਦਿਮਾਗੀ ਸੰਤੁਲਨ ਗੁਆ ਚੁੱਕੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਵੀ ਇਸ ਸੰਵਿਧਾਨਕ ਵਿਵਸਥਾ ਦੀ ਵਰਤੋਂ ਪਟਿਆਲਾ ਵਿਚ ਸੜਕ ਹਾਦਸੇ ਨਾਲ ਸਬੰਧਤ ਕਤਲ ਕੇਸ ਵਿਚ ਕੀਤੀ ਸੀ।
ਸਰਦਾਰ ਰੋਮਾਣਾ ਨੇ ਜ਼ੋਰ ਦੇ ਕੇ ਕਿਹਾ ਕਿ ਲੋਕਾਂ ਲਈ ਦੋ ਵੱਖੋ ਵੱਖ ਕਾਨੁੰਨ ਨਹੀਂ ਹੋ ਸਕਦੇ। ਉਹਨਾ ਕਿਹਾ ਕਿ ਸਰਦਾਰ ਮਜੀਠੀਆ ਸਿਰਫ ਆਪਣੇ ਸੰਵਿਧਾਨਕ ਹੱਕ ਦੀ ਵਰਤੋਂ ਕਰ ਰਹੇ ਹਨ। ਉਹਨਾਂ ਕਿਹਾ ਕਿ ਜਿਥੋਂ ਤੱਕ ਆਪ ਦਾ ਸੰਬੰਧ ਹੈ, ਇਸਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਤਾਂ ਪਹਿਲਾਂ ਹੀ ਸਰਦਾਰ ਮਜੀਠੀਆ ਤੋਂ ਉਹਨਾਂ ਦੇ ਖਿਲਾਫ ਝੁਠੇ ਦੋਸ਼ ਲਾਉਣ ਦੀ ਮੁਆਫੀ ਮੰਗ ਲਈ ਸੀ। ਉਹਨਾਂ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਜਿਥੇ ਸ੍ਰੀ ਕੇਜਰੀਵਾਲ ਮੁਆਫੀ ਚੁੱਕੇ ਹਨ, ਉਹਨਾਂ ਦੇ ਪਾਰਟੀ ਵਿਚ ਜੂਨੀਅਰ ਸ੍ਰੀ ਚੱਢਾ ਤੇ ਸ੍ਰੀ ਭਗਵੰਤ ਮਾਨ ਸਰਦਾਰ ਮਜੀਠੀਆ ਦੇ ਖਿਲਾਫ ਉਹੀ ਦੋਸ਼ ਲਗਾ ਰਹੇ ਹਨ। ਉਹਨਾਂ ਕਿਹਾ ਕਿ ਆਪ ਦਾ ਹਿੱਸਾ ਹੁੰਦਿਆਂ ਉਹਨਾਂ ਨੁੰ ਇਹ ਦੋਸ਼ ਲਾਉਣ ਦਾ ਕੋਈ ਹੱਕ ਨਹੀਂ ਹੈ।
ਇਸ ਦੌਰਾਨ ਸਰਦਾਰ ਰੋਮਾਣਾ ਨੇ ਪੰਜਾਬ ਕਾਂਗਰਸ ਖਾਸ ਤੌਰ ’ਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਦਿੱਲੀ ਹਾਈ ਕਮਾਂਡ ਵੱਲੋਂ ਭੇਜੀ ਅਲਕਾ ਲਾਂਬੀ ਦੀ ਮਦਦ ਦੇ ਬਗੈਰ ਪ੍ਰੈਸ ਕਾਨਫਰੰਸ ਕਰਨ ਤੋਂ ਵੀ ਅਸਮਰਥ ਰਹਿਣ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਲਾਂਬਾ ਨੇ ਪ੍ਰੈਸ ਕਾਨਫਰੰਸ ਦੌਰਾਨ ਰੰਧਾਵਾ ਨਾਲ ਕਠਪੁਤਲੀ ਵਜੋਂ ਵਿਹਾਰ ਕੀਤਾ ਜਿਸ ਮਗਰੋਂ ਰੰਧਾਵਾ ਇੰਨੇ ਨਮੋਸ਼ ਹੋ ਗਏ ਕਿ ਉਹ ਮੀਡੀਆ ਵਾਲਿਆਂ ਦੇ ਹੀ ਗੱਲ੍ਹ ਪੈ ਗਏ।
ਅਕਾਲੀ ਦਲ ਦੇ ਬੁਲਾਰੇ ਨੇ ਕਿਹਾ ਕਿ ਪਾਰਟੀ ਇਸ ਬਦਲਾਖੋਰੀ ਦਾ ਮੁਕਾਬਲਾ ਹਰ ਮੁਕਾਮ ’ਤੇ ਕਰੇਗੀ। ਉਹਨਾ ਕਿਹਾ ਕਿ ਸਾਨੁੰ ਵਿਸ਼ਵਾਸ ਹੈ ਕਿ ਸੱਚਾਈ ਦੀ ਜਿੱਤ ਹੋਵੇਗੀ ਅਤੇ ਕਾਂਗਰਸ ਤੇਆਪ ਦੋਵਾਂ ਦੇ ਰਲ ਕੇ ਬਣਾਏ ਮਨਸੂਬੇ ਨਾਕਾਮ ਹੋਣਗੇ।