ਅਕਾਲੀ ਵਿਧਾਇਕ ਦਲ ਨੇ ਡੀਜੀਪੀ ਦੁਆਰਾ ਸਿੱਖਾਂ ਦੀ ਭਾਵਨਾਵਾਂ ਨੂੰ ਸੱਟ ਮਾਰਨ ਸੰਬੰਧੀ ਕਾਂਗਰਸ ਵੱਲੋਂ ਕੋਈ ਬਿਆਨ ਨਾ ਦੇਣ ਨੂੰ ਵਿਧਾਨ ਸਭਾ ਲਈ 'ਕਾਲਾ ਦਿਨ' ਕਰਾਰ ਦਿੱਤਾ
ਅੱਤਵਾਦੀਆਂ ਨੂੰ ਪਨਾਹ ਦੇਣ ਲਈ ਆਸ਼ੂ ਦੀ ਬਰਤਰਫ਼ੀ ਦੀ ਮੰਗ ਕੀਤੀ
ਚੰਡੀਗੜ੍ਹ/24 ਫਰਵਰੀ:ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਨੇ ਅੱਜ ਕਿਹਾ ਕਿ ਸੂਬੇ ਦੇ ਡੀਜੀਪੀ ਦੁਆਰਾ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਸੰਬੰਧੀ ਸੱਤਾਧਾਰੀ ਪਾਰਟੀ ਵੱਲੋਂ ਵਿਧਾਨ ਸਭਾ ਵਿਚ ਬਿਆਨ ਦੇਣ ਤੋਂ ਇਨਕਾਰ ਕਰਨ ਨਾਲ ਕਾਂਗਰਸ ਪਾਰਟੀ ਅਤੇ ਗਾਂਧੀ ਪਰਿਵਾਰ ਦਾ ਸਿੱਖ ਵਿਰੋਧੀ ਚਿਹਰਾ ਬੇਨਕਾਬ ਹੋ ਗਿਆ ਹੈ।
ਇਸ ਮੁੱਦੇ ਉੱਤੇ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਰੋਸ ਪ੍ਰਦਰਸ਼ਨ ਕਰਨ ਤੋਂ ਇਲਾਵਾ ਅੱਤਵਾਦੀਆਂ ਨੂੰ ਪਨਾਹ ਦੇਣ ਦੀ ਗੱਲ ਸਵੀਕਾਰ ਕਰਨ ਲਈ ਕੈਬਨਿਟ ਮੰਤਰੀ ਭਾਰਤ ਭੂਸ਼ਣ ਦੀ ਬਰਤਰਫ਼ੀ ਦੀ ਮੰਗ ਕਰਦਿਆਂ ਅਕਾਲੀ ਵਿਧਾਇਕ ਦਲ ਨੇ ਕਿਹਾ ਕਿ ਹੁਣ ਸਪੱਸ਼ਟ ਹੋ ਗਿਆ ਹੈ ਕਿ ਕਰਤਾਰਪੁਰ ਲਾਂਘੇ ਨੂੰ ਬੰਦ ਕਰਵਾਉਣ ਲਈ ਰਚੀ ਇਸ ਸਾਜਿਸ਼ ਪਿੱਛੇ ਗਾਂਧੀ ਪਰਿਵਾਰ ਦਾ ਹੱਥ ਹੈ। ਵਿਧਾਇਕ ਦਲ ਦੇ ਆਗੂ ਸ਼ਰਨਜੀਤ ਸਿੰਘ ਢਿੱਲੋਂ ਅਤੇ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਸਾਬਿਤ ਕਰ ਦਿੱਤਾ ਹੈ ਕਿ ਇਹ ਇੰਦਰਾ ਗਾਂਧੀ ਦੇ ਨਕਸ਼ੇ-ਕਦਮਾਂ ਉੱਤੇ ਚੱਲ ਰਹੀ ਹੈ ਅਤੇ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਸਿੱਖਾਂ ਪ੍ਰਤੀ ਨਫਰਤ ਦੀ ਭਾਵਨਾ ਰੱਖਦੇ ਹਨ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਪੰਡਤ ਜਵਾਹਰ ਲਾਲ ਨਹਿਰੂ ਨੇ ਕਰਤਾਰਪੁਰ ਸਾਹਿਬ ਨੂੰ ਭਾਰਤ ਦਾ ਹਿੱਸਾ ਬਣਾਉਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਬਾਅਦ ਵਿਚ ਉਸ ਦੀ ਧੀ ਇੰਦਰਾ ਗਾਂਧੀ ਨੇ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਸਤੇ ਲਾਂਘਾ ਬਣਾਉਣ ਲਈ ਸਿੱਖਾਂ ਵੱਲੋਂ ਵਾਰ ਵਾਰ ਕੀਤੀਆਂ ਬੇਨਤੀਆਂ ਨੂੰ ਅਣਸੁਣਿਆ ਕਰ ਦਿੱਤਾ ਸੀ।
ਅਕਾਲੀ ਆਗੂਆਂ ਨੇ ਕਿਹਾ ਕਿ ਵਿਧਾਨ ਸਭਾ ਦੇ ਇਤਿਹਾਸ ਵਿਚ ਇਹ ਇੱਕ ਕਾਲਾ ਦਿਨ ਸੀ, ਅਤੇ ਉਹ ਸਦਨ ਜਿਸ ਨੇ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਦਾ ਜਸ਼ਨ ਮਨਾਇਆ ਸੀ, ਇਸ ਭਖਦੇ ਮੁੱਦੇ ਉਤੇ ਬਿਆਨ ਜਾਰੀ ਕਰਨ ਤੋ ਇਨਕਾਰ ਕਰਕੇ ਹੁਣ ਕਾਂਗਰਸ ਪਾਰਟੀ ਨੂੰ ਇਸ ਲਾਂਘੇ ਨੂੰ ਬੰਦ ਕਰਵਾਉਣ ਦੀਆਂ ਘਟੀਆਂ ਕੋਸ਼ਿਸ਼ਾਂ ਕਰਨ ਵਾਲੀ ਪਾਰਟੀ ਬਣਦੇ ਹੋਏ ਵੇਖ ਰਿਹਾ ਸੀ।
ਸਰਦਾਰ ਢਿੱਲੋਂ ਅਤੇ ਸਰਦਾਰ ਮਜੀਠੀਆ ਨੇ ਕਿਹਾ ਕਿ ਕਿੰਨੀ ਨਿੰਦਣਯੋਗ ਗੱਲ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵਿਧਾਨ ਸਭਾ ਦੇ ਇਜਲਾਸ ਵਿਚ ਹੀ ਭਾਗ ਨਾ ਲੈ ਕੇ ਇੱਕ ਨਵਾਂ ਰਿਕਾਰਡ ਬਣਾ ਦਿੱਤਾ। ਉਹਨਾਂ ਕਿਹਾ ਕਿ ਅਸੀਂ ਤਾਂ ਸੰਸਦੀ ਮਾਮਲਿਆਂ ਦੇ ਮੰਤਰੀ ਬ੍ਰਹਮ ਮਹਿੰਦਰਾ ਨੂੰ ਵੀ ਸਿੱਖ ਵਿਚ ਫੈਲੇ ਰੋਸ ਅਤੇ ਗੁੱਸੇ ਨੂੰ ਸ਼ਾਂਤ ਕਰਨ ਲਈ ਇਸ ਮੁੱਦੇ ਉਤੇ ਬਿਆਨ ਦੇਣ ਲਈ ਆਖਿਆ ਸੀ, ਪਰ ਨਾ ਉਹ, ਨਾ ਹੀ ਕੋਈ ਕੈਬਨਿਟ ਮੰਤਰੀ ਜਾਂ ਕੋਈ ਕਾਂਗਰਸੀ ਵਿਧਾਇਕ ਇਸ ਮੁੱਦੇ ਉੱਤੇ ਕੋਈ ਵੀ ਨਹੀਂ ਬੋਲਿਆ। ਇਸ ਤੋਂ ਸਾਬਿਤ ਹੁੰਦਾ ਹੈ ਕਿ ਇੱਕ ਪਹਿਲਾਂ ਤੋਂ ਤੈਅ ਰਣਨੀਤੀ ਤਹਿਤ ਕਾਂਗਰਸ ਸਰਕਾਰ ਗਾਂਧੀ ਪਰਿਵਾਰ ਦੇ ਇਸ਼ਾਰਿਆਂ ਉੱਤੇ ਨੱਚ ਰਹੀ ਹੈ। ਇਹ ਗੱਲ ਪਹਿਲਾਂ ਹੀ ਸਾਬਿਤ ਹੋ ਚੁੱਕੀ ਹੈ ਕਿ ਪਿਛਲੀ ਯੂਪੀਏ ਸਰਕਾਰ ਨੇ ਖੁਫੀਆ ਵਿੰਗ ਨੂੰ ਹੁਕਮ ਦਿੱਤਾ ਸੀ ਕਿ ਕਰਤਾਰਪੁਰ ਲਾਂਘਾ ਖੁੱਲ੍ਹਣਾ ਨਹੀਂ ਚਾਹੀਦਾ ਅਤੇ ਹੁਣ ਇਹ ਇਸ ਨੂੰ ਬੰਦ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਟਿੱਪਣੀ ਕਰਦਿਆਂ ਕਿ ਗਾਂਧੀ ਪਰਿਵਾਰ ਕਰਤਾਰਪੁਰ ਲਾਂਘੇ ਦੇ ਖੋਲ੍ਹੇ ਜਾਣ ਨੂੰ ਅੱਤਵਾਦੀ ਸਿਖਲਾਈ ਕੈਂਪਾਂ ਨਾਲ ਜੋੜ ਕੇ ਮਨੁੱਖਤਾ ਖ਼ਿਲਾਫ ਅਪਰਾਧ ਕਰ ਰਿਹਾ ਹੈ, ਅਕਾਲੀ ਵਿਧਾਇਕ ਦਲ ਨੇ ਕਿਹਾ ਕਿ ਅਸੀਂ ਗਾਂਧੀ ਪਰਿਵਾਰ ਨੂੰ ਸਿੱਖਾਂ ਉਤੇ 'ਅੱਤਵਾਦੀ' ਲੇਬਲ ਲਾਉਣ ਦੀ ਆਗਿਆ ਨਹੀਂ ਦਿਆਂਗੇ, ਜਿਸ ਤਰ੍ਹਾਂ ਕਿ ਇਸ ਨੇ ਅਤੀਤ ਵਿਚ ਕੀਤਾ ਹੈ। ਅਸੀਂ ਇਸ ਘਿਨੌਣੀ ਸਾਜਿਸ਼ ਖ਼ਿਲਾਫ ਡਟ ਕੇ ਲੜਾਂਗੇ।
ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਬਾਰੇ ਸਾਹਮਣੇ ਆਏ ਤਾਜ਼ਾ ਖੁਲਾਸਿਆਂ ਬਾਰੇ ਬੋਲਦਿਆਂ ਵਿਧਾਇਕ ਦਲ ਨੇ ਮੰਤਰੀ ਨੂੰ ਤੁਰੰਤ ਬਰਖਾਸਤ ਕੀਤੇ ਜਾਣ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਮੰਤਰੀ ਨੇ ਲੁਧਿਆਣਾ ਵਿਚ ਹੋਏ ਇੱਕ ਬੰਬ ਧਮਾਕੇ, ਇੱਕ ਪੁਲਿਸ ਕਾਂਸਟੇਬਲ ਦੇ ਕਤਲ, ਤਿੰਨ ਔਰਤਾਂ ਦੇ ਕਤਲ ਵਿਚ ਆਪਣੀ ਸ਼ਮੂਲੀਅਤ ਅਤੇ ਅੱਤਵਾਦੀਆਂ ਨੂੰ ਪਨਾਹ ਦੇਣ ਬਾਰੇ
ਇਕਬਾਲੀਆ ਬਿਆਨ ਦਿੱਤਾ ਸੀ। ਸਰਦਾਰ ਢਿੱਲੋਂ ਅਤੇ ਸਰਦਾਰ ਮਜੀਠੀਆ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਜੁਆਬ ਦੇਣਾ ਚਾਹੀਦਾ ਹੈ ਕਿ ਇੱਕ ਅਜਿਹੇ ਵਿਅਕਤੀ ਨੂੰ ਕੈਬਨਿਟ ਮੰਤਰੀ ਕਿਉਂ ਬਣਾਇਆ ਹੋਇਆ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਲੋਕਾਂ ਵਿਚ ਜਾਵੇਗਾ ਅਤੇ ਇਸ ਮਾਮਲੇ ਵਿਚ ਆਸ਼ੂ ਦੀ ਬਰਖਾਸਤਗੀ ਤੋਂ ਇਲਾਵਾ ਉਸ ਖ਼ਿਲਾਫ ਢੁੱਕਵੀਂ ਕਾਰਵਾਈ ਕਰਨ ਲਈ ਕਾਂਗਰਸ ਸਰਕਾਰ ਨੂੰ ਮਜ਼ਬੂਰ ਕਰੇਗਾ।