ਅਕਾਲੀ ਦਲ ਵੱਲੋਂ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦਾ ਸਮਰਥਨ
ਪਾਰਟੀ ਵਿਧਾਇਕਾਂ ਨੇ ਵਿਦਿਆਰਥੀ ਵਜ਼ੀਫਿਆਂ ਦੇ ਰੂਪ ਵਿਚ ਮਿਲੀ ਕੇਂਦਰੀ ਗਰਾਂਟ ਦੀ ਦੁਰਵਰਤੋਂ ਕਰਨ ਲਈ ਧਰਮਸੋਤ ਦੀ ਨਿਖੇਧੀ ਕੀਤੀ
ਚੰਡੀਗੜ•/03 ਅਕਤੂਬਰ:ਸ਼੍ਰੋਮਣੀ ਅਕਾਲੀ ਦਲ ਅੱਜ ਉਹਨਾਂ ਵਿਦਿਆਰਥੀਆਂ ਦੇ ਸਮਰਥਨ ਵਿਚ ਉੱਤਰ ਆਇਆ ਹੈ, ਜਿਹਨਾਂ ਨੇ ਕੇਂਦਰ ਸਰਕਾਰ ਵੱਲੋਂ ਐਸਸੀ ਵਿਦਿਆਰਥੀਆਂ ਲਈ ਦਿੱਤੀ 327 ਕਰੋੜ ਰੁਪਏ ਦੀ ਪੋਸਟ-ਮੈਟ੍ਰਿਕ ਵਜ਼ੀਫਾ ਰਾਸ਼ੀ ਕਾਂਗਰਸ ਸਰਕਾਰ ਵੱਲੋਂ ਜਾਰੀ ਨਾ ਕਰਨ ਦੇ ਰੋਸ ਵਜੋਂ ਅਨੁਸੂਚਿਤ ਜਾਤੀ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਰਿਹਾਇਸ਼ ਦਾ ਘਿਰਾਓ ਕੀਤਾ ਸੀ।
ਦਲਿਤ ਭਾਈਚਾਰੇ ਦੀ ਪ੍ਰਤੀਨਿਧਤਾ ਕਰਨ ਵਾਲੇ ਅਕਾਲੀ ਦਲ ਦੇ ਤਿੰਨ ਵਿਧਾਇਕਾਂ ਪਵਨ ਟੀਨੂੰ, ਡਾਕਟਰ ਸੁਖਵਿੰਦਰ ਸੁੱਖੀ ਅਤੇ ਬਲਦਵੇ ਖੇੜਾ ਨੇ ਅੱਜ ਧਰਮਸੋਤ ਦੀ ਰਿਹਾਇਸ਼ ਅੱਗੇ ਧਰਨਾ ਦਿੱਤਾ ਅਤੇ ਮੰਤਰੀ ਨੁੰ ਪੁੱਛਿਆ ਕਿ ਉਹ ਜੁਆਬ ਦੇਣ ਕਿ ਤਿੰਨ ਮਹੀਨੇ ਪਹਿਲਾਂ ਕੇਂਦਰ ਸਰਕਾਰ ਵੱਲੋਂ ਦਲਿਤ ਵਜ਼ੀਫਿਆਂ ਵਜੋਂ ਜਾਰੀ ਕੀਤੀ 327 ਕਰੋੜ ਰੁਪਏ ਦੀ ਰਾਸ਼ੀ ਕਿੱਥੇ ਗਾਇਬ ਹੋ ਗਈ?
ਹੱਥਾਂ ਵਿਚ ਤਖ਼ਤੀਆਂ ਫੜ ਕੇ ਸੈਂਕੜੇ ਐਸਸੀ ਵਿਦਿਆਰਥੀਆਂ ਨੇ ਨਾ ਸਿਰਫ ਕੇਂਦਰੀ ਗਰਾਂਟ ਸਗੋਂ ਇਸ ਸਕੀਮ ਵਿਚ ਸੂਬੇ ਦੀ ਹਿੱਸੇਦਾਰੀ ਵਜੋਂ 68 ਕਰੋੜ ਰੁਪਏ ਤੁਰੰਤ ਜਾਰੀ ਕੀਤੇ ਜਾਣ ਦੀ ਮੰਗ ਲੈ ਕੇ ਪਹਿਲਾਂ ਕਾਂਗਰਸ ਮੰਤਰੀ ਦੀ ਰਿਹਾਇਸ਼ ਅਤੇ ਫਿਰ ਮਨਿਸਟਰੀਅਲ ਕੰਪਲੈਕਸ ਦੇ ਬਾਹਰ ਧਰਨਾ ਦਿੱਤਾ। ਵਿਦਿਆਰਥੀਆਂ ਨੇ ਧਰਮਸੋਤ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਹਰ ਰੋਜ਼ ਇਸ ਮੱਦੇ ਉੱਤੇ ਸਟੈਂਡ ਬਦਲਣ ਲਈ ਉਸ ਦੀ ਨਿਖੇਧੀ ਕੀਤੀ।ਉਹਨਾਂ ਕਿਹਾ ਕਿ ਮੰਤਰੀ ਨੇ ਪਹਿਲਾਂ ਇਹ ਵਜ਼ੀਫੇ ਇਸ ਸਾਲ ਫਰਵਰੀ ਵਿਚ ਜਾਰੀ ਕਰਨ ਦਾ ਵਾਅਦਾ ਕੀਤਾ ਸੀ ਅਤੇ ਫਿਰ ਵਿਧਾਨ ਸਭਾ ਅੰਦਰ ਮਾਰਚ ਵਿਚ ਵਜ਼ੀਫੇ ਦੇਣ ਦਾ ਵਾਅਦਾ ਕੀਤਾ ਅਤੇ ਅਗਸਤ ਵਿਚ ਮੀਡੀਆ ਰਾਹੀਂ ਬਿਆਨ ਦੇਕੇ ਇਹ ਰਾਸ਼ੀ 30 ਸਤੰਬਰ ਤਕ ਜਾਰੀ ਕਰਨ ਦੀ ਗੱਲ ਕਹਿ ਦਿੱਤੀ। ਉਹਨਾਂ ਕਿਹਾ ਕਿ ਹੁਣ ਧਰਮਸੋਤ ਨੇ ਤਾਜ਼ਾ ਬਿਆਨ ਇਹ ਦਿੱਤਾ ਹੈ ਕਿ ਇਹ ਰਾਸ਼ੀ ਦਸੰਬਰ ਵਿਚ ਜਾਰੀ ਕੀਤੀ ਜਾਵੇਗੀ।
ਵਿਦਿਆਰਥੀਆਂ ਨੇ ਕਿਹਾ ਕਿ ਧਰਮਸੋਤ ਦਾ ਬਿਆਨ ਮੁੱਖ ਮੰਤਰੀ ਦੇ ਉਸ ਲਿਖਤੀ ਭਰੋਸੇ ਦੇ ਵੀ ਵਿਰੁੱਧ ਹੈ, ਜਿਸ ਵਿਚ ਉਹਨਾਂ ਕਿਹਾ ਸੀ ਕਿ ਇਹ ਵਜ਼ੀਫੇ ਜਲਦੀ ਵੰਡੇ ਜਾਣਗੇ। ਇਹ ਜਾਣਕਾਰੀ ਦਿੰਦਿਆਂ ਕਿ ਕਾਂਗਰਸ ਸਰਕਾਰ ਵੱਲੋਂ ਦਲਿਤ ਵਜ਼ੀਫਿਆਂ ਦੀ ਰਾਸ਼ੀ ਨਾ ਵੰਡੇ ਜਾਣ ਕਰਕੇ ਇੱਕ ਲੱਖ ਤੋਂ ਵੱਧ ਦਲਿਤ ਵਿਦਿਆਰਥੀ ਕਾਲਜਾਂ ਵਿਚ ਦਾਖਲੇ ਨਹੀਂ ਲੈ ਪਾਏ, ਵਿਦਿਆਰਥੀਆਂ ਨੇ ਕਿਹਾ ਕਿ ਹੁਣ ਦੋ ਲੱਖ ਹੋਰ ਵਿਦਿਆਰਥੀਆਂ ਦਾ ਭਵਿੱਖ ਧੁੰਦਲਾ ਵਿਖਾਈ ਦੇ ਰਿਹਾ ਹੈ, ਕਿਉਂਕ ਕਾਲਜਾਂ ਨੇ ਉਹਨਾਂ ਨੂੰ ਟਿਊਸ਼ਨ ਫੀਸ ਦਿੱਤੇ ਬਗੈਰ ਅਗਲੇ ਮਹੀਨੇ ਹੋਣ ਵਾਲੀਆਂ ਪ੍ਰੀਖਿਆਵਾਂ ਵਿਚ ਬਿਠਾਉਣ ਤੋਂ ਮਨਾਹੀ ਕਰ ਦਿੱਤੀ ਹੈ।
ਇਹ ਟਿੱਪਣੀ ਕਰਦਿਆਂ ਕਿ ਅਕਾਲੀ ਦਲ ਕਾਂਗਰਸ ਸਰਕਾਰ ਨੂੰ ਇਸ ਮਾਮਲੇ ਵਿਚ ਖਹਿੜਾ ਛੁਡਾ ਕੇ ਭੱਜਣ ਨਹੀਂ ਦੇਵੇਗਾ, ਪਵਨ ਟੀਨੂੰ ਨੇ ਕਿਹਾ ਕਿ ਪਾਰਟੀ ਵਿਦਿਆਰਥੀਆਂ ਵੱੱਲੋਂ ਧਰਮਸੋਤ ਦਾ ਘਿਰਾਓ ਕੀਤੇ ਜਾਣ ਦਾ ਸਮਰਥਨ ਕਰੇਗੀ ਅਤੇ ਉਸ ਨੂੰ ਇਹ ਦੱਸਣ ਲਈ ਮਜ਼ਬੂਰ ਕੀਤਾ ਜਾਵੇਗਾ ਕਿ ਦਲਿਤ ਵਿਦਿਆਰਥੀਆਂ ਦੇ 327 ਕਰੋੜ ਰੁਪਏ ਦੀ ਦੁਰਵਰਤੋਂ ਕੀਤੇ ਜਾਣ ਦੀ ਆਗਿਆ ਕਿਉਂ ਦਿੱਤੀ? ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨਾ ਸਿਰਫ ਦਲਿਤ ਵਿਦਿਆਰਥੀਆਂ ਦੇ ਭਵਿੱਖ ਨਾਲ ਖੇਡ ਰਹੀ ਹੈ, ਸਗੋਂ ਇਸ ਨੇ ਪੋਸਟ ਮੈਟ੍ਰਿਕ ਵਜ਼ੀਫਾ ਸਕੀਮ ਤਹਿਤ ਪਛੜੀਆਂ ਜਾਤਾਂ ਦੇ ਵਿਦਿਆਰਥੀਆਂ ਦੇ 22 ਕਰੋੜ ਰੁਪਏ ਵੀ ਜਾਰੀ ਨਹੀਂ ਕੀਤੇ ਹਨ।
ਅਕਾਲੀ ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਸਾਰੇ ਵਿੱਦਿਅਕ ਸੰਸਥਾਨਾਂ ਨੂੰ ਨਿਰਦੇਸ਼ ਦੇਵੇ ਕਿ ਉਹ ਦਲਿਤ ਵਿਦਿਆਰਥੀਆਂ ਨੂੰ ਟਿਊਸ਼ਨ ਫੀਸ ਦੇਣ ਲਈ ਮਜ਼ਬੂਰ ਨਾ ਕਰਨ ਅਤੇ ਨਾ ਹੀ ਉਹਨਾਂ ਨੂੰ ਆ ਰਹੀਆਂ ਪ੍ਰੀਖਿਆਵਾਂ ਵਿਚ ਬੈਠਣ ਤੋਂ ਰੋਕਣ।
ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦੇ ਹੱਥਾਂ ਵਿਚ ਫੜੀਆਂ ਤਖ਼ਤੀਆਂ ਧਰਮਸੋਤ ਨੂੰ ਕਹਿ ਰਹੀਆਂ ਸਨ ਕਿ ਉਹ ਅਤੀਤ ਵਿਚ ਕਾਲਜਾਂ ਨੂੰ ਅਦਾ ਕੀਤੀ ਟਿਊਸ਼ਨ ਫੀਸ ਦਾ ਆਡਿਟ ਕਰਨ ਦੇ ਬਹਾਨੇ ਘੜਣੇ ਬੰਦ ਕਰੇ। ਉਹਨਾਂ ਕਿਹਾ ਕਿ ਧਰਮਸੋਤ 300 ਤੋਂ ਲੈ ਕੇ 500 ਕਰੋੜ ਰੁਪਏ ਦੇ ਘਪਲੇ ਬਾਰੇ ਬਿਆਨ ਜਾਰੀ ਕਰਦਾ ਆ ਰਿਹਾ ਹੈ ਪਰੰਤੂ ਪਿਛਲੇ ਡੇਢ ਸਾਲ ਤੋਂ ਉਸ ਨੇ ਇੱਕ ਵੀ ਆਡਿਟ ਰਿਪੋਰਟ ਪੇਸ਼ ਨਹੀਂ ਕੀਤੀ ਹੈ। ਉਹਨਾਂ ਮੰਗ ਕੀਤੀ ਕਿ ਸਰਕਾਰ ਇਹਨਾਂ ਸੰਸਥਾਨਾਂ ਤੋਂ ਬਕਾਏ ਵਸੂਲ ਕੇ ਵਾਪਸ ਵਿਦਿਆਰਥੀਆਂ ਨੂੰ ਦੇਵੇ।