ਚੰਡੀਗੜ੍ਹ, 8 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਪੰਜਾਬ ਵਿਚ ਆਪਣੀਆਂ ਅਸਫਲਤਾਵਾਂ ਤੋਂ ਧਿਆਨ ਪਾਸੇ ਕਰਨ ਲਈ ਖੇਡੇ ਗਏ ਐਸ ਸੀ ਮੁੱਖ ਮੰਤਰੀ ਦਾ ਪੱਤਾ ਮੂਧੇ ਮੂੰਹ ਡਿੱਗਾ ਹੈ ਕਿਉਂਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਐਸ ਸੀ ਮੁੱਖ ਮੰਤਰੀ ਪਾਰਟੀ ਲਈ ਚੰਗੀ ਕਾਰਗੁਜ਼ਾਰੀ ਨਹੀਂ ਵਿਖਾ ਸਕਦਾ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪ੍ਰਦੇਸ ਕਾਂਗਰਸ ਪ੍ਰਧਾਨ ਨੇ ਦਰਸਾ ਦਿੱਤਾ ਹੈ ਕਿ ਉਹ ਐਸ ਸੀ ਭਾਈਚਾਰੇ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਿੰਨ ਕੁ ਸਨਮਾਨ ਕਰਦੇ ਹਨ ਕਿਉਂਕਿ ਉਹ ਲਖੀਮਪੁਰ ਖੀਰੀ ਮਾਮਲੇ ਵਿਚ ਪਾਰਟੀ ਦਾ ਰੋਸ ਮਾਰਚ ਸ਼ੁਰੂ ਕਰਨ ਲਈ ਮੁੱਖ ਮੰਤਰੀ ਦੀ ਦੋ ਮਿੰਟ ਉਡੀਕ ਵੀ ਨਹੀਂ ਕਰ ਸਕੇ।
ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਨਵਜੋਤ ਸਿੱਧੂ ਨੇ ਦਰਸਾ ਦਿੱਤਾ ਹੈ ਕਿ ਉਹਨਾਂ ਨੂੰ ਐਸ ਸੀ ਵਰਗ ਤੋਂ ਮੁੱਖ ਮੰਤਰੀ ਬਣਾਏ ਜਾਣ ਤੋਂ ਕਿੰਨੀ ਈਰਖਾ ਹੋ ਰਹੀ ਹੈ ਅਤੇ ਉਹਨਾਂ ਆਪ ਕਿਹਾ ਹੈ ਕਿ ਕੁਝ ਵੀ ਸਹੀ ਨਹੀਂ ਹੈ ਜੇਕਰ ਭਗਵੰਤ ਸਿੰਘ ਸਿੱਧੂ ਦੇ ਪੁੱਤਰ ਯਾਨੀ ਨਵਜੋਤ ਸਿੱਧੂ ਨੁੰ ਮੁੱਖ ਮੰਤਰੀ ਬਣਾਇਆ ਹੁੰਦਾ ਤਾਂ ਫਿਰ ਸਭ ਸਹੀ ਹੁੰਦਾ। ਸਿੱਧੂ ਨੇ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਡੁੱਬਦਾ ਜਹਾਜ਼ ਹੈ ਤੇ ਮੌਜੂਦਾ ਲੀਡਰਸ਼ਿਪ ਦੀ ਅਗਵਾਈ ਹੇਠ ਪੰਜਾਬ ਵਿਚ ਕਾਂਗਰਸ ਦਾ ਕੋਈ ਭਵਿੱਖ ਨਹੀਂ ਹੈ।
ਅਕਾਲੀ ਆਗੂ ਨੇ ਕਿਹਾ ਕਿ ਸਿੱਧੂ ਦੇ ਕਹਿਣ ਤੋਂ ਸਪਸ਼ਟ ਹੋ ਗਿਆ ਹੈ ਕਿ ਉਹਨਾਂ ਨੂੰ ਕਿਸਾਨਾਂ ਜਾਂ ਉਹਨਾਂ ਦੇ ਮਸਲਿਆਂ ਪ੍ਰਤੀ ਕੋਈ ਪਿਆਰ ਨਹੀਂ ਹੈ ਬਲਕਿ ਉਹ ਤਾਂ ਸਿਰਫ ਸੂਬੇ ਵਿਚ ਸਿਖ਼ਰਲੀ ਕੁਰਸੀ ਹਾਸਲ ਕਰਨ ਵਾਸਤੇ ਸ਼ੈਅ ਮਾਤ ਦੀ ਖੇਡ ਵਿਚ ਰੁੱਝੇ ਹਨ। ਉਹਨਾਂ ਕਿਹਾ ਕਿ ਅਜਿਹੇ ਵਿਅਕਤੀ ਜੋ ਆਪ ਆਪਣੀ ਇਸ ਤਰੀਕੇ ਦੀ ਇੱਛਾ ਪਾਲਦੇ ਹਨ, ਉਹ ਕਿਸੇ ਵੀ ਤਰੀਕੇ ਲੋਕਾਂ ਦੀ ਭਲਾਈ ਵਾਸਤੇ ਕੰਮ ਨਹੀਂ ਕਰ ਸਕਦੇ। ਉਹਨਾਂ ਕਿਹਾ ਕਿ ਨਵਜੋਤ ਸਿੱਧੂ ਵੱਲੋਂ ਚੰਨੀ ਦੀ ਖਿਲਾਫਤ ਹਾਲੇ ਵੀ ਜਾਰੀ ਹੈ।
ਉਹਨਾਂ ਕਿਹਾ ਕਿ ਸਿੱਧੂ ਹੁਣ ਬਿਲਕੁਲ ਬੇਨਕਾਬ ਹੋ ਗਿਆ ਹੈ। ਉਹਨਾਂ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਹੁਣ ਪੰਜਾਬੀਆਂ ਨੁੰ ਦੱਸਣ ਕਿ ਉਹਨਾਂ ਨੇ ਐਸ ਸੀ ਵਰਗ ਦਾ ਮੁੱਖ ਮੰਤਰੀ ਬਣਾ ਕੇ ਲੋਕਾਂ ਨੂੰ ਮੂਰਖ ਬਣਾਉਣ ਦਾ ਯਤਨ ਕਿਉਂ ਕੀਤਾ ਜਦੋਂ ਕਿ ਉਹਨਾਂ ਨੂੰ ਉਸ ਨਵਜੋਤ ਸਿੱਧੂ ’ਤੇ ਵਿਸ਼ਵਾਸ ਹੈ ਜੋ ਲਗਾਤਾਰ ਮੁੱਖ ਮੰਤਰੀ ਨੂੰ ਨੀਵਾਂ ਵਿਖਾਉਣ ਦਾ ਯਤਨ ਕਰ ਰਿਹਾ ਹੈ।