ਅੰੰਮਿ੍ਤਸਰ, 14 ਦਸੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਐਨ ਡੀ ਏ ਸਰਕਾਰ ਨੇ ਸੰਘਵਾਦ ਦੇ ਸਿਧਾਂਤਾਂ ਦੀ ਉਲੰਘਣਾ ਕੀਤੀ ਹੈ ਅਤੇ ਖੇਤੀਬਾੜੀ ਬਾਰੇ ਤਿੰਨ ਕਾਨੂੰਨ ਬਣਾ ਕੇ ਰਾਜਾਂ ਦੀਆਂ ਸ਼ਕਤੀਆਂ ਖੋਹ ਲਈਆਂ ਹਨ ਕਿਉਂਕਿ ਖੇਤੀਬਾੜੀ ਰਾਜ ਸੂਚੀ ਦਾ ਵਿਸ਼ਾ ਹੈ ਅਤੇ ਇਹ ਇਹ ਸਰਕਾਰ ਸਾਰੀਆਂ ਸ਼ਕਤੀਆਂ ਆਪਣੇ ਹੱਥਾਂ ਵਿਚ ਲੈ ਕੇ ਰਾਜਾਂ ਦੇ ਹਿੱਤਾਂ ਦੇ ਖਿਲਾਫ ਕੰਮ ਕਰ ਰਹੀ ਹੈ।
ਇਥੇ ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟ ਕਰਨ ਲਈ ਪਵਿੱਤਰ ਨਗਰੀ ਦੇ ਗੋਲਡਨ ਗੇਟ ਪ੍ਰਵੇਸ਼ ਦੁਆਰ ’ਤੇ ਵਿਸ਼ਾਲ ਧਰਨੇ ਨੂੰ ਸੰਬੋਧਨ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਸੱਚੇ ਸੰਘੀ ਢਾਂਚੇ ਦੀ ਜ਼ਰੂਰਤ ਦੀ ਗੱਲ ਸਭ ਤੋਂ ਪਹਿਲਾਂ ਕੀਤੀ। ਉਹਨਾਂ ਕਿਹਾ ਕਿ ਫਿਰ ਸਾਨੂੰ ਵੱਖਵਾਦੀ ਕਰਾਰ ਦੇ ਦਿੱਤਾ ਗਿਆ। ਪਰ ਸਾਰੇ ਰਾਜ ਸੰਘੀ ਢਾਂਚੇ ਦੇ ਹੱਕ ਵਿਚ ਹਨ ਅਤੇ ਇਹ ਮਹਿਸੂਸ ਕਰ ਰਹੇ ਹਨ ਕਿ ਜੇਕਰ ਇਹ ਢਾਂਚਾ ਹੁੰਦਾ ਤਾਂ ਕਿਸਾਨਾਂ ਨੂੰ ਆਪਣੇ ਹੱਕਾਂ ਵਾਸਤੇ ਸੰਘਰਸ਼ ਕਰਨ ਦੀ ਜ਼ਰੂਰ ਨਾ ਪੈਂਦੀ।
ਅਕਾਲੀ ਦਲ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ ਕਿ ਐਨ ਡੀ ਏ ਸਰਕਾਰ ਨਾ ਸਿਰਫ ਸੰਘਵਾਦ ਦੇ ਖਿਲਾਫ ਡੱਟ ਗਈ ਹੈ ਬਲਕਿ ਇਸਨੇ ਰੋਸ ਵਿਖਾਵਿਆਂ ਦੀ ਆਜ਼ਾਦੀ ਵੀ ਖੋਹ ਲਈ ਹੈ। ਉਹਨਾਂ ਕਿਹਾ ਕਿ ਹਾਲਾਤ ਅਜਿਹੇ ਬਣ ਗਏ ਹਨ ਕਿ ਜੇਕਰ ਕੋਈ ਕੇਂਦਰ ਸਰਕਾਰ ਨਾਲ ਸਹਿਮਤ ਹੁੰਦਾ ਤਾਂ ਉਸਨੁੰ ਦੇਸ਼ ਭਗਤ ਆਖਿਆ ਜਾਂਦਾ ਹੈ, ਜੇਕਰ ਕੋਈ ਇਸਦੇ ਖਿਲਾਫ ਹੁੰਦਾ ਹੈ ਤਾਂ ਉਸਨੁੰ ਦੇਸ਼ ਧਰੋਹੀ ਕਰਾਰ ਦੇ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਕੀ ਹਰਸਿਮਰਤ ਕੌਰ ਬਾਦਲ ਜਿਹਨਾਂ ਨੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਮੰਤਰੀ ਮੰਡਲ ਤੋਂ ਅਸਤੀਫਾ ਦਿੱਤਾ ਹੈ, ਉਹ ਦੇਸ਼ ਧਰੋਹੀ ਹਨ ? ਕੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹਨਾਂ ਨੇ ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟ ਕਰਨ ਲਈ ਆਪਣਾ ਪਦਮ ਵਿਭੂਸ਼ਣ ਵਾਪਸ ਕੀਤਾ, ਉਹ ਵੀ ਦੇਸ਼ ਧਰੋਹੀ ਹਨ ?
ਸਰਦਾ ਬਾਦਲ ਨੇ ਕਿਹਾ ਕਿਜ ੋ ਵੀ ਐਨ ਡੀ ਏ ਸਰਕਾਰ ’ਤੇ ਇਤਰਾਜ਼ ਕਰਦਾ ਹੈ, ਉਸਨੁੰ ਟੁਕੜੇ ਟੁਕੜੇ ਗੈਂਗ ਦੱਸ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਇਹੀ ਲੋਕ ਜਿਹਨਾਂ ਨੂੰ ਪਹਿਲਾਂ ਕਿਸਾਨ ਆਖਿਆ ਜਾਂਦਾ ਸੀ, ਨੂੰ ਸਿਰਫ ਇਸ ਕਰ ਕੇ ਵੱਖਵਾਦੀ ਦੱਸਿਆ ਜਾ ਰਿਹਾ ਹੈ ਕਿਉਂਕਿ ਉਹ ਖੇਤੀ ਕਾਨੂੰਨਾ ’ਤੇ ਸਰਕਾਰ ਦੀ ਵਿਆਖਿਆ ਨਾਲ ਸਹਿਮਤ ਨਹੀਂ ਹਨ। ਉਹਨਾਂ ਸਪਸ਼ਟ ਕਿਹਾ ਕਿ ਕਿਸਾਨ ਦੇਸ਼ ਖਿਲਾਫ ਨਹੀਂ ਲੜ ਰਹੇ ਬਲਕਿ ਆਪਣੇ ਹੱਕਾਂ ਵਾਸਤੇ ਲੜ ਰਹੇ ਹਨ।
ਸਰਦਾਰ ਬਾਦਲ ਨੇ ਕਿਸਾਨ ਸੰਘਰਸ਼ ਨੂੰ ਸਿੱਖ ਬਨਾਮ ਹਿੰਦੂ ਟਕਰਾਅ ਬਣਾਉਣ ਦੇ ਯਤਨਾਂ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਇਸਦੀ ਸ਼ੁਰੂਆਤ ਦਿੱਲੀ ਤੋਂ ਹੋਈ ਤੇ ਇਸ ਕਦਮ ਪਿੱਛੇ ਤਾਕਤਾਂ ਹੁਣ ਇਸਨੁੰ ਪੰਜਾਬ ਵਿਚ ਦੁਹਰਾਉਣਾ ਚਾਹੁੰਦੀਆਂ ਹਨ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਹੁਤ ਸਪਸ਼ਟ ਹੈ ਕਿ ਜੇਕਰ ਪੰਜਾਬ ਨੇ ਖੁਸ਼ਹਾਲ ਹੋਣਾ ਹੈ ਤਾਂ ਫਿਰ ਸੂਬੇ ਵਿਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਸ਼੍ਰੋਮਣੀ ਅਕਾਲੀ ਦਲ ਸ਼ਾਂਤੀ ਤੇ ਆਪਸੀ ਭਾਈਚਾਰਾ ਬਣਾ ਕੇ ਰੱਖਣ ਲਈ ਦ੍ਰਿੜ੍ਹ ਸੰਕਲਪ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਹਨਾਂ ਨੇ ਪਹਿਲਾਂ ਵੀ ਚੇਤਾਵਨੀ ਦਿੱਤੀ ਸੀ ਕਿ ਕਿਸਾਨਾਂ ਦੀਆਂ ਚਿੰਤਾਵਾਂ ਦੂਰ ਕੀਤੇ ਬਗੈਰ ਕਿਸੇ ਵੀ ਕਾਨੂੰਨ ਨੂੰ ਅੰਤਿਮ ਰੂਪ ਨਾ ਦਿੱਤਾ ਜਾਵੇ। ਉਹਨਾਂ ਕਿਹਾ ਕਿ ਅੱਜ ਕਿਸਾਨ ਇਸ ਵਾਸਤੇ ਸੰਘਰਸ਼ ਕਰ ਰਹੇ ਹਨ ਕਿ ਉਹਨਾਂ ਦੇ ਵਿਚਾਰ ਨਹੀਂ ਸੁਣੇ ਗਏ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਕਿਸਾਨ ਤੇ ਉਹਨਾਂ ਦੇ ਪਰਿਵਾਰ ਕੜਾਕੇ ਦੀ ਠੰਢ ਵਿਚ ਮਰ ਰਹੇ ਹਨ ਪਰ ਕੇਂਦਰ ਸਰਕਾਰ ਦਾ ਦਿਲ ਨਹੀਂ ਪਸੀਜਾ। ਉਹਨਾਂ ਕਿਹਾ ਕਿ ਇਹ ਹੋਰ ਵੀ ਮੰਦਭਾਗਾ ਹੈ ਕਿ ਜਦੋਂ ਸਰਕਾਰ ਨੂੰ ਦਿਸ ਗਿਆ ਕਿ ਕਿਸਾਨ ਪਿੱਛੇ ਹੱਟਣ ਵਾਲੇ ਨਹੀਂ ਹਨ ਤਾ ਉਸਨੇ ਇਹਨਾਂ ਨੂੰ ਨਕਸਲਵਾਦੀ ਤੇ ਅਤਿਵਾਦੀ ਕਰਾਰ ਦੇਣਾ ਸ਼ੁਰੂ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਤਰੀਕੇ ਕੇਂਦਰ ਦੀ ਮਦਦ ਨਹੀਂ ਕਰਨਗੇ। ਕਿਸਾਨ ਸੰਘਰਸ਼ ਵਧਦਾ ਜਾਵੇਗਾ ਤੇ ਇਹ ਉਦੋਂ ਤੱਕ ਖਤਮ ਨਹੀਂ ਹੋਵੇਗਾ ਜਦੋਂ ਤੱਕ ਐਮ ਐਸ ਪੀ ਕਾਨੂੰਨੀ ਅਧਿਕਾਰ ਨਹੀਂ ਬਣ ਜਾਂਦਾ।
ਇਸ ਮੌਕੇ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਹੁਣ ਸੱਤਾਧਾਰੀ ਭਾਜਪਾ ਦੇ ਕੌਮੀ ਆਗੂ ਦਾਅਵਾ ਕਰ ਰਹੇ ਹਨ ਕਿ ਚੀਨ ਅਤੇ ਪਾਕਿਸਤਾਨ ਦਾ ਇਸ ਕਿਸਾਨ ਸੰਘਰਸ਼ ਪਿੱਛੇ ਹੱਥ ਹੈ ਪਰ ਉਹ ਭੁੱਲ ਗਏ ਕਿ ਕਿਸਾਨ ਵਿਰੋਧੀ ਬਿੱਲ ਕਿਸਨੇ ਪੇਸ਼ ਕੀਤੇ ਸਨ।
ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਜਦੋਂ ਦੇਸ਼ ਲਈ ਕੁਰਬਾਨੀਆਂ ਤੇ ਯੋਗਦਾਨ ਦੀ ਗੱਲ ਆਉਂਦੀ ਹੈ ਤਾਂ ਸਾਨੂੰ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਤੇ ਜਦੋਂ ਅਸੀਂ ਉਹਨਾਂ ਦੇ ਫੈਸਲੇ ਨੁੰ ਚੁਣੌਤੀ ਦਿੰਦੇ ਹਾਂ ਤਾਂ ਸਾਨੂੰ ਤੁਰੰਤ ਦੇਸ ਵਿਰੋਧੀ, ਬਦਮਾਸ਼ ਤੇ ਇਥੋਂ ਤੱਕ ਅਤਿਵਾਦੀ ਤੱਕ ਵੀ ਕਹਿ ਦਿੱਤਾ ਜਾਂਦਾ ਹੈ ਜੋ ਕਿ ਲੋਕਤੰਤਰ ਵਿਚ ਪ੍ਰਵਾਨਯੋਗ ਨਹੀਂ ਹੈ।
ਉਹਨਾਂ ਨੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਤੇ ਅਮਰੀਕੀ ਤੇ ਕੈਨੇਡੀਆਈ ਸਰਕਾਰਾਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਸਾਡੇ ਸ਼ਾਂਤੀਪੂਰਨ ਢੰਗ ਨਾਲ ਸੰਘਰਸ਼ ਕਰ ਰਹੇ ਲੋਕਾਂ ਦੀ ਹਮਾਇਤ ਕੀਤੀ। ਉਹਨਾਂ ਨੇ ਪੰਜ ਵਾਰ ਮੁੱਖ ਮੰਤਰੀ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਵੀ ਧੰਨਵਾਦ ਕੀਤਾ ਜਿਹਨਾਂ ਨੇ ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟਾਉਂਦਿਆਂ ਆਪਣਾ ਪਦਮ ਵਿਭੂਸ਼ਣ ਵਾਪਸ ਕਰ ਦਿੱਤਾ ਤੇ ਖਿਡਾਰੀਆਂ ਤੇ ਕਲਾਕਾਰਾਂ ਦਾ ਵੀ ਧੰਨਵਾਦ ਕੀਤਾ ਜਿਹਨਾਂ ਨੇ ਆਪੋ ਆਪਣੇ ਸਨਮਾਨ ਵਾਪਸ ਕੀਤੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਰਮਲ ਸਿੰ ਕਾਹਲੋਂ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਡਾ. ਦਲਜੀਤ ਸਿੰਘ ਚੀਮਾ, ਵਿਰਸਾ ਸਿੰਘ ਵਲਟੋਹਾ, ਸਿਕੰਦਰ ਸਿੰਘ ਮਲੂਕਾ, ਸ਼ਰਨਜੀਤ ਸਿੰਘ ਢਿੱਲੋਂ, ਵੀਰ ਸਿੰਘ ਲੋਪੋਕੇ, ਗੁਲਜ਼ਾਰ ਸਿੰਘ ਰਣੀਕੇ, ਬਲਬੀਰ ਸਿੰਘ ਘੁੰਨਸ, ਦਰਬਾਰਾ ਸਿੰਘ ਗੁਰੂ, ਮਲਕੀਤ ਸਿੰਘ ਏ ਆਰ ਅਤੇ ਪਰਮਬੰਸ ਸਿੰਘ ਰੋਮਾਣਾ ਨੇ ਵੀ ਸੰਬੋਧਨ ਕੀਤਾ।