ਬਠਿੰਡਾ/15 ਜੁਲਾਈ:ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਐਲਾਨ ਕੀਤਾ ਹੈ ਕਿ ਏਮਜ਼ ਬਠਿੰਡਾ ਵਿਖੇ 10 ਵਿਭਾਗਾਂ ਅੰਦਰ ਓਪੀਡੀ ਦੀਆਂ ਸਹੂਲਤਾਂ ਇਸ ਸਾਲ ਇੱਕ ਸਤੰਬਰ ਤੋਂ ਸ਼ੁਰੂ ਹੋ ਜਾਣਗੀਆਂ। ਇਸ ਦੇ ਨਾਲ ਹੀ ਉਹਨਾਂ ਨੇ ਰਿਕਾਰਡ ਸਮੇਂ ਅੰਦਰ ਏਮਜ਼ ਬਠਿੰਡਾ ਨੂੰ ਮੁਕੰਮਲ ਕਰਵਾਉਣ ਲਈ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ।
ਇੱਥੇ 750 ਕਰੋੜ ਰੁਪਏ ਦੀ ਲਾਗਤ ਵਾਲੇ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਨਿਰਮਾਣ ਕਾਰਜਾਂ ਦਾ ਰੀਵਿਊ ਕਰਨ ਲਈ ਆਏ ਕੇਂਦਰੀ ਮੰਤਰੀ ਨੇ ਐਲਾਨ ਕੀਤਾ ਕਿ ਓਪੀਡੀ ਦੀਆਂ ਸਹੂਲਤਾਂ ਸਤੰਬਰ ਵਿਚ ਸ਼ੁਰੂ ਹੋ ਜਾਣਗੀਆਂ, ਮੈਡੀਕਲ ਕਾਲਜ ਅਤੇ ਹਸਪਤਾਲ ਅਗਲੇ ਸਾਲ ਜੂਨ ਤਕ ਪੂਰੀ ਤਰ੍ਹਾਂ ਚਾਲੂ ਹੋ ਜਾਣਗੇ। ਉਹਨਾਂ ਦੱਸਿਆ ਕਿ ਐਮਬੀਬੀਐਸ ਦੇ ਵਿਦਿਆਰਥੀਆਂ ਦੇ ਪਹਿਲੇ ਬੈਚ ਨੂੰ ਇਸ ਸਾਲ ਦਸੰਬਰ ਵਿਚ ਬਾਬਾ ਫਰੀਦ ਯੂਨੀਵਰਸਟੀ ਤੋਂ ਏਮਜ਼ ਕੈਂਪਸ ਅੰਦਰ ਤਬਦੀਲ ਕਰ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਸਾਰੀਆਂ ਓਪੀਡੀ ਸਹੂਲਤਾਂ ਅਤੇ ਸਟਾਫ ਲਈ ਰਿਹਾਇਸ਼ ਦੇ ਪ੍ਰਬੰਧ ਅਗਲੇ ਸਾਲ ਜੂਨ ਤਕ ਮੁਕੰਮਲ ਹੋ ਜਾਣਗੇ।
ਇਸ ਮੌਕੇ ਨਿਰਮਾਣ ਕਰਨ ਵਾਲੀ ਕੰਪਨੀ ਅਤੇ ਪ੍ਰਾਜੈਕਟ ਦੀ ਨਿਗਰਾਨੀ ਕਰ ਰਹੀ ਪੀਜੀਆਈ ਦੀ ਨਿਗਰਾਨ ਟੀਮ ਨੇ ਕੇਂਦਰੀ ਮੰਤਰੀ ਨੂੰ ਪ੍ਰਾਜੈਕਟ ਦੀ ਉਸਾਰੀ ਬਾਰੇ ਜਾਣੂ ਕਰਵਾਇਆ। ਕੇਂਦਰੀ ਮੰਤਰੀ ਨੂੰ ਦੱਸਿਆ ਗਿਆ ਕਿ ਮੈਡੀਕਲ ਕਾਲਜ ਲਈ ਸਟਾਫ ਦੀ ਭਰਤੀ ਕੀਤੀ ਜਾ ਚੁੱਕੀ ਹੈ ਅਤੇ ਬਾਕੀ ਦੀਆਂ ਨਿਯੁਕਤੀਆਂ ਸੰਬੰਧੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਤਾਂ ਕਿ ਅਗਲੇ ਸਾਲ ਮੈਡੀਕਲ ਕਾਲਜ ਅਤੇ ਹਸਪਤਾਲ ਆਪਣੀ ਪੂਰੀ ਸਮਰੱਥਾ ਮੁਤਾਬਿਕ ਕੰਮ ਕਰਨਾ ਸ਼ੁਰੂ ਕਰ ਦੇਣ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬਾ ਬਾਦਲ ਨੇ ਦੱਸਿਆ ਕਿ ਐਨਡੀਏ ਸਰਕਾਰ ਵੱਲੋਂ ਐਲਾਨੇ ਸਾਰੇ ਏਮਜ਼ ਸੰਸਥਾਨਾਂ ਵਿਚੋਂ ਏਮਜ਼ ਬਠਿੰਡਾ ਦੀ ਉਸਾਰੀ ਦਾ ਕੰਮ ਸਭ ਤੋਂ ਵੱਧ ਹੋਇਆ ਹੈ, ਜੋ ਕਿ ਮੁਕੰਮਲ ਹੋਣ ਵਾਲਾ ਹੈ। ਉਹਨਾਂ ਕਿਹਾ ਕਿ ਇਹ ਸਭ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਵੱਲੋਂ ਵਿਖਾਈ ਸਰਗਰਮੀ ਸਦਕਾ ਸੰਭਵ ਹੋਇਆ ਹੈ, ਜਿਹਨਾਂ ਨੇ ਕੁਰਸੀ ਛੱਡਣ ਤੋਂ ਪਹਿਲਾਂ ਰਿਕਾਰਡ ਸਮੇਂ ਵਿਚ ਇਸ ਪ੍ਰਾਜੈਕਟ ਲਈ ਜ਼ਮੀਨ ਐਕੁਆਇਰ ਕਰਨ ਤੋਂ ਇਲਾਵਾ ਪ੍ਰਾਜੈਕਟ ਉੱਤੇ ਕੰਮ ਸ਼ੁਰੂ ਕਰਵਾਉਣ ਅਤੇ ਚਾਰਦੀਵਾਰੀ ਦੀ ਉਸਾਰੀ ਲਈ ਸਾਰੇ ਐਮਓਯੂਜ਼ ਸਹੀਬੰਦ ਕਰ ਦਿੱਤੇ ਸਨ। ਇਸ ਪ੍ਰਾਜੈਕਟ ਨੂੰ ਸਿਰੇ ਚੜਾਉਣ ਲਈ ਕੀਤੀ ਮੱਦਦ ਵਾਸਤੇ ਉਹਨਾਂ ਨੇ ਸਾਬਕਾ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦਾ ਵੀ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਜਦੋਂ ਸਾਡੇ ਲੋਕਾਂ ਨੂੰ ਇਲਾਜ ਲਈ ਲੁਧਿਆਣਾ, ਚੰਡੀਗੜ੍ਹ ਅਤੇ ਬੀਕਾਨੇਰ ਜਾਣਾ ਪੈਂਦਾ ਸੀ ਤਾਂ ਅਸੀਂ ਏਮਜ਼ ਬਠਿੰਡਾ ਦੇ ਨਿਰਮਾਣ ਦਾ ਸੁਫਨਾ ਲਿਆ ਸੀ। ਹੁਣ ਮਾਲਵਾ ਦੇ ਲੋਕਾਂ ਨੂੰ ਉਹਨਾਂ ਦੇ ਦਰਾਂ ਉੱਤੇ ਦੁਨੀਆਂ ਦੀਆਂ ਸ਼ਾਨਦਾਰ ਸਿਹਤ ਸਹੂਲਤਾਂ ਮਿਲਿਆ ਕਰਨਗੀਆਂ।
ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਬੜੀ ਅਫਸੋਸਨਾਕ ਪਰ ਸੱਚੀ ਗੱਲ ਹੈ ਕਿ ਇਸ ਪ੍ਰਾਜੈਕਟ ਨੂੰ ਕਾਂਗਰਸ ਸਰਕਾਰ ਦੀ ਮੱਦਦ ਤੋਂ ਬਿਨਾਂ ਸਿਰੇ ਚੜ੍ਹਾਇਆ ਗਿਆ ਹੈ। ਸੂਬੇ ਸਰਕਾਰ ਨੇ ਅਜਿਹੇ ਮੌਕੇ ਉੱਤੇ ਜਾ ਕੇ ਪ੍ਰਵਾਨਗੀਆਂ ਦੇਣ ਤੋਂ ਪੈਰ ਖਿੱਚ ਲਏ ਸਨ, ਕਿ ਇਸ ਪ੍ਰਾਜੈਕਟ ਨੂੰ ਸ਼ੁਰੂ ਕਰਵਾਉਣ ਲਈ ਮੈਨੂੰ ਜਬਰਦਸਤੀ ਇਸ ਦਾ ਉਦਘਾਟਨ ਕਰਨਾ ਪਿਆ ਸੀ। ਉਹਨਾਂ ਕਿਹਾ ਕਿ ਹੁਣ ਵੀ ਨਾ ਸਿਹਤ ਮੰਤਰੀ ਅਤੇ ਨਾ ਹੀ ਵਿੱਤ ਮੰਤਰੀ ਨੇ ਇਸ ਪ੍ਰਾਜੈਕਟ ਨੂੰ ਵੇਖਣ ਲਈ ਕਦੀ ਚੱਕਰ ਮਾਰਿਆ ਹੈ। ਮੈਡੀਕਲ ਕਾਲਜ ਅਤੇ ਹਸਪਤਾਲ ਲਈ ਲੋੜੀਂਦੇ 66 ਕੇਵੀ ਗਰਿੱਡ ਸਬਸਟੇਸ਼ਨ ਦੀ ਸਥਾਪਤੀ ਨੂੰ ਸੂਬਾ ਸਰਕਾਰ ਵੱਲੋਂ ਪਹਿਲਾਂ ਲਟਕਾਇਆ ਜਾ ਚੁੱਕਾ ਹੈ। ਇਸ ਗਰਿੱਡ ਨੂੰ ਜਲਦੀ ਤੋਂ ਜਲਦੀ ਲਗਾਉਣ ਦੀ ਲੋੜ ਹੈ ਤਾਂ ਕਿ ਸਤੰਬਰ ਵਿਚ ਓਪੀਡੀ ਸਹੂਲਤਾਂ ਸ਼ੁਰੂ ਕਰਨ ਵਿਚ ਕੋਈ ਪਰੇਸ਼ਾਨੀ ਨਾ ਆਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਅਤੇ ਅਕਾਲੀ ਦਲ ਬਠਿੰਡਾ ਦਿਹਾਤੀ ਦੇ ਪ੍ਰਧਾਨ ਜਗਰੂਪ ਸਿੰਘ ਨਕਈ ਵੀ ਹਾਜ਼ਿਰ ਸਨ।