ਅਕਾਲੀ ਦਲ ਨੇ ਵਾਅਦੇ ਮੁਤਾਬਿਕ ਨੌਜਵਾਨਾਂ ਲਈ ਟਿਕਟਾਂ ਭੇਜੀਆਂ ਅਤੇ ਮੁਸੀਬਤ 'ਚ ਫਸੇ ਪਰਵਾਸੀ ਭਾਰਤੀਆਂ ਦੀ ਮੱਦਦ ਲਈ ਹੈਲਪਲਾਇਨ ਸਥਾਪਤ ਕੀਤੀ
ਚੰਡੀਗੜ੍ਹ/22 ਜੁਲਾਈ: ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਐਲਾਨ ਕੀਤਾ ਹੈ ਕਿ ਟਰੈਵਲ ਏਜੰਟਾਂ ਵੱਲੋਂ ਕੀਤੀ ਧੋਖਾਧੜੀ ਸਦਕਾ ਪਿਛਲੇ ਅੱਠ ਮਹੀਨਿਆਂ ਤੋਂ ਇਰਾਕ ਦੇ ਇਰਬਿਲ ਸ਼ਹਿਰ ਅੰਦਰ ਫਸੇ ਸੱਤ ਪੰਜਾਬੀ ਨੌਜਵਾਨਾਂ ਨੂੰ 27 ਜੁਲਾਈ ਨੂੰ ਵਾਪਸ ਘਰ ਲਿਆਂਦਾ ਜਾਵੇਗਾ।
ਇਸ ਬਾਰੇ ਜਾਣਕਾਰੀ ਦਿੰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਉਹਨਾਂ ਨੂੰ ਇਰਬਿਲ ਦੇ ਭਾਰਤੀ ਕੌਂਸਲ ਜਰਨਲ ਵੱਲੋਂ ਸੂਚਨਾ ਦਿੱਤੀ ਗਈ ਹੈ ਕਿ ਇਹਨਾਂ ਨੌਜਵਾਨਾਂ ਦੇ ਪਾਸਪੋਰਟਾਂ ਉੱਤੇ ਕੱਲ੍ਹ ਵਾਪਸੀ ਦੀਆਂ ਮੁਹਰਾਂ ਲੱਗ ਚੁੱਕੀਆਂ ਹਨ। ਉਹਨਾਂ ਕਿਹਾ ਕਿ ਕੌਂਸਲ ਜਨਰਲ ਵੱਲੋਂ ਇਹਨਾਂ ਨੌਜਵਾਨਾਂ ਦੀ ਗੈਰਕਾਨੂੰਨੀ ਠਹਿਰ ਲਈ ਸਪਾਂਸਰ ਦੁਆਰਾ ਜੁਰਮਾਨੇ ਦੀ ਅਦਾਇਗੀ ਦਾ ਮੁੱਦਾ ਉਠਾਏ ਜਾਣ ਮਗਰੋਂ ਹੀ ਇਹ ਸਭ ਹੋਇਆ ਹੈ। ਉਹਨਾਂ ਕਿਹਾ ਕਿ ਹੁਣ ਸਿਰਫ ਅਦਾਲਤ ਦੀਆਂ ਰਸਮੀ ਕਾਰਵਾਈਆਂ ਬਾਕੀ ਹਨ, ਜਿਹਨਾਂ ਨੂੰ ਅੱਜ ਪੂਰੇ ਕੀਤੇ ਜਾਣ ਦੀ ਸੰਭਾਵਨਾ ਹੈ, ਜਿਸ ਮਗਰੋਂ ਇਹਨਾਂ ਨੌਜਵਾਨਾਂ ਦੀ ਘਰ ਵਾਪਸੀ ਦਾ ਰਾਹ ਪੱਧਰਾ ਹੋ ਜਾਵੇਗਾ।
ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ (ਯੁਵਕ ਮਾਮਲੇ) ਸਰਦਾਰ ਬਿਕਰਮ ਸਿੰਘ ਮਜੀਠੀਆ ਵੱਲੋਂ ਕੀਤੀ ਅਪੀਲ ਮਗਰੋਂ ਯੂਥ ਅਕਾਲੀ ਦਲ ਨੇ ਇਹਨਾਂ ਨੌਜਵਾਨਾਂ ਲਈ ਵਾਪਸੀ ਟਿਕਟਾਂ ਦਾ ਪ੍ਰਬੰਧ ਕਰਨ ਦਾ ਵਾਅਦਾ ਕੀਤਾ ਸੀ। ਕੇਂਦਰੀ ਮੰਤਰੀ ਨੇ ਦੱਸਿਆ ਕਿ ਉਹਨਾਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਕਿ ਲੋੜੀਂਦੀਆਂ ਟਿਕਟਾਂ ਖਰੀਦ ਲਈਆਂ ਗਈਆਂ ਹਨ ਅਤੇ ਇਹਨਾਂ ਨੂੰ ਨੌਜਵਾਨਾਂ ਤਕ ਪਹੁੰਚਾਇਆ ਜਾ ਚੁੱਕਿਆ ਹੈ। ਉਹਨਾਂ ਕਿਹਾ ਕਿ ਇਹ ਨੌਜਵਾਨ 26 ਜੁਲਾਈ ਨੂੰ ਦਿੱਲੀ ਲਈ ਉਡਾਣ ਭਰਨਗੇ ਅਤੇ 27 ਜੁਲਾਈ ਸਵੇਰ ਨੂੰ ਇੱਥੇ ਪਹੁੰਚ ਜਾਣਗੇ।
ਅਕਾਲੀ ਦਲ ਦੇ ਇੱਕ ਵਫ਼ਦ ਅਤੇ ਪੀੜਤ ਨੌਜਵਾਨਾਂ ਦੇ ਮਾਪਿਆਂ ਵੱਲੋਂ ਬੇਨਤੀ ਕਰਨ ਉੱਤੇ ਨੌਜਵਾਨਾਂ ਨੂੰ ਵਾਪਸ ਲਿਆਉਣ ਲਈ ਕੀਤੀ ਠੋਸ ਕਾਰਵਾਈ ਲਈ ਵਿਦੇਸ਼ ਮੰਤਰੀ ਡਾਕਟਰ ਜੈਸ਼ੰਕਰ ਦਾ ਧੰਨਵਾਦ ਕਰਦਿਆਂ ਬੀਬਾ ਬਾਦਲ ਨੇ ਕਿਹਾ ਕਿ ਇਰਬਿਲ ਦੇ ਕੌਂਸਲ ਜਨਰਲ ਨੇ ਇਹਨਾਂ ਨੌਜਵਾਨਾਂ ਦੀ ਵਤਨ ਵਾਪਸੀ ਲਈ ਲੋੜੀਂਦੀ ਕਾਨੂੰਨੀ ਅਤੇ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਹੈ।
ਕੇਸ ਬਾਰੇ ਸੰਖੇਪ ਵਿਚ ਜਾਣਕਾਰੀ ਦਿੰਦਿਆਂ ਬੀਬਾ ਬਾਦਲ ਨੇ ਕਿਹਾ ਕਿ ਜਲੰਧਰ ਅਤੇ ਕਪੂਰਥਲਾ ਜ਼ਿਲ੍ਹਿਆਂ ਦੇ ਸੱਤ ਨੌਜਵਾਨਾਂ ਨੂੰ ਟਰੈਵਲ ਏਜੰਟਾਂ ਵੱਲੋਂ ਇਰਾਕ ਵਿਚ ਨੌਕਰੀਆਂ ਦਿਵਾਉਣ ਦਾ ਝਾਂਸਾ ਦੇ ਕੇ ਠੱਗਿਆ ਗਿਆ ਸੀ। ਉਹਨਾਂ ਦੱਸਿਆ ਕਿ ਏਜੰਟ ਨੇ ਨੌਜਵਾਨਾਂ ਦੇ ਕਾਗਜ਼ ਤਿਆਰ ਕਰਵਾਉਣ ਲਈ ਪੈਸੇ ਤਾਂ ਲੈ ਲਏ , ਪਰ ਉਹਨਾਂ ਦੇ ਅਜਿਹੇ ਕਾਗਜ਼ ਤਿਆਰ ਹੀ ਨਹੀਂ ਕਰਵਾਏ , ਜਿਹਨਾਂ ਨਾਲ ਉਹਨਾਂ ਇਰਾਕ ਵਿਚ ਕੰਮ ਕਰ ਸਕਦੇ।
ਇਸੇ ਦੌਰਾਨ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਐਲਾਨ ਕੀਤਾ ਹੈ ਕਿ ਅਕਾਲੀ ਦਲ ਵੱਲੋਂ ਮੁਸੀਬਤ 'ਚ ਫਸੇ ਪੂਰੀ ਦੁਨੀਆਂ ਦੇ ਪਰਵਾਸੀ ਭਾਰਤੀਆਂ ਦੀ ਮੱਦਦ ਲਈ ਇੱਕ ਹੈਲਪਲਾਇਨ ਸਥਾਪਤ ਕੀਤੀ ਜਾ ਚੁੱਕੀ ਹੈ। ਉਹਨਾਂ ਕਿਹਾ ਕਿ ਪਰਵਾਸੀ ਭਾਰਤੀ ਆਪਣੇ ਕਿਸੇ ਵੀ ਸਮੱਸਿਆ ਨੂੰ ਹੱਲ ਕਰਵਾਉਣ ਲਈ ਅਕਾਲੀ ਦਲ ਕੋਲ ਪਹੁੰਚ ਕਰ ਸਕਦੇ ਹਨ। ਇਸ ਹੈਲਪਲਾਇਨ ਦਾ ਨੰਬਰ 0172-2639260 ਹੈ ਅਤੇ ਇਹ ਹੈਲਪਲਾਇਨ ਹਫ਼ਤੇ ਦੇ 6 ਦਿਨ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9 ਵਜੇ ਤੋਂ ਸ਼ਾਮ ਪੰਜ ਵਜੇ ਤਕ ਚਾਲੂ ਰਹੇਗੀ।
ਉਹਨਾਂ ਇਹ ਵੀ ਮੰਗ ਕੀਤੀ ਕਿ ਕਾਂਗਰਸ ਸਰਕਾਰ ਨੂੰ ਟਰੈਵਲ ਏਜੰਟਾਂ ਵੱਲੋਂ ਠੱਗੇ ਐਨਆਰਆਈਜ਼ ਦੀ ਮੱਦਦ ਲਈ ਪੰਜਾਬ ਵਿਚ ਇੱਕ ਆਨਲਾਇਨ ਸ਼ਿਕਾਇਤ ਦਰਜ ਕਰਵਾਉਣ ਵਾਲਾ ਸਿਸਟਮ ਤਿਆਰ ਕਰਨਾ ਚਾਹੀਦਾ ਹੈ।