ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਵਫ਼ਦ ਨੇ ਸਿੱਖਾਂ ਉੱਤੇ ਨਫਰਤੀ ਹਮਲਾ ਕਰਨ ਅਤੇ ਗੁਰਦੁਆਰਾ ਜਨਮ ਅਸਥਾਨ ਉੱਤੇ ਪੱਥਰਬਾਜ਼ੀ ਕਰਨ ਵਾਲਿਆਂ ਦੀ ਗਿਰਫਤਾਰੀ ਮੰਗੀ
ਡਾਕਟਰ ਜਯਸ਼ੰਕਰ ਨੂੰ ਪਾਕਿਸਤਾਨ ਵਿਚ ਘੱਟ ਗਿਣਤੀਆਂ ਉੱਤੇ ਹੋ ਰਹੇ ਅੱਤਿਆਚਾਰਾਂ ਦਾ ਮਾਮਲਾ ਸੰਯੁਕਤ ਰਾਸ਼ਟਰ ਵਿਚ ਉਠਾਉਣ ਲਈ ਆਖਿਆ
ਚੰਡੀਗੜ੍ਹ/06 ਜਨਵਰੀ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕੇਂਦਰੀ ਵਿਦੇਸ਼ ਮੰਤਰੀ ਡਾਕਟਰ ਐਸ ਜਯਸ਼ੰਕਰ ਨੂੰ ਅਪੀਲ ਕੀਤੀ ਹੈ ਕਿ ਉਹ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਕੋਲੋਂ ਇਹ ਵਿਸ਼ੇਸ਼ ਭਰੋਸਾ ਲੈਣ ਕਿ ਪਾਕਿਸਤਾਨ ਵਿਚ ਘੱਟ ਗਿਣਤੀਆਂ ਦੀ ਜਾਨ ਅਤੇ ਮਾਲ ਦੀ ਰਾਖੀ ਕੀਤੀ ਜਾਵੇਗੀ ਅਤੇ ਸਿੱਖਾਂ ਉੱਤੇ ਨਫਰਤੀ ਹਮਲਾ ਕਰਨ ਅਤੇ ਨਨਕਾਣਾ ਸਾਹਿਬ ਵਿਖੇ ਗੁਰਦੁਆਰਾ ਜਨਮ ਅਸਥਾਨ ਉੱਤੇ ਪੱਥਰਬਾਜ਼ੀ ਕਰਨ ਵਾਲੇ ਸਾਰੇ ਦੋਸ਼ੀਆਂ ਨੂੰ ਗਿਰਫ਼ਤਾਰ ਕਰਕੇ ਮਿਸਾਲੀ ਸਜ਼ਾ ਦਿੱਤੀ ਜਾਵੇਗੀ।
ਅੱਜ ਇੱਥੇ ਦਿੱਲੀ ਵਿਚ ਵਿਦੇਸ਼ੀ ਮਾਮਲਿਆਂ ਦੇ ਮੰਤਰੀ ਨੂੰ ਮਿਲਣ ਵਾਲੇ ਅਕਾਲੀ ਦਲ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਵਫ਼ਦ ਵਿਚ ਸੀਨੀਅਰ ਅਕਾਲੀ ਆਗੂਆਂ ਤੋਂ ਇਲਾਵਾ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਅਤੇ ਪਟਨਾ ਸਾਹਿਬ ਕਮੇਟੀ ਦੇ ਮੁਖੀ ਵੀ ਸ਼ਾਮਿਲ ਸਨ।
ਅਕਾਲੀ ਦਲ ਪ੍ਰਧਾਨ ਨੇ ਡਾਕਟਰ ਜਯਸ਼ੰਕਰ ਨੂੰ ਪਾਕਿਸਤਾਨ ਦੁਆਰਾ ਘੱਟ ਗਿਣਤੀਆਂ ਉੱਤੇ ਢਾਹੇ ਜਾ ਰਹੇ ਅੱਤਿਆਚਾਰਾਂ ਦਾ ਮਾਮਲਾ ਸੰਯੁਕਤ ਰਾਸ਼ਟਰ ਵਿਚ ਵੀ ਉਠਾਉਣ ਦੀ ਵੀ ਅਪੀਲ ਕੀਤੀ। ਉਹਨਾਂ ਕਿਹਾ ਕਿ 2002 ਦੀ ਜਨਗਣਨਾ ਵੇਲੇ ਪਾਕਿਸਤਾਨ ਵਿਚ ਸਿੱਖਾਂ ਦੀ ਆਬਾਦੀ 40 ਹਜ਼ਾਰ ਸੀ, ਜੋ ਕਿ ਘਟ ਕੇ ਸਿਰਫ ਪੰਜ ਹਜ਼ਾਰ ਰਹਿ ਗਈ ਹੈ। ਇਹ ਆਪਣੇ ਆਪ ਵਿਚ ਜਬਰੀ ਧਰਮ ਤਬਦੀਲੀਆਂ ਦਾ ਵੱਡਾ ਸਬੂਤ ਹੈ।
ਸਰਦਾਰ ਬਾਦਲ ਨੇ ਕਿਹਾ ਵਫ਼ਦ ਦੇ ਮੈਂਬਰਾਂ, ਜਿਹਨਾਂ ਵਿਚ ਸਾਂਸਦ ਬਲਵਿੰਦਰ ਸਿੰਘ ਭੂੰਦੜ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਨਰੇਸ਼ ਗੁਜਰਾਲ ਤੋਂ ਇਲਾਵਾ ਡੀਐਸਜੀਐਮਸੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਤਖ਼ਤ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਅਤੇ ਹਰਮੀਤ ਸਿੰਘ ਕਾਲਕਾ ਸ਼ਾਮਿਲ ਸਨ, ਨੇ ਵਿਦੇਸ਼ ਮੰਤਰੀ ਨੂੰ ਇਹ ਵੀ ਦੱਸਿਆ ਕਿ ਪਾਕਿਸਤਾਨ ਵਿਚ ਇੰਨੇ ਮਾੜੇ ਹਾਲਾਤ ਹਨ ਕਿ ਗੁਰਦੁਆਰਿਆਂ ਦੀ ਦੇਖਭਾਲ ਕਰ ਰਹੇ ਸਿੱਖ ਵੀ ਸੁਰੱਖਿਅਤ ਨਹੀਂ ਹਨ। ਇਸ ਮਾਮਲੇ ਵਿਚ ਤੁਰੰਤ ਉੱਚ-ਪੱਧਰੀ ਦਖ਼ਲ ਦੇਣ ਦੀ ਅਪੀਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਜੇਕਰ ਕੋਈ ਵੀ ਗੁਰਦੁਆਰਾ ਜਨਮ ਅਸਥਾਨ ਉੱਤੇ ਹਮਲਾ ਕਰ ਸਕਦਾ ਹੈ ਤਾਂ ਪਾਕਿਸਤਾਨ ਵਿਚ ਕੋਈ ਘੱਟ ਗਿਣਤੀ ਭਾਈਚਾਰਾ ਸੁਰੱਖਿਅਤ ਨਹੀਂ ਹੈ।
ਅਕਾਲੀ ਦਲ ਵਫ਼ਦ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਵੀ ਘੱਟ ਗਿਣਤੀ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਤਾਂ ਪਾਕਿਸਤਾਨ ਸਰਕਾਰ ਨੂੰ ਤੁਰੰਤ ਨੋਟਿਸ ਲੈ ਕੇ ਮਿਸਾਲੀ ਕਾਰਵਾਈ ਕਰਨ ਲਈ ਕਿਹਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਗੁਰਦੁਆਰਾ ਜਨਮ ਅਸਥਾਨ ਵਿਖੇ ਸਿੱਖਾਂ ਉੱਤੇ ਹੋਏ ਹਮਲੇ ਅਤੇ ਗੁਰਦੁਆਰਾ ਸਾਹਿਬ ਉੱਤੇ ਹੋਈ ਪੱਥਰਬਾਜ਼ੀ ਦੇ ਮਾਮਲੇ ਵਿਚ ਤੁਰੰਤ ਕਾਰਵਾਈ ਕੀਤੀ ਹੁੰਦੀ ਤਾਂ ਇਸ ਮਗਰੋਂ ਵਾਪਰੀਆਂ ਘਟਨਾਵਾਂ ਨਹੀਂ ਸੀ ਹੋਣੀਆਂ, ਜਿਹਨਾਂ ਕਰਕੇ ਪਿਸ਼ਾਵਰ ਵਿਚ ਇੱਕ ਸਿੱਖ ਨੌਜਵਾਨ ਦਾ ਕਤਲ ਹੋ ਗਿਆ।
ਵਫ਼ਦ ਦੇ ਮੈਂਬਰਾਂ ਨੇ ਡਾਕਟਰ ਜਯਸ਼ੰਕਰ ਨੂੰ ਇਹ ਵੀ ਦੱਸਿਆ ਕਿ ਪਾਕਿਸਤਾਨ ਅੰਦਰ ਹਾਲ ਹੀ ਵਿਚ ਵਾਪਰੀਆਂ ਘਟਨਾਵਾਂ ਨੇ ਪੂਰੇ ਦੁਨੀਆਂ ਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਹੈ। ਉਹਨਾਂ ਕਿਹਾ ਕਿ ਪਾਕਿਸਤਾਨ ਵਿਚ ਰਹਿੰਦੇ ਪਹਿਲਾਂ ਹੀ ਇਹ ਕਹਿ ਚੁੱਕੇ ਹਨ ਕਿ ਉਹ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਹਨਾਂ ਕਿਹਾ ਕਿ ਇੱਥੋਂ ਤਕ ਕਿ ਸਾਡੇ ਪਵਿੱਤਰ ਗੁਰਧਾਮ ਵੀ ਸੁਰੱਖਿਅਤ ਨਹੀਂ ਹਨ। ਅਜਿਹੀ ਸਥਿਤੀ ਵਿਚ ਸਿੱਖਾਂ ਅਤੇ ਬਾਕੀਆਂ ਘੱਟ ਗਿਣਤੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪਾਕਿਸਤਾਨ ਨੂੰ ਠੋਸ ਕਦਮ ਚੁੱਕਣ ਵਾਸਤੇ ਕਿਹਾ ਜਾਣਾ ਚਾਹੀਦਾ ਹੈ।