ਚੰਡੀਗੜ੍ਹ, 19 ਨਵੰਬਰ : ਪੰਜ ਵਾਰ ਮੁੱਖ ਮੰਤਰੀ ਰਹੇ ਸਰਦਾਰ ਪਰਕਾਸ਼ ਸਿੰਘ ਬਾਦਲ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਖੇਤੀਬਾੜੀ ਬਾਰੇ ਤਿੰਨ ਕਾਲੇ ਕਾਨੂੰਨ ਵਾਪਸ ਲੈਣ ਦੇ ਐਲਾਨ ਨੁੰ ਇਤਿਹਾਸ ਸਿਰਜਣ ਵਾਲਾ ਨਿਰਣਾਇਕ ਮੌਕਾ ਕਰਾ ਦਿੱਤਾ ਤੇ ਕਿਹਾ ਕਿ ਇਸ ਐਲਾਨ ਨਾਲ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦਾ ਪਵਿੱਤਰ ਦਿਹਾੜਾ ਕਿਸਾਨਾਂ ਲਈ ਇਤਿਹਾਸ ਸਿਰਜਣ ਵਾਲਾ ਨਿਰਣਾਇਕ ਦਿਹਾੜਾ ਬਣ ਗਿਆ ਹੈ।
ਉਹਨਾਂ ਕਿਹਾ ਕਿ ਦੁਨੀਆਂ ਭਰ ਵਿਚ ਕਿਸਾਨ ਸੰਘਰਸ਼ਾਂ ਦੇ ਇਤਿਹਾਸ ਵਿਚ ਇਹ ਦਿਹਾੜਾ ਸਭ ਤੋਂ ਵੱਡਾ ਹੈ। ਉਹਨਾਂ ਕਿਹਾ ਕਿ ਉਹ ਮਹਾਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਧੰਨਵਾਦ ਕਰਦੇ ਹਨ ਤੇ ਆਪਣੇ ਖੇਤਾਂ ਵਿਚ ਮਿਹਨਤ ਕਰਨ ਵਾਲੇ ਹਰ ਕਿਸਾਨ ਨੁੰ ਵਧਾਈ ਦਿੰਦੇ ਹਨ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਇਹ ਕਾਨੂੰਨ ਘੜਨ ਤੋਂ ਪਹਿਲਾਂ ਕਿਸਾਨਾਂ ਨਾਲ ਕੋਈ ਰਾਇ ਮਸ਼ਵਰਾ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਲੋਕਤੰਤਰੀ ਸਰਕਾਰਾਂ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਸੀ ਜਦੋਂ ਜਿਹਨਾਂ ਦੇ ਹਿੱਤ ਪ੍ਰਭਾਵਤ ਹੁੰਦੇ ਹੋਣ, ਉਹਨਾਂ ਨਾਲ ਸਲਾਹ ਮਸ਼ਵਰਾ ਕੀਤੇ ਬਗੈਰ ਬੇਸ਼ਰਮੀ ਨਾਲ ਨਿਰਦਈ ਕਾਨੂੰਨ ਬਣਾ ਦਿੱਤੇ ਗਏ। ਉਹਨਾਂ ਕਿਹਾ ਕਿ ਕੋਈ ਵੀ ਸਰਕਾਰ ਇੰਨੇ ਬੇਰਹਿਮ ਤੇ ਕਰੂਰ ਤਰੀਕੇ ਨਾਲ ਨਹੀਂ ਸੋਚ ਸਕਦੀ।
ਪ੍ਰਧਾਨ ਮੰਤਰੀ ਵੱਲੋਂ ਅੱਜ ਸਵੇਰੇ ਕੀਤੇ ਐਲਾਨ ’ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇਸ ਫੈਸਲੇ ਦਾ ਕਿਸਾਨਾਂ ਤੋਂ ਅੱਗੇ ਵੀ ਅਸਰ ਪਵੇਗਾ ਤੇ ਇਸਦਾ ਦੁਨੀਆਂ ਵਿਚ ਗਰੀਬ ਤੇ ਕਮਜ਼ੋਰ ਤੇ ਵੰਚਿਤ ਵਰਗਾਂ ਲਈ ਸੰਘਰਸ਼ ’ਤੇ ਵਿਆਪਕ ਤੇ ਚਿਰ ਕਾਲੀ ਅਸਰ ਪਵੇਗਾ।
ਸਰਦਾਰ ਬਾਦਲ ਨੇ ਸੰਘਰਸ਼ ਵਿਚ ਬੇਸ਼ੀਕੀਮਤੀ ਜਾਨਾਂ ਜਾਣ ’ਤੇ ਅਫੋਸ ਪ੍ਰਗਟ ਕੀਤਾ। ਉਹਨਾਂ ਕਿਹਾ ਕਿ ਮੇਰਾ ਦਿਲ ਉਹਨਾਂ 700 ਤੋਂ ਜ਼ਿਆਦਾ ਕਿਸਾਨਾਂ ਦੇ ਨਾਲ ਹੈ ਜਿਹਨਾਂ ਨੇ ਨਿਆਂ ਦੀ ਇਸ ਨੇਕ ਲੜਾਈ ਵਿਚ ਸ਼ਹਾਦਤ ਦੱਤੀ। ਉਹਨਾਂ ਕਿਹਾ ਕਿ ਕਾਸ਼ ਉਹ ਅੱਜ ਦਾ ਦਿਨ ਵੇਖਣ ਵਾਸਤੇ ਸਾਡੇ ਵਿਚ ਹੁੰਦੇ।
ਉਹਨਾਂ ਕਿਹਾ ਕਿ ਇਹ ਦਲੇਰ ਸੈਨਿਕਾਂ ਦੀ ਜਾਨ ਦਾ ਨੁਕਸਾਨ ਤੇ ਲਖੀਮਪੁਰ ਵਰਗੀਆਂ ਤ੍ਰਾਸਦੀ ਵਾਲੀਆਂ ਘਟਨਾਵਾਂ ਇਸ ਸਰਕਾਰ ਦੇ ਚੇਹਰੇ ’ਤੇ ਹਮੇਸ਼ਾ ਕਾਲਾ ਧੱਬਾ ਰਹਿਣਗੀਆਂ। ਉਹਨਾਂ ਕਿਹਾ ਕਿ ਹੁਣ ਕੇਂਦਰ ਤੇ ਰਾਜ ਸਰਕਾਰਾਂ ਨੁੰ ਇਹਨਾਂ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨਾਲ ਡੱਟ ਕੇ ਖੜ੍ਹਨਾ ਚਾਹੀਦਾ ਹੈ ਤੇ ਇਹਨਾਂ ਦੀ ਖੁੱਲ੍ਹੇ ਦਿਨ ਨਾਲ ਮਦਦ ਕਰਨੀ ਚਾਹੀਦੀ ਹੈ ਭਾਵੇਂ ਉਹ ਸਰਕਾਰੀ ਨੌਕਰੀ ਦਾ ਮਾਮਲਾ ਹੋਵੇ ਜਾਂ ਫਿਰ ਵਿੱਤੀ ਸਹਾਇਤਾ ਦੇਣ ਦਾ ਮਾਮਲਾ ਹੋਵੇ।
ਸਰਕਾਰ ਨੂੰ ਕਿਸਾਨਾਂ ਦੀ ਭਲਾਈ ਲਈ ਭਵਿੱਖ ਵਿਚ ਚੁੱਕੇ ਜਾਣ ਵਾਲੇ ਕਦਮਾਂ ’ਤੇ ਸਲਾਹ ਦੇਣ ਵਾਸਤੇ ਕਿਸਾਨ ਜਥੇਬੰਦੀਆਂ ਤੇ ਖੇਤੀਬਾੜੀ ਦਾ ਪਿਛੋਕੜ ਰੱਖਣ ਵਾਲੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਸੱਦਾ ਦੇਣ ਦੀ ਸਲਾਹ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਕਿਸਾਨਾਂ ਲਈ ਨਿਆਂ ਵਾਸਤੇ ਉਹ ਸਾਰੀ ਉਮਰ ਵਚਨਬੱਧ ਤੇ ਦ੍ਰਿੜ੍ਹ ਸੰਕਲਪ ਰਹੇ ਹਨ।