2017 ਦੀਆਂ ਚੋਣਾਂ ਵਿਚ ਗਰੋਵਰ ਨੇ ਮੋਗਾ ਤੋਂ 51 ਹਜ਼ਾਰ ਵੋਟ ਲੈ ਕੇ ਦੂਜਾ ਸਥਾਨ ਹਾਸਿਲ ਕੀਤਾ ਸੀ
ਬਾਦਲ/ਬਠਿੰਡਾ/18 ਅਪ੍ਰੈਲ: ਆਮ ਆਦਮੀ ਪਾਰਟੀ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਿਆ, ਜਦੋਂ ਇਸ ਦੇ ਮੋਗਾ ਜ਼ਿਲ੍ਹਾ ਦੇ ਸਾਬਕਾ ਪ੍ਰਧਾਨ ਸ੍ਰੀ ਰਮੇਸ਼ ਗਰੋਵਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਵਿਚ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ।
ਮੋਗਾ ਬਾਰ ਕੌਂਸਲ ਦੇ ਵੀ ਸਾਬਕਾ ਪ੍ਰਧਾਨ ਰਹਿ ਚੁੱਕੇ ਸ੍ਰੀ ਗਰੋਵਰ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਸ ਹਲਕੇ ਤੋਂ 51 ਹਜ਼ਾਰ ਵੋਟਾਂ ਲੈ ਕੇ ਦੂਜੇ ਸਥਾਨ ਉੱਤੇ ਰਹੇ ਸਨ। ਸਰਦਾਰ ਬਾਦਲ ਨੇ ਅੱਜ ਪਿੰਡ ਬਾਦਲ ਵਿਖੇ ਹੋਏ ਇੱਕ ਛੋਟੇ ਜਿਹੇ ਸਮਾਗਮ ਦੌਰਾਨ ਸ੍ਰੀ ਗਰੋਵਰ ਦਾ ਪਾਰਟੀ ਅੰਦਰ ਸਵਾਗਤ ਕੀਤਾ।
ਆਪ ਆਗੂ ਅਤੇ ਉਹਨਾਂ ਦੇ ਸਮਰਥਕਾਂ ਦਾ ਸਵਾਗਤ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਆਪ ਇਸ ਦੇ ਸੂਬਾਈ ਅਤੇ ਕੇਂਦਰੀ ਆਗੂਆਂ ਦੇ ਮਹਿਜ਼ ਸੱਤਾ ਦੀ ਲਾਲਸਾ ਅਧੀਨ ਹਰ ਮੁੱਦੇ ਉੱਤੇ ਵਾਰ ਵਾਰ ਪੈਂਤੜੇ ਬਦਲਣ ਕਰਕੇ ਆਪਣੀ ਭਰੋਸੇਯੋਗਤਾ ਖੋ ਚੁੱਕੀ ਹੈ। ਉਹਨਾਂ ਕਿਹਾ ਕਿ ਉਹਨਾਂ (ਆਪ ਆਗੂਆਂ) ਦਾ ਪਿਛਲੀਆਂ ਚੋਣਾਂ ਦੌਰਾਨ ਸਿਵਾਇ ਨੋਟ ਕਮਾਉਣ ਦੇ ਹੋਰ ਕੋਈ ਏਜੰਡਾ ਨਹੀਂ ਸੀ ਅਤੇ ਹੁਣ ਵੀ ਉਹ ਇਸੇ ਨੀਤੀ ਉੱਤੇ ਚੱਲ ਰਹੇ ਹਨ। ਉਹਨਾਂ ਕਿਹਾ ਕਿ ਇਸ ਪਾਰਟੀ ਦੀ ਸੂਬੇ ਅੰਦਰ ਆਪਣੀ ਕੋਈ ਪਹਿਚਾਣ ਨਹੀਂ ਹੈ, ਇਹ ਸਿਰਫ ਕਾਂਗਰਸ ਦੀ ਬੀ ਟੀਮ ਵਜੋਂ ਜਾਣੀ ਜਾਂਦੀ ਹੈ।
ਇਸ ਮੌਕੇ ਉੱਪਰ ਬੋਲਦਿਆਂ ਸ੍ਰੀ ਗਰੋਵਰ ਨੇ ਕਿਹਾ ਕਿ ਉਹਨਾਂ ਦਾ ਆਪ ਅੰਦਰ ਦਮ ਘੁਟ ਰਿਹਾ ਸੀ, ਕਿਉਂਕਿ ਇਹ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਦੇ ਖ਼ਿਲਾਫ ਕੰਮ ਕਰ ਰਹੀ ਹੈ। ਉਹਨਾਂ ਨੂੰ ਇਹ ਵੇਖ ਕੇ ਬਹੁਤ ਦੁੱਖ ਹੋਇਆ ਕਿ ਆਪ ਕਾਂਗਰਸ ਅਤੇ ਦੂਜੀਆਂ ਪਾਰਟੀਆਂ ਨਾਲ ਮਿਲ ਕੇ ਧਾਰਮਿਕ ਅਤੇ ਸੰਵੇਦਨਸ਼ੀਲ ਮੁੱਦਿਆਂ ਉੱਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਸਾਜ਼ਿਸ਼ ਰਚ ਰਹੀ ਹੈ। ਉਹਨਾਂ ਕਿਹਾ ਕਿ ਮੈਂ ਅਕਾਲੀ ਦਲ ਵਿਚ ਸ਼ਾਮਿਲ ਹੋਣ ਦਾ ਫੈਸਲਾ ਕਰ ਲਿਆ, ਕਿਉਂਕਿ ਮੈਂ ਸਿਆਸੀ ਫਾਇਦੇ ਲਈ ਆਪਣੇ ਲੋਕਾਂ ਨਾਲ ਵਿਸ਼ਵਾਸ਼ਘਾਤ ਨਹੀਂ ਕਰ ਸਕਦਾ।