ਬਠਿੰਡਾ/30 ਅਪ੍ਰੈਲ: ਆਮ ਆਦਮੀ ਪਾਰਟੀ ਨੂੰ ਅੱਜ ਉਸ ਸਮੇਂ ਇੱਕ ਵੱਡਾ ਝਟਕਾ ਲੱਗਿਆ, ਜਦੋਂ ਇਸ ਦੇ ਸਾਬਕਾ ਸਕੱਤਰ ਅਤੇ ਮੋਢੀ ਮੈਂਬਰ ਡਾਕਟਰ ਅਮਨਦੀਪ ਕੌਰ ਗੋਸਲ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਵਿਚ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ।
ਸੰਗਰੂਰ ਸਾਂਸਦ ਭਗਵੰਤ ਮਾਨ ਦੇ ਭ੍ਰਿਸ਼ਟ ਕੰਮਾਂ ਦਾ ਖੁਲਾਸਾ ਹੋਣ ਮਗਰੋਂ ਪਾਰਟੀ ਨੂੰ ਅਲਵਿਦਾ ਕਹਿਣ ਵਾਲੇ ਸਾਬਕਾ ਆਪ ਆਗੂ ਦਾ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬਾਦਲ ਵਿਖੇ ਅਕਾਲੀ ਦਲ ਅੰਦਰ ਸਵਾਗਤ ਕੀਤਾ।
ਇਸ ਮੌਕੇ ਉੱਪਰ ਬੋਲਦਿਆਂ ਡਾਕਟਰ ਗੋਸਲ ਨੇ ਕਿਹਾ ਕਿ ਉਹਨਾਂ ਨੇ ਆਪ ਨੂੰ ਇਸ ਲਈ ਛੱਡਿਆ ਸੀ, ਕਿਉਂਕਿ ਪੰਜਾਬ ਵਿਚ ਪਾਰਟੀ ਦੀ ਜੜ੍ਹ ਲਾਉਣ ਵਾਸਤੇ ਕੁਰਬਾਨੀਆਂ ਦੇਣ ਵਾਲੇ ਸਾਰੇ ਵਲੰਟੀਅਰਾਂ ਅਤੇ ਆਗੂਆਂ ਨੂੰ ਭਗਵੰਤ ਮਾਨ ਨੇ ਖੂੰਜੇ ਲਾ ਦਿੱਤਾ ਸੀ। ਉਹਨਾਂ ਕਿਹਾ ਕਿ ਮੈਂ ਆਪ ਅੰਦਰ ਫੈਲ ਰਹੇ ਭ੍ਰਿਸ਼ਟਾਚਾਰ ਤੋਂ ਵੀ ਬਹੁਤ ਪਰੇਸ਼ਾਨ ਸੀ, ਖਾਸ ਕਰਕੇ ਭਗਵੰਤ ਮਾਨ ਦੇ ਕੰਮਾਂ ਤੋਂ। ਉਹਨਾਂ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਐਨਆਰਆਈਜ਼ ਵੱਲੋਂ ਦਿੱਤੇ ਫੰਡਾਂ ਦਾ ਕੋਈ ਹਿਸਾਬ ਨਹੀਂ ਦਿੱਤਾ ਗਿਆ।
ਉਹਨਾਂ ਕਿਹਾ ਕਿ ਭਗਵੰਤ ਮਾਨ ਵਰਗੇ ਆਗੂਆਂ ਨੇ ਮੈਨੂੰ ਅਤੇ ਮੇਰੇ ਵਰਗੇ ਉਹਨਾਂ ਹਜ਼ਾਰਾਂ ਵਲੰਟੀਅਰਾਂ ਨੂੰ ਨਿਰਾਸ਼ ਕੀਤਾ ਹੈ, ਜਿਹੜੇ ਆਪ ਲਈ ਪ੍ਰਚਾਰ ਕਰਨ ਵਾਸਤੇ ਆਪਣੇ ਘਰ ਬਾਰ ਅਤੇ ਚੁੱਲ੍ਹਾ ਚੌਂਕਾ ਛੱਡ ਆਏ ਸਨ। ਉਹਨਾਂ ਕਿਹਾ ਕਿ ਮੈਂ ਸੰਗਰੂਰ ਦੇ ਲੋਕਾਂ ਨੂੰ ਭਗਵੰਤ ਮਾਨ ਦਾ ਅਸਲੀ ਚਿਹਰਾ ਵਿਖਾਉਣ ਵਿਚ ਅਕਾਲੀ ਦਲ ਅਤੇ ਇਸ ਦੇ ਸੱਚੇ ਅਤੇ ਇਮਾਨਦਾਰ ਉਮੀਦਵਾਰ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਦੀ ਮੱਦਦ ਕਰਾਂਗੀ।
ਡਾਕਟਰ ਗੋਸਲ ਦਾ ਪਾਰਟੀ ਅੰਦਰ ਸਵਾਗਤ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਸਾਬਕਾ ਆਪ ਆਗੂ ਦੀ ਪ੍ਰਭਾਵਸ਼ਾਲੀ ਸਖਸ਼ੀਅਤ ਤੋਂ ਬਹੁਤ ਪ੍ਰਭਾਵਿਤ ਹਨ। ਉਹਨਾਂ ਕਿਹਾ ਕਿ ਔਰਤਾਂ ਦੇ ਮੁੱਦੇ ਉਠਾਉਣ ਅਤੇ ਉਹਨਾਂ ਦੀ ਅਧਿਕਾਰਾਂ ਦੀ ਰਾਖੀ ਵਿਚ ਅਕਾਲੀ ਦਲ ਹਮੇਸ਼ਾਂ ਮੋਹਰੀ ਰਿਹਾ ਹੈ। ਉਹਨਾਂ ਕਿਹਾ ਕਿ ਮੈਂ ਡਾਕਟਰ ਗੋਸਲ ਨੂੰ ਔਰਤਾਂ ਦੀ ਭਲਾਈ ਲਈ ਕੰਮ ਕਰਨ ਦੀ ਅਪੀਲ ਕਰਦਾ ਹਾਂ ਅਤੇ ਵਿਸ਼ਵਾਸ਼ ਦੁਆਉਂਦਾ ਹਾਂ ਕਿ ਅਕਾਲੀ ਦਲ ਵਿਚ ਉਹਨਾਂ ਪੂਰਾ ਮਾਣ-ਸਨਮਾਨ ਦਿੱਤਾ ਜਾਵੇਗਾ।