ਕਿਹਾ ਕਿ ਆਪ ਆਗੂਆਂ ਨੂੰ ਰੈਲੀਆਂ ਵਾਲੇ ਸੱਦਾ ਦੇਣ ਆਉਂਦੇ ਵੇਖ ਕੇ ਪੰਜਾਬੀ ਦੂਰੋਂ ਹੀ ਛੂ-ਮੰਤਰ ਹੋ ਜਾਂਦੇ ਹਨ
ਚੰਡੀਗੜ•/22 ਜਨਵਰੀ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਬੁਰੀ ਤਰ•ਾਂ ਪਾਟੋਧਾੜ ਹੋਈ ਆਮ ਆਦਮੀ ਪਾਰਟੀ ਕੋਲੋਂ ਪੰਜਾਬੀਆਂ ਨੇ ਪੂਰੀ ਤਰ•ਾਂ ਕਿਨਾਰਾ ਕਰ ਲਿਆ ਹੈ, ਕਿਉਂਕਿ ਇਸ ਪਾਰਟੀ ਦੀ ਲੀਡਰਸ਼ਿਪ ਆਪਣੇ ਸੋੜੇ ਹਿੱਤਾਂ ਦੀ ਖਾਤਿਰ ਹਮੇਸ਼ਾਂ ਧੜੇ ਬਦਲਦੀ ਰਹਿੰਦੀ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਸਾਂਸਦ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ 'ਆਪ' ਅੰਦਰ ਵਾਰ ਵਾਰ ਹੋ ਰਹੀ ਟੁੱਟਭੱਜ ਨੇ ਪਾਰਟੀ ਵਰਕਰਾਂ ਨੂੰ ਭੰਬਲਭੂਸੇ ਵਿਚ ਪਾ ਦਿੱਤਾ ਹੈ ਕਿ ਉਹਨਾਂ ਨੂੰ ਕਿਸ ਦਾ ਸਾਥ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਿਰਫ ਪੰਜਾਬ ਦੇ ਆਮ ਲੋਕ ਹੀ ਨਹੀਂ, ਸਗੋਂ ਆਪ ਦੇ ਵਰਕਰ ਵੀ ਪਾਰਟੀ ਦੀਆਂ ਮੀਟਿੰਗਾਂ ਵਿਚ ਭਾਗ ਨਹੀਂ ਲੈਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਆਪ ਦੀ ਜਗਰਾਂਓ ਤੋਂ ਵਿਧਾਇਕ ਅਤੇ ਵਿਧਾਨ ਸਭਾ ਦੀ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ ਨੇ ਪਾਰਟੀ ਦੀ ਬਰਨਾਲਾ ਰੈਲੀ ਵਿਚ ਹੀ ਭਾਗ ਲੈਣ ਤੋਂ ਪਾਸਾ ਵੱਟ ਲਿਆ, ਕਿਉਂਕਿ ਉਹ ਆਪਣੇ ਹਲਕੇ ਦੇ ਵਰਕਰਾਂ ਨੂੰ ਇਸ ਰੈਲੀ ਵਿਚ ਭਾਗ ਲੈਣ ਵਾਸਤੇ ਰਾਜੀ ਨਹੀਂ ਸੀ ਕਰ ਪਾਈ।
ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਰੈਲੀ ਵਿਚ ਭਾਗ ਲੈਣ ਸੰਬੰਧੀ ਮਾਣੂੰਕੇ ਦੀ ਝਿਜਕ ਪਿੱਛੇ ਆਪ ਦੀ ਖੁਰ ਰਹੀ ਲੋਕ ਪ੍ਰਿਅਤਾ ਨੂੰ ਇੱਕ ਵੱਡਾ ਕਾਰਣ ਦੱਸਦਿਆਂ ਅਕਾਲੀ ਆਗੂ ਨੇ ਕਿਹਾ ਕਿ ਆਪ ਲੀਡਰਸ਼ਿਪ ਨੇ ਮਾਣੂੰਕੇ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਰੈਲੀ ਵਿਚ ਸਮਰਥਕਾਂ ਦੀਆਂ 50 ਬੱਸਾਂ ਲੈ ਕੇ ਆਵੇ। ਉਹਨਾਂ ਕਿਹਾ ਕਿ ਅਜਿਹੀ ਸ਼ਰਤ ਨੂੰ ਪੂਰਾ ਕਰਨਾ ਲਗਭਗ ਅਸੰਭਵ ਸੀ, ਇਸ ਲਈ ਮਾਣੂੰਕੇ ਨੇ ਰੈਲੀ ਤੋਂ ਪਾਸਾ ਵੱਟਣਾ ਹੀ ਬੇਹਤਰ ਸਮਝਿਆ।
ਆਪ ਨੂੰ ਕਾਂਗਰਸ ਪਾਰਟੀ ਦੀ ਬੀ ਟੀਮ ਕਰਾਰ ਦਿੰਦਿਆ ਅਕਾਲੀਅ ਆਗੂ ਨੇ ਕਿਹਾ ਕਿ ਆਪਣੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਦੌਰਾਨ ਕਾਂਗਰਸ ਨੂੰ ਆਪਣੀ ਸਭ ਤੋਂ ਵੱਡੀ ਦੁਸ਼ਮਣ ਕਰਾਰ ਦੇਣ ਮਗਰੋਂ ਆਪ ਨੇ ਦਿੱਲੀ ਵਿਚ ਪਹਿਲੀ ਵਾਰ ਇਸੇ ਪਾਰਟੀ ਨਾਲ ਗਠਜੋੜ ਕਰਕੇ ਸਰਕਾਰ ਬਣਾਈ ਸੀ। ਉਹਨਾਂ ਕਿਹਾ ਕਿ ਆਪ ਉਸ ਵਿਚਾਰਧਾਰਾ ਨੂੰ ਹੀ ਤਿਆਗ ਚੁੱਕੀ ਹੈ, ਜਿਸ ਉਤੇ ਇਸ ਨੂੰ ਖੜ•ਾ ਕੀਤਾ ਗਿਆ ਸੀ। ਹੁਣ ਇਸ ਦਾ ਮੁੱਖ ਮਕਸਦ ਕਿਸੇ ਵੀ ਤਰੀਕੇ ਨਾਲ ਸਿਰਫ ਸੱਤਾ ਹਾਸਿਲ ਕਰਨਾ ਹੈ । ਉਹਨਾਂ ਕਿਹਾ ਕਿ ਲੋਕ ਆਪ ਦਾ ਅਸਲੀ ਦਾ ਚਿਹਰਾ ਵੇਖ ਚੁੱਕੇ ਹਨ ਅਤੇ ਆ ਰਹੀਆਂ ਲੋਕ ਸਭਾ ਚੋਣਾਂ ਵਿਚ ਆਪ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ।