ਪਾਰਟੀ ਦੇਸ਼ ਦੇ ਕਿਸਾਨਾਂ ਤੋਂ ਮੁਆਫੀ ਮੰਗੇ : ਐਨ ਕੇ ਸ਼ਰਮਾ
ਚੰਡੀਗੜ੍ਹ, 23 ਅਕਤੂਬਰ : ਸ਼੍ਰੋਮਦੀ ਅਕਾਲੀ ਦਲ ਨੇ ਅੱਜ ਕਿਹਾ ਕਿ ਆਖਿਰਕਾਰ ਕਾਂਗਰਸ ਪਾਰਟੀ ਨੇ ਇਹ ਮੰਨ ਲਿਆ ਹੈ ਕਿ ਉਹ ਹੀ ਉਹਨਾਂ ਵਿਵਾਦਗ੍ਰਸਤ ਤਿੰਨ ਖੇਤੀ ਕਾਨੂੰਨ ਤਿਆਰ ਕਰਨ ਪਿੱਛੇ ਮੁੱਖ ਧਿਰ ਸੀ ਜਿਸਦਾ ਵਿਰੋਧ ਪਿਛਲੇ ਇਕ ਸਾਲ ਤੋਂ ਦੇਸ਼ ਦੇ ਕਿਸਾਨ ਕਰ ਰਹੇ ਹਨ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਸ੍ਰੀ ਐਨ ਕੇ ਸ਼ਰਮਾ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਖੁਦ ਬਿੱਲੀ ਥੈਲੇ ਵਿਚੋਂ ਬਾਹਰ ਲਿਆਂਦੀ ਹੈ। ਉਹਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਇਹ ਕਾਨੁੰਨ ਬਣਾਉਣ ਦੇ ਪਿੱਛੇ ਮੁੱਖ ਧਿਰ ਸਨ ਤੇ ਉਹਨਾਂ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਹੀ ਉਹਨਾ ਵੱਲੋਂ ਮੁੱਖ ਮੰਤਰੀਆਂ ਦੀ ਉਸ ਉਚ ਤਾਕਤੀ ਕਮੇਟੀ ਦੀਆਂ ਮੀਟਿੰਗਾਂ ਵਿਚ ਭਾਗ ਲੈਂਦੇ ਰਹੇ ਜਿਸਨੇ ਤਿੰਨ ਖੇਤੀ ਆਰਡੀਨੈਂਸ ਤਿਆਰ ਕੀਤੇ ਜਿਹਨਾਂ ਨੁੰ ਬਾਅਦ ਵਿਚ ਕਾਨੂੰਨਾਂ ਵਿਚ ਬਦਲਿਆ ਗਿਆ।
ਸ੍ਰੀ ਸ਼ਰਮਾ ਨੇ ਕਿਹਾ ਕਿ ਹੁਣ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਖੁਦ ਮੰਨਿਆ ਹੈ ਕਿ ਕਾਂਗਰਸ ਹੀ ਇਹ ਕਾਨੂੰਨ ਤਿਆਰ ਕਰਨ ਦੇ ਪਿੱਛੇ ਸੀ। ਉਹਨਾਂ ਕਿਹਾ ਕਿ ਕਾਂਗਰਸ ਨੁੰ ਦੇਸ਼ ਦੇ ਕਿਸਾਨਾਂ ਨੁੰ ਗੁੰਮਰਾਹ ਕਰਨ ਲਈ ਮੁਆਫੀ ਮੰਗਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਲੋਕ ਆਪ ਵੇਖ ਰਹੇ ਹਨ ਕਿ ਕਾਂਗਰਸ ਹੀ ਇਹ ਕਾਨੁੰਨ ਬਣਾਉਣ ਦੇ ਪਿੱਛੇ ਸੀ ਜਦਕਿ ਇਹ ਉਸ ਅਕਾਲੀ ਦਲ ’ਤੇ ਹਮਲੇ ਕਰਦੀ ਰਹੀ ਜਿਸਨੇ ਕੇਂਦਰੀ ਵਜ਼ਾਰਤ ਤੋਂ ਅਸਤੀਫਾ ਦੇ ਕੇ ਤੇ ਦਹਾਕਿਆਂ ਪੁਰਾਣਾ ਭਾਜਪਾ ਨਾਲ ਗਠਜੋੜ ਤੋੜ ਦੇ ਕੇ ਸ਼ਹਾਦਤਾਂ ਦਿੱਤੀਆਂ। ਉਹਨਾ ਕਿਹਾ ਕਿ ਇਹ ਸਾਬਤ ਹੋ ਗਿਆ ਹੈ ਕਿ ਕਾਂਗਰਸ ਹੀ ਉਸ ਗੁਨਾਹ ਦੀ ਦੋਸ਼ੀ ਸੀ ਜਿਸਦਾ ਦੋਸ਼ ਉਹ ਹੋਰਨਾਂ ਸਿਰ ਮੜ੍ਹਦੀ ਰਹੀ।
ਸ੍ਰੀ ਸ਼ਰਮਾ ਨੇ ਕਿਹਾ ਕਿ ਦੇਸ਼ ਦੇ ਲੋਕ ਖਾਸ ਤੌਰ ’ਤੇ ਪੰਜਾਬ ਦੇ ਕਿਸਾਨਾਂ ਕਦੇ ਵੀ ਕਾਂਗਰਸ ਪਾਰਟੀ ਨੁੰ ਇਹ ਕਾਨੁੰਨ ਬਣਾਉਣ ਲਈ ਮੁਆਫ ਨਹੀਂ ਕਰਨਗੇ। ਉਹਨਾ ਕਿਹਾ ਕਿ ਇਹਨਾਂ ਕਾਨੂੰਨਾਂ ਦਾ ਮਕਸਦ ਖੇਤੀਬਾੜੀ ਤਬਾਹ ਕਰਨਾ ਤੇ ਫਿਰ ਸਾਰਾ ਕੰਮ ਕਾਰਪੋਰੇਟ ਘਰਾਣਿਆਂ ਹਵਾਲੇ ਕਰਨਾ ਹੈ। ਉਹਨਾ ਕਿਹਾ ਕਿ ਭਾਰਤ ਦੇ ਇਤਿਹਾਸ ਵਿਚ ਕਦੇ ਵੀ ਦੇਸ਼ ਦੇ ਅੰਨਦਾਤਾ ਦੇ ਖਿਲਾਫ ਅਜਿਹੀ ਸਾਜ਼ਿਸ਼ ਨਹੀਂ ਰਚੀ ਗਈ।