ਚੰਡੀਗੜ੍ਹ/24 ਅਪ੍ਰੈਲ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਸੂਬੇ ਅੰਦਰ ਅੱਗ ਲੱਗਣ ਕਰਕੇ ਸੜ੍ਹੀਆਂ ਫਸਲਾਂ ਦੇ ਨੁਕਸਾਨ ਲਈ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਦਿੱਤਾ ਜਾਵੇ। ਉਹਨਾਂ ਨੇ ਇਹ ਮੁਆਵਜ਼ਾ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਸਰਕਾਰ ਨੂੰ ਦੋ-ਤਿੰਨ ਦਿਨਾਂ ਦੇ ਅੰਦਰ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣਾ ਚਾਹੀਦਾ ਹੈ ਅਤੇ ਇੱਕ ਹਫ਼ਤੇ ਦੇ ਅੰਦਰ ਕਿਸਾਨਾਂ ਦੇ ਹੱਥਾਂ ਵਿਚ ਮੁਆਵਜ਼ਾ ਪੁੱਜਦਾ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਕੀਤੀ ਗਈ ਦੇਰੀ ਕਿਸਾਨਾਂ ਨੂੰ ਕੋਈ ਵੀ ਮੁਆਵਜ਼ਾ ਨਾ ਦੇਣ ਦੇ ਤੁੱਲ ਸਾਬਿਤ ਹੋਵੇਗੀ।
ਸਰਦਾਰ ਬਾਦਲ ਨੇ ਮੁੱਖ ਮੰਤਰੀ ਨੂੰ ਇਹ ਵੀ ਚਿਤਾਵਨੀ ਦਿੱਤੀ ਕਿ ਉਹ ਮੁਆਵਜ਼ੇ ਦੇ ਨਾਂ ਉੱਤੇ ਕਿਸਾਨਾਂ ਨੂੰ ਮਾਮੂਲੀ ਰਾਸ਼ੀ ਦੇ ਕੇ ਡੰਗ ਟਪਾਉਣ ਤੋਂ ਗੁਰੇਜ਼ ਕਰਨ, ਕਿਉਂਕਿ ਅਜਿਹਾ ਕਰਨਾ ਲੋੜਵੰਦ ਕਿਸਾਨਾਂ ਦੀਆਂ ਤਕਲੀਫਾਂ ਦਾ ਮਜ਼ਾਕ ਉਡਾਉਣ ਦੇ ਸਮਾਨ ਹੋਵੇਗਾ। ਉਹਨਾਂ ਕਿਹਾ ਕਿ ਅੱਗ ਲੱਗਣ ਉਤੇ 100 ਫੀਸਦੀ ਫਸਲ ਨੁਕਸਾਨੀ ਜਾਂਦੀ ਹੈ, ਇਸ ਲਈ ਮੁਆਵਜ਼ਾ ਵੀ ਉਸੇ ਅਨੁਸਾਰ ਦਿੱਤਾ ਜਾਣਾ ਚਾਹੀਦਾ ਹੈ।
ਸਰਦਾਰ ਬਾਦਲ ਨੇ ਦੱਸਿਆ ਕਿ ਆਮ ਤੌਰ ਤੇ ਬਿਜਲੀ ਦੀਆਂ ਤਾਰਾਂ ਸੜਣ ਕਰਕੇ ਹੀ ਫਸਲਾਂ ਨੂੰ ਅੱਗ ਲੱਗਦੀ ਹੈ, ਜਿਸ ਨੂੰ ਰੋਕਣਾ ਕਿਸਾਨਾਂ ਦੇ ਹੱਥ ਵਿਚ ਨਹੀਂ ਹੁੰਦਾ ਹੈ ਅਤੇ ਵੇਖਦੇ ਹੀ ਵੇਖਦੇ ਪੱਕੀ ਪਕਾਈ ਫਸਲ ਸੜ੍ਹ ਕੇ ਸੁਆਹ ਹੋ ਜਾਂਦੀ ਹੈ। ਉਹਨਾਂ ਕਿਹਾ ਕਿ ਪੂਰੇ ਸੂਬੇ ਵਿਚੋਂ ਅੱਗ ਲੱਗਣ ਨਾਲ ਫਸਲਾਂ ਦੇ ਸੜ੍ਹਣ ਦੀਆਂ ਰਿਪੋਰਟਾਂ ਆ ਰਹੀਆਂ ਹਨ, ਇਸ ਲਈ ਸਾਰੇ ਜ਼ਿਲ੍ਹਿਆਂ ਵਿਚ ਹੋਏ ਫਸਲੀ ਨੁਕਸਾਨ ਦਾ ਤੁਰੰਤ ਜਾਇਜ਼ਾ ਲਿਆ ਜਾਵੇ।