ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਪਾਕਿਸਤਾਨੀ ਹਕੂਮਤ ਦੀ ਹਾਫਿਜ਼ ਸਈਦ ਦੇ ਸਾਥੀ ਗੋਪਾਲ ਸਿੰਘ ਚਾਵਲਾ ਨਾਲ ਸਾਂਝੇਦਾਰੀ ਨੇ ਇਕ ਬਹੁਤ ਹੀ ਗਲਤ ਸੁਨੇਹਾ ਦਿੱਤਾ ਹੈ
ਚੰਡੀਗੜ•/28 ਨਵੰਬਰ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਜੁਆਬ ਦੇਵੇ ਕਿ ਉਸ ਦਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਕਿਉਂ ਗਿਆ ਅਤੇ ਉੱਥੇ ਜਾ ਕੇ ਸਿੱਧੂ ਨੇ ਉਸੇ ਜਨਰਲ (ਕਮਰ ਜਾਵੇਦ ਬਾਜਵਾ) ਦੀ ਸੰਗਤ ਕਿਉਂ ਮਾਣੀ, ਜੋ ਹਮੇਸ਼ਾਂ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਦਾ ਆ ਰਿਹਾ ਹੈ, ਜਿਸ ਕਰਕੇ ਮੁੱਖ ਮੰਤਰੀ ਨੇ ਉਸ ਨੂੰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਸੀ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਪਾਰਟੀ ਦੇ ਬੁਲਾਰੇ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਬਹੁਤ ਹੀ ਬਾਗੀਆਨਾ ਹਰਕਤ ਸੀ ਕਿ ਸਿੱਧੂ ਨੇ ਨਾ ਸਿਰਫ ਪਾਕਿਸਤਾਨੀ ਸੈਨਾ ਦੇ ਮੁਖੀ ਨਾਲ ਹੱਥ ਮਿਲਾਇਆ, ਸਗੋਂ ਉਸ ਦੀ ਸੰਗਤ ਵੀ ਮਾਣੀ। ਉਹਨਾਂ ਕਿਹਾ ਕਿ ਇਸ ਮੁੱਦੇ ਉੱਤੇ ਸਿੱਧੂ ਨੇ ਆਪਣੇ ਮੁੱਖ ਮੰਤਰੀ ਦੀ ਨਸੀਹਤ ਵੀ ਨਹੀਂ ਸੁਣੀ ਅਤੇ ਇਸ ਮੌਕੇ ਦਿੱਤੇ ਆਪਣੇ ਭਾਸ਼ਣ ਵਿਚ ਜਨਰਲ ਬਾਜਵਾ ਨੂੰ ਪੰਜਾਬ ਅੰਦਰ ਆਪਣੀਆਂ ਅੱਤਵਾਦੀ ਗਤੀਵਿਧੀਆਂ ਬੰਦ ਕਰਨ ਲਈ ਵੀ ਨਹੀਂ ਆਖਿਆ।
ਇਹ ਟਿੱਪਣੀ ਕਰਦਿਆਂ ਕਿ ਆਪਣੇ ਮੁੱਖ ਮੰਤਰੀ ਦੀ ਹੇਠੀ ਕਰਵਾ ਦਿੱਤੀ ਹੈ, ਅਕਾਲੀ ਆਗੂ ਨੇ ਕਿਹਾ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਦਾ ਫਰਜ਼ ਹੈ ਕਿ ਉਹ ਸਿੱਧੂ ਵਿਰੁੱਧ ਕਾਰਵਾਈ ਕਰੇ, ਕਿਉਂਕਿ ਉਸ ਨੇ ਕੈਪਟਨ ਦੀ ਪਾਕਿਸਤਾਨ ਨਾ ਜਾਣ ਦੀ ਸਲਾਹ ਨੂੰ ਹੀਂ ਨਹੀਂ ਠੁਕਰਾਇਆ, ਸਗੋਂ ਉਸੇ ਪਾਕਿਸਤਾਨੀ ਜਨਰਲ ਨਾਲ ਦੋਸਤਾਨਾ ਵਿਵਹਾਰ ਵੀ ਕੀਤਾ ਹੈ। ਉਹਨਾਂ ਕਿਹਾ ਕਿ ਇਹ ਉਹੀ ਜਨਰਲ ਹੈ, ਪੰਜਾਬ ਵਿਚ ਨਸ਼ੇ ਭੇਜ ਰਿਹਾ ਹੈ। ਇਹ ਉਹੀ ਜਨਰਲ ਹੈ, ਜਿਸ ਨੇ ਪੰਜਾਬ ਵਿਚ ਹੈਡ ਗ੍ਰੇਨੇਡ ਭੇਜੇ ਸਨ, ਜਿਹਨਾਂ ਦਾ ਇਸਤੇਮਾਲ ਹਾਲ ਹੀ ਵਿਚ ਬੰਬ ਧਮਾਕਿਆਂ ਵਾਸਤੇ ਕੀਤਾ ਗਿਆ ਸੀ। ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਸਿੱਧੂ ਨੂੰ ਪਾਕਿਸਤਾਨ ਤੋਂ ਚੋਣ ਲੜਣ ਦਾ ਸੁਝਾਅ ਦਿੱਤਾ ਸੀ। ਮੈਂ ਸੋਚਦਾਂ ਕਿ ਕੈਪਟਨ ਅਮਰਿੰਦਰ ਨੂੰ ਇਮਰਾਨ ਖਾਨ ਦੀ ਗੱਲ ਮੰਨ ਲੈਣੀ ਚਾਹੀਦੀ ਹੈ ਅਤੇ ਸਿੱਧੂ ਨੂੰ ਅਜ਼ਾਦ ਕਰ ਦੇਣਾ ਚਾਹੀਦਾ ਹੈ ਤਾਂ ਕਿ ਉਹ ਇਸ ਪੇਸ਼ਕਸ਼ ਨੂੰ ਸਵੀਕਾਰ ਕਰ ਸਕੇ।
ਸਰਦਾਰ ਗਰੇਵਾਲ ਨੇ ਕਿਹਾ ਕਿ ਇਹ ਬਹੁਤ ਅਫਸੋਸ ਦੀ ਗੱਲ ਹੈ ਕਿ ਮੁੰਬਈ ਧਮਾਕਿਆਂ ਦੇ ਸਾਜ਼ਿਸ਼ਕਰਤਾ ਹਾਫਿਜ਼ ਸਈਦ ਦਾ ਸਾਥੀ ਗੋਪਾਲ ਸਿੰਘ ਚਾਵਲਾ ਵੀ ਨੀਂਹ-ਪੱਥਰ ਸਮਾਗਮ ਦੇ ਮੌਕੇ ਪਾਕਿਸਤਾਨੀ ਫੌਜ ਦੇ ਮੁਖੀ ਨਾਲ ਜੱਫੀਆਂ ਪਾਉਂਦਾ ਵੇਖਿਆ ਗਿਆ। ਉਹਨਾਂ ਕਿਹਾ ਕਿ ਪੰਜਾਬ ਦੀ ਸ਼ਾਂਤੀ ਭੰਗ ਕਰਨ ਲਈ ਕੰਮ ਕਰ ਰਹੇ ਚਾਵਲਾ ਵਰਗੇ ਭਾਰਤ-ਵਿਰੋਧੀ ਕਿਰਦਾਰ ਵਾਲੇ ਵਿਅਕਤੀ ਨੂੰ ਇਸ ਸਮਾਗਮ ਦੌਰਾਨ ਬੇਲੋੜੀ ਅਹਿਮੀਅਤ ਦਿੱਤੀ ਗਈ। ਉਸ ਦਾ ਪਾਕਿਸਤਾਨੀ ਸੈਨਾ ਮੁਖੀ ਦੀ ਨੇੜਤਾ ਮਾਣਨਾ ਇਕ ਬਹੁਤ ਹੀ ਚਿੰਤਾ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਇਸ ਨਾਲ ਸਿੱਖਾਂ ਨੂੰ ਉਲਝਣ ਵਿਚ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜੋ ਕਿ ਇਸ ਉਪ-ਮਹਾਂਦੀਪ ਅੰਦਰ ਸ਼ਾਂਤੀ ਸਥਾਪਤ ਕਰਨ ਦੇ ਮੁਦਈ ਹਨ। ਉਹਨਾਂ ਕਿਹਾ ਕਿ ਚਾਵਲਾ ਸ਼ਾਂਤੀ ਦਾ ਦੁਸ਼ਮਣ ਹੈ।ਪਾਕਿਸਤਾਨੀ ਸਰਕਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਾਂਤੀ ਅਤੇ ਵਿਸ਼ਵ ਭਾਈਚਾਰੇ ਦੇ ਸੁਨੇਹੇ ਦਾ ਪ੍ਰਚਾਰ ਕਰਨ ਲਈ ਰੱਖੇ ਇਸ ਪਵਿੱਤਰ ਸਮਾਗਮ ਨਾਲ ਚਾਵਲਾ ਨੂੰ ਨਹੀਂ ਸੀ ਜੋੜਣਾ ਚਾਹੀਦਾ।
ਇਹ ਟਿੱਪਣੀ ਕਰਦਿਆਂ ਕਿ ਸਿੱਖ ਭਾਈਚਾਰਾ ਕਦੇ ਵੀ ਭਾਰਤ ਨੂੰ ਤੋੜਣ ਦੀ ਗੱਲ ਕਰਨ ਵਾਲਿਆਂ ਦਾ ਸਾਥ ਨਹੀਂ ਦੇਵੇਗਾ, ਅਕਾਲੀ ਆਗੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੁਆਰਾ ਇਸ ਉਪ ਮਹਾਂਦੀਪ ਵਿਚ ਸ਼ਾਂਤੀ ਸਥਾਪਤ ਕਰਨ ਲਈ ਕੀਤੇ ਉਪਰਾਲੇ ਨੂੰ ਅੱਗੇ ਲਿਜਾਣ ਵਾਸਤੇ ਸੰਜੀਦਾ ਕੋਸ਼ਿਸ਼ਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ।