ਡਾਕਟਰ ਚੀਮਾ ਨੇ ਕਿਹਾ ਕਿ ਕੀ ਅਸਲੀ ਅਮਰਿੰਦਰ ਸਾਹਮਣੇ ਆਵੇਗਾ
ਕਿਹਾ ਕਿ ਸਿੱਖਾਂ ਲਈ ਖਾਲਿਸਤਾਨ ਕੋਈ ਮੁੱਦਾ ਨਹੀਂ ਹੈ
ਚੰਡੀਗੜ੍ਹ/11 ਜੁਲਾਈ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਖਾਲਿਸਤਾਨ ਅਤੇ ਅਖੌਤੀ ਰਾਇਸ਼ੁਮਾਰੀ 2020 ਦੇ ਮੁੱਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਪਰ ਦੋਗਲੀ ਬਾਜ਼ੀ ਖੇਡਣ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਕੈਪਟਨ ਪੰਜਾਬ ਅੰਦਰ ਵੱਖਵਾਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਵਾਲੇ ਅਨਸਰਾਂ ਬਾਰੇ ਆਪਣੇ ਸਟੈਂਡ ਨੂੰ ਸਪੱਸ਼ਟ ਕਰੇ। ਪਾਰਟੀ ਨੇ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਇੱਕ ਪਾਸੇ ਮੁੱਖ ਮੰਤਰੀ ਖਾਲਿਸਤਾਨ ਦਾ ਸ਼ਰੇਆਮ ਸਮਰਥਨ ਕਰਨ ਵਾਲੇ ਬਲਜੀਤ ਸਿੰਘ ਦਾਦੂਵਾਲ, ਧਿਆਨ ਸਿੰਘ ਮੰਡ ਵਰਗਿਆਂ ਨਾਲ ਖਾਂਦਾ-ਪੀਂਦਾ ਅਤੇ ਉੱਠਦਾ-ਬੈਠਦਾ ਹੈ ਅਤੇ ਇੱਥੋਂ ਤਕ ਕਿ ਵਿਦੇਸ਼ਾਂ ਵਿਚ ਡਿਕਸੀ ਵਰਗੇ ਖਾਲਿਸਤਾਨੀ ਗੜ੍ਹ ਵਾਲੇ ਇਲਾਕਿਆਂ 'ਚ ਜਾਂਦਾ ਹੈ ਅਤੇ ਦੂਜੇ ਪਾਸੇ ਦੇਸ਼-ਭਗਤ ਹੋਣ ਦਾ ਵੀ ਢਕਵੰਜ ਕਰਦਾ ਹੈ।
ਇਸ ਬਾਰੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕੀ ਕਿਰਪਾ ਕਰਕੇ ਅਸਲੀ ਅਮਰਿੰਦਰ ਸਾਹਮਣੇ ਆਵੇਗਾ, ਜਿਸਦਾ ਇਸ ਮੁੱਦੇ ਉੱਤੇ ਇੱਕ ਸਟੈਂਡ ਹੋਵੇ?
ਡਾਕਟਰ ਚੀਮਾ ਨੇ ਦੇਸ਼ ਅੰਦਰ ਸੰਘੀ ਢਾਂਚੇ ਦੇ ਹੱਕ ਵਿਚ ਪਾਰਟੀ ਦਾ ਸਟੈਂਡ ਦੁਹਰਾਉਂਦਿਆਂ ਕਿਹਾ ਕਿ ਸੂਬਿਆਂ ਕੋਲ ਵੱਧ ਤੋਂ ਵੱਧ ਅਧਿਕਾਰ ਹੋਣੇ ਚਾਹੀਦੇ ਹਨ। ਉਹਨਾਂ ਨੇ ਦੇਸ਼ ਭਗਤ, ਅਣਖੀ ਅਤੇ ਬਹਾਦਰ ਸਿੱਖ ਕੌਮ ਦਾ ਸਨਮਾਨ ਬਹਾਲ ਕਰਨ ਅਤੇ ਉਹਨਾਂ ਦੀਆਂ ਜਾਇਜ਼ ਸ਼ਿਕਾਇਤਾਂ ਦੂਰ ਕਰਨ ਦੀ ਵੀ ਵਕਾਲਤ ਕੀਤੀ। ਉਹਨਾਂ ਕਿਹਾ ਕਿ ਅਸੀਂ ਇਸ ਦੇਸ਼ ਦੀ ਰਾਖੀ ਕਰਨ ਵਾਲੀ ਬਾਂਹ ਹਾਂ ਅਤੇ ਅਸੀਂ ਸਿਰਫ ਇਹੋ ਚਾਹੁੰਦੇ ਹਾਂ ਕਿ ਸਾਡਾ ਸਨਮਾਨ ਬਹਾਲ ਕੀਤਾ ਜਾਵੇ ਅਤੇ ਸਾਡੇ ਹੱਕਾਂ ਦੀ ਰਾਖੀ ਹੋਵੇ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾਂ ਪੰਜਾਬੀਆਂ ਅਤੇ ਸਿੱਖਾਂ ਦੇ ਹੱਕਾਂ ਲਈ ਸ਼ਾਂਤੀਮਈ ਅਤੇ ਜਮਹੂਰੀ ਢੰਗ ਨਾਲ ਮੋਰਚੇ ਲਾਏ ਹਨ। ਖਾਲਿਸਤਾਨ ਸਿੱਖਾਂ ਲਈ ਕੋਈ ਮੁੱਦਾ ਨਹੀਂ ਹੈ।
ਡਾਕਟਰ ਚੀਮਾ ਨੇ ਕਿਹਾ ਕਿ 'ਸਿੱਖਸ ਫਾਰ ਜਸਟਿਸ' ਉੱਤੇ ਪਾਬੰਦੀ ਲਾਉਣ ਦੇ ਮੁੱਦੇ ਉੱਤੇ ਅਮਰਿੰਦਰ ਦਾ ਪਾਖੰਡੀ ਸਟੈਂਡ ਅਤੇ ਸ਼ਰੇਆਮ ਖਾਲਿਸਤਾਨ ਦੀ ਹਮਾਇਤ ਕਰਨ ਵਾਲੇ ਅਨਸਰਾਂ ਨਾਲ ਉਸ ਦਾ ਮੇਲਜੋਲ ਇਸ ਗੱਲ ਦੀ ਉੱਘੜਵੀਂ ਮਿਸਾਲ ਹੈ ਕਿ ਉਹ ਇਸ ਮੁੱਦੇ ਉੱਤੇ ਦੋਗਲੀ ਬਾਜ਼ੀ ਖੇਡ ਰਿਹਾ ਹੈ। ਇੱਕ ਬੋਲੀ ਉਹ ਦਿੱਲੀ ਵਾਸਤੇ ਬੋਲਦਾ ਹੈ ਅਤੇ ਦੂਜੀ ਉਹਨਾਂ ਵਾਸਤੇ ਬੋਲਦਾ ਹੈ, ਜਿਹਨਾਂ ਨੂੰ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਅਤੇ ਸਿੱਖਾਂ ਵਿਚ ਵੰਡੀਆਂ ਪਾਉਣ ਲਈ ਇਸਤੇਮਾਲ ਕਰਦਾ ਹੈ। ਰਾਸ਼ਟਰਵਾਦ ਦੇ ਨਾਅਰੇ ਲਗਾਉਣਾ ਅਤੇ ਸਿੱਖਾਂ ਦੇ ਗੁਰਧਾਮਾਂ ਉੱਤੇ ਕਬਜ਼ਾ ਕਰਨ ਲਈ ਅੰਦਰਖਾਤੇ ਅਕਾਲੀ ਦਲ-ਵਿਰੋਧੀ ਗਰਮਖਿਆਲੀਆਂ ਨਾਲ ਸਾਝਾਂ ਪਾਉਣਾ ਕਾਂਗਰਸੀ ਦਾ ਇੱਕ ਪੁਰਾਣਾ ਹਥਕੰਡਾ ਹੈ।
ਡਾਕਟਰ ਚੀਮਾ ਨੇ ਕਿਹਾ ਕਿ ਸਿੱਖਾਂ ਵਿਚ ਵੰਡੀਆਂ ਪਾਉਣ ਅਤੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਭੜਕਾਊ ਨਾਅਰਿਆਂ ਰਾਹੀਂ ਕਾਂਗਰਸ ਸਰਕਾਰਾਂ ਦੀ ਸਿੱਖ ਗੁਰਧਾਮਾਂ ਅਤੇ ਐਸਜੀਪੀਸੀ ਵਰਗੀਆਂ ਸੰਸਥਾਵਾਂ ਉੱਤੇ ਕਬਜ਼ੇ ਕਰਨ ਦੀ ਲਾਲਸਾ ਨੇ ਪੰਜਾਬ ਅੰਦਰ ਖਾੜਕੂਵਾਦ ਨੂੰ ਜਨਮ ਦਿੱਤਾ ਸੀ। ਉਹਨਾਂ ਕਿਹਾ ਕਿ ਅਮਰਿੰਦਰ ਉਹਨਾਂ ਸਾਰੀਆਂ ਸਾਜ਼ਿਸ਼ਾਂ ਦਾ ਇੱਕ ਅਹਿਮ ਹਿੱਸਾ ਸੀ। ਉਹ ਉਹਨਾਂ ਕਾਂਗਰਸੀ ਆਗੂਆਂ ਦੀ ਸ਼੍ਰੇਣੀ ਵਿਚ ਆਉਂਦਾ ਹੈ, ਜਿਹੜੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਸਿੱਖੀ ਦਾ ਮੁਖੌਟਾ ਪਾ ਲੈਂਦੇ ਹਨ ਜਦਕਿ ਉਹ ਅੰਦਰੋਂ ਸਿੱਖ ਪੰਥ ਨੂੰ ਕਮਜ਼ੋਰ ਕਰਨ ਵਾਲੀਆਂ ਸਾਜ਼ਿਸ਼ਾਂ ਦਾ ਹਿੱਸਾ ਹੁੰਦੇ ਹਨ। ਅਜਿਹੇ ਆਗੂ ਆਪਣੇ ਆਕਾਵਾਂ ਦੀ ਨਜ਼ਰ ਵਿਚ ਸੱਚੇ ਰਹਿਣ ਲਈ ਇਕਦਮ ਰਾਸ਼ਟਰਵਾਦੀ ਬਣ ਜਾਂਦੇ ਹਨ।