ਬਠਿੰਡਾ/11 ਮਈ:ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ 1984 ਸਿੱਖ ਕਤਲੇਆਮ ਦੇ ਪੀੜਤਾਂ ਲਈ ਮਗਰਮੱਛ ਦੇ ਹੰਝੂ ਵਹਾਉਣ ਲਈ ਸਖ਼ਤ ਨਿਖੇਧੀ ਕੀਤੀ ਹੈ।ਇਸ ਦੇ ਨਾਲ ਹੀ ਉਹਨਾਂ ਨੇ ਸੈਮ ਪਿਤਰੋਦਾ ਨੂੰ ਵੀ ਸਿੱਖ ਕਤਲੇਆਮ ਬਾਰੇ ਘਟੀਆ ਟਿੱਪਣੀਆਂ ਕਰਨ ਲਈ ਫਟਕਾਰਿਆ ਹੈ।
ਸਰਦਾਰ ਮਜੀਠੀਆ ਨੇ ਕਿਹਾ ਕਿ ਪਿਤਰੋਦਾ ਅਤੇ ਅਮਰਿੰਦਰ ਸਿੰਘ ਦੋਵੇਂ ਇੱਕ ਸਿੱਕੇ ਦੇ ਦੋ ਪਹਿਲੂ ਹਨ। ਦੋਵੇਂ ਹੀ ਗਾਂਧੀ ਪਰਿਵਾਰ ਦੇ ਨਜ਼ਦੀਕੀ, ਸਿਆਸੀ ਸਲਾਹਕਾਰ ਅਤੇ ਇਸ ਦੀਆਂ ਮੁਸੀਬਤਾਂ ਦੂਰ ਕਰਨ ਵਾਲੇ ਹਨ। ਇਸ ਲਈ ਅਮਰਿੰਦਰ ਵੱਲੋਂ ਪਿਤਰੋਦਾ ਦੇ ਬਿਆਨ ਖਿਲਾਫ ਕੀਤੀ ਟਿੱਪਣੀ ਲੋਕ ਸਭਾ ਵਿਚ ਕਾਂਗਰਸ ਦਾ ਨੁਕਸਾਨ ਤੋਂ ਬਚਾਉਣ ਲਈ ਇੱਕ ਸੋਚਿਆ-ਸਮਝਿਆ ਸਿਆਸੀ ਪੈਂਤੜਾ ਹੈ।
ਸਰਦਾਰ ਮਜੀਠੀਆ ਨੇ ਕਿਹਾ ਕਿ ਜੇਕਰ ਅਮਰਿੰਦਰ ਸਿੰਘ ਨੂੰ 1984 ਦੇ ਪੀੜਤਾਂ ਦੀ ਇੰਨੀ ਚਿੰਤਾ ਹੈ ਤਾਂ ਉਹ ਦੱਸੇ ਕਿ ਹੁਣ ਤੱਕ ਉਸ ਨੇ ਉਹਨਾਂ ਲਈ ਕੀਤਾ ਹੈ। ਮੁੱਖ ਮੰਤਰੀ ਉਤੇ ਸੁਆਲਾਂ ਦੀ ਬੁਛਾੜ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਕੀ ਅਮਰਿੰਦਰ ਨੇ ਕਦੇ ਵੀ ਕਤਲੇਆਮ ਦੇ ਦੋਸ਼ੀਆਂ ਜਿਵੇਂ ਐਲਕੇ ਭਗਤ, ਸੱਜਣ ਕੁਮਾਰ, ਜਗਦੀਸ਼ ਟਾਈਟਲਰ ਵਰਗਿਆਂ ਨੂੰ ਰਾਜੀਵ ਗਾਂਧੀ ਵੱਲੋਂ ਪਾਰਟੀ ਟਿਕਟਾਂ ਦੇਣ ਅਤੇ ਆਪਣੀ ਵਜ਼ਾਰਤ ਵਿਚ ਸ਼ਾਮਿਲ ਕਰਨ ਦਾ ਵਿਰੋਧ ਕੀਤਾ ਸੀ ਜਦਕਿ ਉਸ ਨਾਲ ਕੈਪਟਨ ਦੇ ਪਰਿਵਾਰਕ ਸੰਬੰਧ ਸਨ।
ਉਹਨਾਂ ਕਿਹਾ ਕਿ ਕੀ ਹੁਣ ਵੀ ਅਮਰਿੰਦਰ ਸਿੰਘ ਨੇ ਕਦੇ ਕਮਲ ਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਏ ਜਾਣ ਖਿਲਾਫ ਆਵਾਜ਼ ਉਠਾਈ ਹੈ? ਉਹਨਾਂ ਕਿਹਾ ਕਿ ਅਮਰਿੰਦਰ ਦੋਸ਼ੀਆਂ ਨੂੰ ਟਿਕਟਾਂ ਅਤੇ ਵਜ਼ੀਰੀਆਂ ਦਿੱਤੇ ਜਾਣ ਦੇ ਮੁੱਦੇ ਉਤੇ ਅਸਤੀਫਾ ਦੇ ਸਕਦਾ ਸੀ। ਸਰਦਾਰ ਮਜੀਠੀਆ ਨੇ ਕਿਹਾ ਕਿ ਕੀ ਕੈਪਟਨ ਨੇ ਕਦੇ ਦਿੱਲੀ ਵਿਚ ਸਿੱਖਾਂ ਵੱਲੋਂ ਪੀੜਤਾਂ ਲਈ ਇਨਸਾਫ ਵਾਸਤੇ ਕੀਤੇ ਕਿਸੇ ਪ੍ਰਦਰਸ਼ਨ ਵਿਚ ਕਦੇ ਹਿੱਸਾ ਲਿਆ ਹੈ? 1984 ਦੇ ਬੁੱਚੜਾਂ ਨੂੰ ਸਜ਼ਾ ਦਿਵਾਉਣ ਵਿਚ ਉਸ ਦੀ ਕੀ ਭੂਮਿਕਾ ਰਹੀ ਹੈ?
ਮਜੀਠੀਆ ਨੇ ਕਿਹਾ ਕਿ ਅਮਰਿੰਦਰ ਉਸੇ ਪਾਰਟੀ ਵਿਚ ਦੁਬਾਰਾ ਸ਼ਾਮਿਲ ਹੋ ਗਿਆ ਸੀ, ਜਿਸ ਦੇ ਆਗੂਆਂ ਨੇ ਅਮਰਿੰਦਰ ਦੇ ਖੁਦ ਮੰਨਣ ਅਨੁਸਾਰ 5 ਹਜ਼ਾਰ ਸਿੱਖਾਂ ਦਾ ਕਤਲ ਕੀਤਾ ਸੀ, ਹਜ਼ਾਰਾਂ ਗੁਰਦੁਆਰਿਆਂ ਨੂੰ ਅੱਗਾਂ ਲਾਈਆਂ ਸਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸੈਂਕੜੇ ਸਰੂਪਾਂ ਦੀ ਬੇਅਦਬੀ ਕੀਤੀ ਸੀ। ਉਹਨਾਂ ਕਿਹਾ ਕਿ ਅਮਰਿੰਦਰ ਕਿਹੜੇ ਮੂੰਹ ਨਾਲ ਬੇਅਦਬੀ ਦੀ ਗੱਲ ਕਰਦਾ ਹੈ ਜਦਕਿ ਉਸ ਦੀ ਆਪਣੀ ਪਾਰਟੀ ਨੇ ਸਭ ਤੋਂ ਵੱਧ ਬੇਅਦਬੀਆਂ ਕੀਤੀਆਂ ਹਨ।
ਅਕਾਲੀ ਆਗੂ ਨੇ ਕਿਹਾ ਕਿ ਅਮਰਿੰਦਰ ਨੂੰ ਇਹਨਾਂ ਸਾਰੇ ਸੁਆਲਾਂ ਦੇ ਜੁਆਬ ਦੇਣ ਦੀ ਲੋੜ ਹੈ। ਉਹਨਾਂ ਕਿਹਾ ਕਿ ਅਮਰਿੰਦਰ ਨੇ ਪਿਤਰੋਦਾ ਦੀ ਜਿਹੜੀ ਨਿਖੇਧੀ ਕੀਤੀ ਹੈ , ਇਸ ਸਿਰਫ ਕਾਂਗਰਸ ਦਾ ਨੁਕਸਾਨ ਬਚਾਉਣ ਲਈ ਚੱਲਿਆ ਇੱਕ ਸਿਆਸੀ ਪੈਂਤੜਾ ਹੈ, ਜਿਹੜਾ ਪੰਜਾਬੀਆਂ ਨੂੰ ਸਵੀਕਾਰ ਨਹੀਂ ਹੈ।
ਅਮਰਿੰਦਰ ਉੱਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਉਂਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਅਮਰਿੰਦਰ ਸਿੰਘ ਇਹ ਕਹਿੰਦਿਆਂ ਜਾਣ ਬੁੱਝ ਕੇ ਰਾਜੀਵ ਗਾਂਧੀ ਦਾ ਬਚਾਅ ਕਰਦਾ ਆ ਰਿਹਾ ਹੈ ਕਿ ਪ੍ਰਧਾਨ ਮੰਤਰੀ ਦੇ ਦਫ਼ਤਰ ਨੇ ਦੰਗਿਆਂ ਵਾਸਤੇ ਕੋਈ ਨਿਰਦੇਸ਼ ਜਾਰੀ ਨਹੀਂ ਕੀਤਾ ਸੀ। ਇਸ ਤੋਂ ਇਲਾਵਾ ਅਮਰਿੰਦਰ ਸਿੰਘ ਨੇ ਇਹ ਵੀ ਕਿਹਾ ਹੈ ਕਿ ਰਾਜੀਵ ਗਾਂਧੀ ਕਲਕੱਤਾ ਵਿਚ ਸੀ ਅਤੇ ਵਾਪਸ ਦਿੱਲੀ ਆ ਕੇ ਉਸ ਨੇ ਫੌਜ ਬੁਲਾਉਣ ਦਾ ਹੁਕਮ ਦਿੱਤਾ ਸੀ, ਜਿਸ ਨੇ ਸ਼ਾਂਤੀ ਸਥਾਪਤ ਕੀਤੀ ਸੀ। ਇਹ ਸਭ ਝੂਠੀਆਂ ਗੱਲਾਂ ਹਨ।
ਸਰਦਾਰ ਮਜੀਠੀਆ ਨੇ ਕਿਹਾ ਕਿ ਰਾਜੀਵ ਗਾਂਧੀ 31 ਅਕਤੂਬਰ 1984 ਨੂੰ ਦਿੱਲੀ ਵਾਪਸ ਆ ਗਿਆ ਸੀ ਅਤੇ ਉਸੇ ਸ਼ਾਮ ਉਸ ਨੂੰ ਪ੍ਰਧਾਨ ਮੰਤਰੀ ਦੀ ਸਹੁੰ ਚੁਕਾਈ ਗਈ ਸੀ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਦੰਗੇ ਰਾਜੀਵ ਦੇ ਦਿੱਲੀ ਆਉਣ ਮਗਰੋਂ ਸ਼ੁਰੂ ਹੋਏ ਸਨ ਅਤੇ ਫੌਜ ਬੁਲਾਏ ਜਾਣ ਤਕ ਲਗਾਤਾਰ ਜਾਰੀ ਰਹੇ ਸਨ, ਜਦਕਿ ਦਿੱਲੀ ਵਿਚ ਭਾਰੀ ਮਾਤਰਾ ਵਿਚ ਫੌਜ ਪਹਿਲਾਂ ਵੀ ਮੌਜੂਦ ਸੀ।