ਪੰਜਾਬ ਸਰਕਾਰ ਨੂੰ ਕਿਹਾ ਕਿ ਉਹ ਗਰੀਬਾਂ ਨੂੰ ਉਹਨਾਂ ਦੇ ਹੱਕ ਤੋਂ ਵਾਂਝਾ ਨਾ ਕਰੇ
ਕਿਹਾ ਕਿ ਲੋਕਾਂ ਨੂੰ ਕਾਂਗਰਸੀ ਵਿਧਾਇਕਾਂ ਕੋਲੋਂ ਪੁੱਛਣਾ ਚਾਹੀਦਾ ਹੈ ਕਿ ਰਾਸ਼ਨ ਪਿੰਡਾਂ ਵਿਚ ਕਿਉਂ ਨਹੀਂ ਪਹੁੰਚ ਰਿਹਾ ਹੈ
ਚੰਡੀਗੜ੍ਹ/06 ਮਈ:ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਕੇਂਦਰ ਵੱਲੋ ਅਪ੍ਰੈਲ ਮਹੀਨੇ ਲਈ ਭੇਜੀ ਖੁਰਾਕ ਰਾਹਤ ਸਮੱਗਰੀ ਨੂੰ ਪੰਜਾਬ ਦੇ ਲੋਕਾਂ ਵਿਚ ਵੰਡਿਆ ਨਹੀਂ ਗਿਆ ਹੈ। ਉਹਨਾਂ ਪੰਜਾਬ ਸਰਕਾਰ ਨੂੰ ਆਖਿਆ ਕਿ ਉਹ ਗਰੀਬਾਂ ਨੂੰ ਉਹਨਾਂ ਦੇ ਹੱਕ ਤੋਂ ਵਾਂਝਾ ਨਾ ਕਰੇ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਪੂਰੇ ਸੂਬੇ ਵਿਚੋਂ ਅਜਿਹੀਆਂ ਰਿਪੋਰਟਾਂ ਆ ਰਹੀਆਂ ਹਨ ਕਿ ਭਾਵੇਂਕਿ ਮਈ ਮਹੀਨੇ ਲਈ ਕੇਂਦਰੀ ਰਾਹਤ ਜਿਸ ਵਿਚ ਕਣਕ ਅਤੇ ਦਾਲਾਂ ਸ਼ਾਮਿਲ ਹਨ, ਪੰਜਾਬ ਵਿਚ ਪਹੁੰਚ ਚੁੱਕੀ ਹੈ, ਪਰੰਤੂ ਅਜੇ ਤਕ ਪਿਛਲੇ ਮਹੀਨਾ ਦਾ ਰਾਸ਼ਨ ਵੀ ਲੋਕਾਂ ਵਿਚ ਵੰਡਿਆ ਨਹੀਂ ਗਿਆ ਹੈ। ਉਹਨਾਂ ਕਿਹਾ ਕਿ ਹੁਣ ਤਕ ਬਹੁਤ ਥੋੜ੍ਹਾ ਰਾਸ਼ਨ ਵੰਡਿਆ ਗਿਆ ਹੈ, ਜਦਕਿ ਹੁਣ ਤਕ ਕੇਂਦਰ ਵੱਲੋਂ ਪੰਜਾਬ ਦੀ ਅੱਧੀ ਅਬਾਦੀ ਯਾਨਿ 1.4 ਕਰੋੜ ਲੋਕਾਂ ਵਾਸਤੇ ਸੂਬਾ ਸਰਕਾਰ ਨੂੰ ਇੱਕ ਲੱਖ ਮੀਟਰਿਕ ਟਨ ਕਣਕ ਅਤੇ 6 ਹਜ਼ਾਰ ਮੀਟਰਿਕ ਟਨ ਦਾਲਾਂ ਭੇਜੀਆਂ ਜਾ ਚੁੱਕੀਆਂ ਹਨ।
ਇਹ ਟਿੱਪਣੀ ਕਰਦਿਆਂ ਕਿ ਰਾਹਤ ਸਮੱਗਰੀ ਵੰਡਣ ਸਮੇਂ ਸਿਆਸੀ ਵਿਤਕਰਾ ਕੀਤਾ ਜਾ ਰਿਹਾ ਹੈ, ਬੀਬਾ ਬਾਦਲ ਨੇ ਕਿਹਾ ਕਿ ਇਸ ਰਾਹਤ ਸਮੱਗਰੀ ਦੀ ਵੰਡ ਅਜੇ ਸਿਰਫ ਲੁਧਿਆਣਾ ਅਤੇ ਪਟਿਆਲਾ ਜ਼ਿਲ੍ਹਿਆਂ ਵਿਚ ਸ਼ੁਰੂ ਕੀਤੀ ਗਈ ਹੈ, ਜਿਹਨਾਂ ਦੀ ਨੁੰਮਾਇਦਗੀ ਕ੍ਰਮਵਾਰ ਖੁਰਾਕ ਅਤੇ ਸਿਵਲ ਸਪਲਾਈਜ਼ ਮੰਤਰੀ ਅਤੇ ਮੁੱਖ ਮੰਤਰੀ ਕਰਦੇ ਹਨ। ਉਹਨਾਂ ਕਿਹਾ ਕਿ ਇਸ ਤੋਂਂ ਇਲਾਵਾ ਰਾਹਤ ਸਮੱਗਰੀ ਵਾਰੀ ਅਨੁਸਾਰ ਵੰਡਣ ਦੀ ਬਜਾਇ ਕਾਂਗਰਸੀ ਆਗੂ ਸਭ ਤੋਂ ਪਹਿਲਾਂ ਆਪਣੇ ਸਮਰਥਕਾਂ ਵਿਚ ਇਹ ਸਮੱਗਰੀ ਵੰਂਡਣ ਲਈ ਜ਼ਿਲ੍ਹਾ ਪ੍ਰਸਾਸ਼ਨਾਂ ਉਤੇ ਦਬਾਅ ਪਾ ਰਹੇ ਹਨ। ਇਸ ਤੋਂ ਇਲਾਵਾ ਕਣਕ ਅਤੇ ਦਾਲਾਂ ਦੇ ਸਟੋਰਾਂ ਵਿਚ ਹੇਰਾਫੇਰੀ ਦੀਆਂ ਵੀ ਰਿਪੋਰਟਾਂ ਆਈਆਂ ਹਨ।
ਸੂਬਾ ਸਰਕਾਰ ਨੂੰ ਬਿਨਾਂ ਹੋਰ ਦੇਰੀ ਕੀਤੇ ਰਾਹਤ ਸਮੱਗਰੀ ਵੰਡਣ ਲਈ ਆਖਦਿਆਂ ਬੀਬਾ ਬਾਦਲ ਨੇ ਕਿਹਾ ਕਿ ਇਸ ਸਕੀਮ ਦਾ æਲਾਭ ਲੈਣ ਦੇ ਹੱਕਦਾਰ 1.4 ਕਰੋੜ ਲਾਭਾਪਾਤਰੀਆਂ ਨੂੰ ਇਹ ਜਾਨਣ ਦਾ ਹੱਕ ਹੈ ਕਿ ਉਹਨਾਂ ਨੂੰ ਇਹ ਲਾਭ ਕਿਉਂ ਨਹੀਂ ਦਿੱਤਾ ਗਿਆ? ਉਹਨਾਂ ਕਿਹਾ ਕਿ ਜ਼ਿਆਦਾਤਾਰ ਲਾਭਪਾਤਰੀਆਂ ਨੂੰ ਇਸ ਸਮੇਂ 15 ਕਣਕ ਕਿਲੋ ਅਤੇ 3 ਕਿਲੋ ਦਾਲ ਦੀ ਲੋੜ ਹੈ। ਉਹਨਾਂ ਕਿਹਾ ਕਿ ਇਹ ਸਮੱਗਰੀ ਗਰੀਬਾਂ ਨੂੰ ਨਾ ਦੇਣਾ ਉਹਨਾਂ ਨੂੰ ਭੁੱਖਾ ਰੱਖਣ ਦੇ ਬਰਾਬਰ ਹੈ ਜਦ ਕਿ ਕੇਂਦਰ ਵੱਲੋਂ ਇਹ ਸਮੱਗਰੀ ਉਹਨਾਂ ਵਾਸਤੇ ਭੇਜੀ ਜਾ ਚੁੱਕੀ ਹੈ।
ਬੀਬਾ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਰਾਹਤ ਸਮੱਗਰੀ ਦੀ ਪਾਰਦਰਸ਼ੀ ਅਤੇ ਵਾਰੀ ਅਨੁਸਾਰ ਵੰਡ ਨੂੰ ਯਕੀਨੀ ਬਣਾਉਣ ਲਈ ਲਈ ਜ਼ਿਲਾ ਪੱਧਰੀਆਂ ਕਮੇਟੀਆਂ ਬਣਾ ਲੈਣ ਅਤੇ ਕਾਂਗਰਸੀਆਂ ਨੂੰ ਇਸ ਰਾਹਤ ਉੱਤੇ ਕਬਜ਼ਾ ਨਾ ਕਰਨ ਦੇਣ। ਉਹਨਾਂ ਕਿਹਾ ਕਿ ਲੋਕਾਂ ਨੂੰ ਕਾਂਗਰਸੀ ਵਿਧਾਇਕਾਂ ਅਤੇ ਆਗੂਆਂ ਕੋਲੋਂ ਪੁੱਛਣਾ ਚਾਹੀਦਾ ਹੈ ਕਿ ਸੂਬੇ ਕੋਲ ਆਇਆ ਰਾਸ਼ਨ ਪਿੰਡਾਂ ਵਿਚ ਕਿਉਂ ਨਹੀਂ ਪਹੁੰਚ ਰਿਹਾ ਹੈ।
ਬੀਬਾ ਬਾਦਲ ਨੇ ਕੇਂਦਰ ਵੱਲੋਂ ਪੰਜਾਬ ਨੂੰ ਭੇਜੇ ਰਾਸ਼ਨ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ।