ਡੀ ਜੀ ਪੀ ਦਿਨਕਰ ਗੁਪਤਾ ਵੀ ਬੈਂਸ ਖਿਲਾਫ ਕਾਰਵਾਈ ਨਾ ਕਰ ਕੇ ਆਪਣੇ ਫਰਜ਼ ਵਿਚ ਕੁਤਾਹੀ ਕਰ ਰਹੇ ਹਨ : ਵਿਰਸਾ ਸਿੰਘ ਵਲਟੋਹਾ
ਬੈਂਸ ਨੂੰ ਬਚਾਉਣ ਵਿਚ ਮੰਤਰੀ ਭਾਰਤ ਭੂਸ਼ਣ ਆਸ਼ੂ ਦੀਭੂਮਿਕਾ ਦੀ ਵੀ ਜਾਂਚ ਹੋਵੇ
ਅੰਮ੍ਰਿਤਸਰ, 10 ਜੁਲਾਈ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਲੁਧਿਆਣਾ ਦੀ ਅਦਾਲਤ ਵੱਲੋਂ 44 ਸਾਲਾ ਮਹਿਲਾ ਨਾਲ ਜਬਰ ਜਨਾਹ ਕਰਨ ’ਤੇ ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਖਿਲਾਫ ਕੇਸ ਦਰਜ ਕਰਨ ਦੇ ਚਾਰ ਦਿਨ ਪਹਿਲਾਂ ਹੁਕਮ ਦੇਣ ਦੇ ਬਾਵਜੂਦ ਮੁੱਖ ਮੰਤਰੀ ਉਸਦੇ ਖਿਲਾਫ ਕਾਰਵਾਈ ਨਹੀਂ ਹੋਣ ਦੇ ਰਹੇ।
ਇਥੇ ਇਕ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ 8 ਮਹੀਨਿਆਂ ਤੋਂ 44 ਸਾਲਾ ਵਿਧਵਾ ਸਿਮਰਜੀਤ ਬੈਂਸ ’ਤੇ ਉਸ ਨਾਲ ਜਬਰ ਜਨਾਹ ਕਰਨ ਤੇ ਉਸਦਾ ਜਿਣਸੀ ਸੋਸ਼ਨ ਕਰਨ ਦੇ ਦੋਸ਼ ਲਾਉਂਦੀ ਆ ਰਹੀ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਸਰਵ ਉਚ ਅਦਾਲਤ ਦੇ ਦਿਸ਼ਾ ਨਿਰਦੇਸ਼ਾਂ ਦੇ ਸਪਸ਼ਟ ਦਿਸ਼ਾ ਨਿਰਦੇਸ਼ਾਂ ਦੇ ਬਾਵਜੂਦ ਪੁਲਿਸ ਮਾਮਲੇ ਵਿਚ ਕਾਰਵਾਈ ਕਰਨ ਵਿਚ ਨਾਕਾਮ ਰਹੀ।
ਪੀੜਤ ਨੁੰ ਨਿਆਂ ਵਾਸਤੇ ਅਦਾਲਤਾਂ ਦਾ ਸਹਾਰਾ ਲੈਣਾ ਪਿਆ ਤੇ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਲੁਧਿਆਣਾ ਦੇ ਐਡੀਸ਼ਨ ਸੀ ਜੇ ਐਮ ਨੇ ਪੁਲਿਸ ਨੂੰ ਪੀੜਤ ਦੀ ਸ਼ਿਕਾਇਤ ਦੇ ਆਧਾਰ ’ਤੇ ਬੈਂਸ ਖਿਲਾਫ ਕੇਸ ਦਰਜ ਕਰਨ ਦੀ ਹਦਾਇਤ ਦਿੱਤੀ ਪਰ ਪੁਲਿਸ ਨੇ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ
ਅਕਾਲੀ ਆਗੂ ਨੇ ਕਿਹਾ ਕਿ ਸੂਬਾ ਪੁਲਿਸ ਮੁਖੀ ਦਿਨਕਰ ਗੁਪਤਾ ਨੇ ਸਿਮਰਜੀਤ ਬੈਂਸ ਦੇ ਖਿਲਾਫ ਕਾਰਵਾਈ ਨਾ ਕਰ ਕੇ ਆਪਣੇ ਫਰਜ਼ ਵਿਚ ਕੁਤਾਹੀ ਕੀਤੀ ਹੈ। ਉਹਨਾਂ ਕਿਹਾ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਜਦੋਂ ਅਦਾਲਤ ਦੇ ਹੁਕਮਾਂ ਦੇ ਬਾਵਜੂਦ ਡੀ ਜੀ ਪੀ ਨੇ ਬੈਂਸ ਖਿਲਾਫ ਕਾਰਵਾਈ ਨਹੀਂ ਕੀਤੀ। ਪਹਿਲਾਂ ਗੁਰਦਾਸਪੁਰ ਦੀ ਸੈਸ਼ਨਜ਼ ਅਦਾਲਤ ਨੇ ਡਿਪਟੀ ਕਮਿਸ਼ਨਰ ਨੂੰ ਧਮਕੀ ਦੇਣ ’ਤੇ ਬੈਂਸ ਦੀ ਹਿਰਾਸਤੀ ਪੁੱਛ ਗਿੱਛ ਦੇ ਹੁਕਮ ਦਿੱਤੇ ਸਨ ਪਰ ਦੋ ਸਾਲ ਪਹਿਲਾਂ ਅਦਾਲਤ ਵੱਲੋਂ ਹਦਾਇਤਾਂ ਦੇਣ ਦੇ ਬਾਵਜੂਦ ਪੁਲਿਸ ਨੇ ਹਾਲੇ ਤੱਕ ਅਦਾਲਤੀ ਹੁਕਮਾਂ ਦੀ ਪਾਲਣਾ ਨਹੀਂ ਕੀਤੀ।
ਵਲਟੋਹਾ ਨੇ ਕਿਹਾ ਕਿ ਲੋਕ ਇਨਸਾਫ ਪਾਰਟੀ ਆਗੂ ਨੁੰ ਹਾਈ ਕੋਰਟ ਤੋਂ ਰਾਹਤ ਹਾਸਲ ਕਰਨ ਵਾਸਤੇ ਜਾਣ ਬੁੱਝ ਕੇ ਸਮਾਂ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਡੀ ਜੀ ਪੀ ਦੋਹਾਂ ਕੇਸਾਂ ਵਿਚ ਕਾਰਵਾਈ ਕਰਨ।
ਵਲਟੋਹਾ ਨੇ ਕਿਹਾ ਕਿ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਬੈਂਸ ਦੀ ਪੁਸ਼ਤ ਪਨਾਹੀ ਤੇ ਬਚਾਅ ਕੀਤੇ ਜਾਣ ਦੇ ਮਾਮਲੇ ਦੀ ਵਿਸਥਾਰ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਮੰਤਰੀ ਪੁਲਿਸ ’ਤੇ ਦਬਾਅ ਪਾ ਰਿਹਾ ਹੈ ਕਿ ਉਹ ਬੈਂਸ ਦੇ ਖਿਲਾਫ ਕਾਰਵਾਈ ਨਾ ਕਰੇ। ਉਹਨਾਂ ਕਿਹਾ ਕਿ ਇਹ ਵੀ ਗੱਲ ਆ ਰਹੀ ਹੈ ਕਿ ਬੈਂਸ ਆਪਣੀ ਲੋਕ ਇਨਸਾਫ ਪਾਰਟੀ ਭੰਗ ਕਰ ਕੇ ਕਾਂਗਰਸ ਵਿਚ ਸ਼ਾਮਲ ਹੋਣ ਵਾਲਾ ਹੈ ਤੇ ਇਸੇ ਲਈ ਉਸਦੇ ਖਿਲਾਫ ਕਾਰਵਾਈ ਨਹੀਂ ਕੀਤੀ ਜਾ ਰਹੀ।
ਵਲਟੋਹਾ ਨੇ ਕਿਹਾ ਕਿ ਪੰਜਾਬੀਆਂ ਨੁੰ ਮੁੱਖ ਮੰਤਰੀ ਤੋਂ ਅਜਿਹੀ ਆਸ ਨਹੀਂ ਸੀ ਕਿਉਂਕਿ ਉਹ ਪਿਤਾ ਸਮਾਨ ਹਸਤੀ ਹਨ ਜੋ ਅਜਿਹੀ ਘਟੀਆ ਰਾਜਨੀਤੀ ’ਤੇ ਉਤਰ ਆਉਣਗੇ। ਉਹਨਾਂ ਕਿਹਾ ਕਿ ਪੰਜਾਬ ਦੀਆਂ ਧੀਆਂ ਦੀ ਬੈਂਸ ਵਰਗਿਆਂ ਹੱਥੋਂ ਜਿਣਸੀ ਸੋਸ਼ਣ ਖਿਲਾਫ ਨਿਆਂ ਦੇਣ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਦੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਸੂਬੇ ਦੇ ਸਮਾਜਿਕ ਤੇ ਨੈਤਿਕ ਕਿਰਦਾਰ ਨੁੰ ਖਰਾਬ ਨਹੀਂ ਕਰਨ ਵਿਚ ਹਿੱਸੇਦਾਰ ਨਹੀਂ ਬਣਨਾ ਚਾਹੀਦਾ। ਉਹਨਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਬੈਂਸ ਖਿਲਾਫ ਤੁਰੰਤ ਕੇਸ ਦਰਜ ਕਰ ਕੇ ਉਸਦੀ ਹਿਰਾਸਤੀ ਪੁੱਛ ਗਿੱਛ ਕੀਤੀ ਜਾਵੇ ਤਾਂ ਜੋ ਕੇਸ ਵਿਚ ਨਿਆਂ ਯਕੀਨੀ ਬਣਾਇਆ ਜਾ ਸਕੇ।
ਇਸ ਦੌਰਾਨ ਵਲਟੋਹਾ ਨੇ ਇਹ ਵੀ ਮੰਗ ਕੀਤੀ ਕਿ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਪ੍ਰਭਜੀਤ ਸਿੰਘ ਜਿਸਨੁੰ 300 ਕਿਲੋ ਹੈਰੋਇਨ ਕੇਸ ਵਿਚ ਫੜਿਆ ਗਿਆ ਹੈ, ਨਾਲ ਨੇੜਤਾ ਦੀ ਵੀ ਜਾਂਚ ਕੀਤੀ ਜਾਵੇ। ਉਹਨਾਂ ਕਿਹਾ ਕਿ ਮੁਲਜ਼ਮ ਦਾ ਚੋਹਲਾ ਸਾਹਿਬ ਵਾਲਾ ਘਰ ਸਿੱਖ ਪ੍ਰਚਾਰਕ ਲਈ ਦੂਜੇ ਘਰ ਵਰਗਾ ਰਿਹਾ ਹੈ। ਉਹਨਾਂ ਕਿਹਾ ਕਿ ਪ੍ਰਭਵਜੀਤ ਦੇ ਇਕ ਰਿਸ਼ਤੇਦਾਰ ਨੁੰ ਕੈਨੇਡਾ ਵਿਚ ਨਸ਼ਾ ਫੜਨ ਦੇ ਕੇਸ ਵਿਚ ਵੀ ਮੁਲਜ਼ਮ ਵਜੋਂ ਸ਼ਾਮਲ ਕੀਤਾ ਗਿਆ। ਉਹਨਾਂ ਕਿਹਾ ਕਿ ਇਸ ਸਭ ਦੀ ਜਾਂਚ ਡੀ ਆਰ ਈ ਜਾਂ ਐਨ ਸੀ ਬੀ ਤੋਂ ਕਰਵਾਈ ਜਾਵੇ।