ਅਕਾਲੀ ਦਲ ਮਜ਼ਬੂਤ ਅਤੇ ਸੰਘੀ ਭਾਰਤ ਦੇ ਹੱਕ 'ਚ ਹੈ: ਸੁਖਬੀਰ ਸਿੰਘ ਬਾਦਲ
ਪੰਜਾਬ ਵਿਰੁੱਧ ਵਿਤਕਰਾ ਅਤੇ ਬੇਇਨਸਾਫੀ ਖ਼ਤਮ ਕਰਨ ਦੀ ਮੰਗ ਕੀਤੀ
ਚੰਡੀਗੜ੍ਹ/ਨਵੀਂ ਦਿੱਲੀ/06 ਅਗਸਤ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਆਪਣੀ ਪਾਰਟੀ ਦੀ 'ਰਾਜਾਂ ਨੂੰ ਵਧੇਰੇ ਤਾਕਤਾਂ ਦੇਣ ਵਾਲੇ ਇੱਕ ਮਜ਼ਬੂਤ ਅਤੇ ਸੰਘੀ ਭਾਰਤ' ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਹੈ ਤਾਂ ਕਿ ਸਾਰੇ ਸੂਬੇ ਆਪਣੇ ਲੋਕਾਂ ਦੀਆਂ ਨਿਵੇਕਲੀਆਂ ਲੋੜਾਂ ਅਤੇ ਯੋਗਤਾ ਅਨੁਸਾਰ ਤਰੱਕੀ ਅਤੇ ਵਿਕਾਸ ਕਰ ਸਕਣ। ਉਹਨਾਂ ਕਿਹਾ ਕਿ ਸਾਡਾ ਵਿਸ਼ਵਾਸ਼ ਹੈ ਕਿ ਮਜ਼ਬੂਤ ਸੂਬਿਆਂ ਨਾਲ ਦੇਸ਼ ਮਜ਼ਬੂਤ ਹੁੰਦਾ ਹੈ। ਪਰ ਅਸੀਂ ਇਹ ਤਾਕਤਾਂ ਕਿਸੇ ਇੱਕ ਜਾਂ ਦੋ ਸੂਬਿਆਂ ਲਈ ਨਹੀਂ, ਸਗੋਂ ਸਾਰਿਆਂ ਲਈ ਚਾਹੁੰਦੇ ਹਾਂ। ਕੁੱਝ ਕੁ ਸੂਬਿਆਂ ਨੂੰ ਤਾਕਤਾਂ ਦੇਣਾ ਵਿਤਕਰੇਬਾਜ਼ੀ ਹੈ।
ਉਹਨਾਂ ਕਿਹਾ ਕਿ ਉਹਨਾਂ ਦੀ ਪਾਰਟੀ ਚਾਹੁੰਦੀ ਹੈ ਕਿ ਹਰ ਸੂਬੇ ਅੰਦਰ ਘੱਟ ਗਿਣਤੀਆਂ ਨੂੰ ਇੱਕ ਸੁਰੱਖਿਅਤ ਮਾਹੌਲ ਪ੍ਰਦਾਨ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਉਹ ਡਰ ਅਤੇ ਬੇਭਰੋਸਗੀ ਦੇ ਮਾਹੌਲ ਤੋਂ ਦੂਰ ਇੱਕ ਖੁਸ਼ਹਾਲੀ ਭਰਿਆ ਜੀਵਨ ਬਤੀਤ ਕਰ ਸਕਣ। ਉਹਨਾਂ ਕਿਹਾ ਕਿ ਅਕਾਲੀ ਦਲ ਹਰ ਸੂਬੇ ਅੰਦਰ ਘੱਟ ਗਿਣਤੀਆਂ ਦੀ ਸੁਰੱਖਿਆ ਲਈ ਇੰਤਜ਼ਾਮ ਕੀਤੇ ਜਾਣ ਦੇ ਪੱਖ ਵਿਚ ਹੈ। ਉਹਨਾਂ ਅਫਸੋਸ ਪ੍ਰਗਟ ਕੀਤਾ ਕਿ ਜਿਹਨਾਂ ਸਿੱਖਾਂ ਨੂੰ ਅੱਤਵਾਦ ਕਰਕੇ ਵਾਦੀ ਛੱਡਣੀ ਪਈ ਸੀ, ਉਹਨਾਂ ਵਾਸਤੇ ਸਾਡੇ ਵਲੋਂ ਕੀਤੀਆਂ ਅਣਥੱਕ ਕੋਸ਼ਿਸ਼ਾਂ ਦੇ ਬਾਵਜੂਦ ਉਹਨਾਂ ਨੂੰ ਕਦੇਂ ਵੀ ਬਣਦਾ ਮੁਆਵਜ਼ਾ ਅਤੇ ਰਾਹਤ ਪ੍ਰਾਪਤ ਨਹੀਂ ਹੋਈ।
ਅਕਾਲੀ ਦਲ ਦੇ ਪ੍ਰਧਾਨ ਨੇ ਅੱਗੇ ਕਿਹਾ ਕਿ ਉਹਨਾਂ ਦੀ ਪਾਰਟੀ ਕਿਸੇ ਵੀ ਸੂਬੇ ਨੂੰ ਨਿਵੇਕਲੀਆਂ ਰਿਆਇਤਾਂ ਦੇਣ ਦੇ ਹੱਕ ਵਿਚ ਨਹੀਂ ਹੈ, ਜਿਸ ਤਰ੍ਹਾਂ ਕਿ ਜੰਮੂ-ਕਸ਼ਮੀਰ ਵਿਚ ਧਾਰਾ 370 ਅਤੇ ਦੂਜੇ ਸੂਬਿਆਂ ਲਈ ਅਜਿਹੇ ਪ੍ਰਬੰਧ ਰੱਖੇ ਗਏ ਹਨ। ਉਹਨਾਂ ਕਿਹਾ ਕਿ ਪੰਜਾਬ ਵਿਚ ਹਰ ਭਾਰਤੀ ਜ਼ਮੀਨ ਖਰੀਦ ਸਕਦਾ ਹੈ, ਵਪਾਰ ਕਰ ਸਕਦਾ ਹੈ ਅਤੇ ਉਦਯੋਗਿਕ ਇਕਾਈ ਲਗਾ ਸਕਦਾ ਹੈ। ਪਰ ਅਸੀਂ ਇਹ ਸਭ ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਕੁੱਝ ਹੋਰ ਸੂਬਿਆਂ ਵਿਚ ਨਹੀਂ ਕਰ ਸਕਦੇ। ਇਹ ਇੱਕ ਦੇਸ਼ ਅੰਦਰ ਸਾਰਿਆਂ ਨੂੰ ਮੁਕਾਬਲੇਯੋਗ ਮਾਹੌਲ ਦੇਣ ਤੋਂ ਇਨਕਾਰ ਕਰਨਾ ਹੈ, ਜਿਸ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਜਦੋਂ ਅਕਾਲੀ ਦਲ ਨੇ ਜੰਮੂ-ਕਸ਼ਮੀਰ ਵਿਚ ਉਸ ਸਮੇਂ ਦੀ ਸਰਕਾਰ ਨੂੰ ਆਨੰਦ ਮੈਰਿਜ ਐਕਟ ਲਾਗੂ ਕਰਨ ਦੀ ਬੇਨਤੀ ਕੀਤੀ ਸੀ ਤਾਂ ਉਹਨਾਂ ਨੇ ਕੋਰੀ ਨਾਂਹ ਕਰ ਦਿੱਤੀ ਸੀ। ਉਹਨਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਹੁਣ ਵਾਦੀ ਵਿਚ ਆਨੰਦ ਮੈਰਿਜ ਐਕਟ ਲਾਗੂ ਹੋ ਜਾਵੇਗਾ।
ਸੰਵਿਧਾਨ ਦੀ ਵਿਵਾਦਗ੍ਰਸਤ ਧਾਰਾ 370 ਅਤੇ 35 ਏ ਨੂੰ ਖ਼ਤਮ ਕਰਨ ਵਾਲੇ ਜੰਮੂ-ਕਸ਼ਮੀਰ ਬਿਲ ਦੀ ਸ਼ਲਾਘਾ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਹਰ ਸੂਬੇ ਅੰਦਰ ਬਿਨਾਂ ਕਿਸੇ ਭੇਦ ਭਾਵ ਦੇ ਸਾਰਿਆਂ ਨੂੰ ਬਰਾਬਰ ਅਧਿਕਾਰ ਅਤੇ ਮੌਕੇ ਦਿੱਤੇ ਜਾਣ ਦੇ ਪੱਖ ਵਿਚ ਹੈ। ਉਹਨਾਂ ਕਿਹਾ ਕਿ ਆਰਥਿਕ, ਭੂਗੋਲਿਕ ਅਤੇ ਧਾਰਮਿਕ ਖੇਤਰਾਂ ਵਿਚ ਵਿਤਕਰੇ ਅਤੇ ਬੇਇਨਸਾਫੀ ਕਰਕੇ ਪੰਜਾਬ ਨੂੰ ਬਹੁਤ ਕਸ਼ਟ ਝੱਲਣੇ ਪਏ ਹਨ। ਉਹਨਾਂ ਕਿਹਾ ਕਿ ਪੰਜਾਬੀਆਂ ਖਾਸ ਕਰਕੇ ਸਿੱਖਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿਚ ਇਸ ਦੇਸ਼ ਦੀ ਅਜ਼ਾਦੀ, ਏਕਤਾ ਅਤੇ ਅਖੰਡਤਾ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ। 1947 ਤੋਂ ਪਹਿਲਾ ਬਰਤਾਨਵੀ ਹਾਕਮਾਂ ਨੇ ਪੰਜਾਬ ਦੇ ਤਿੰਨ ਹਿੱਸੇ- ਹਿੰਦੂਆਂ ਲਈ, ਮੁਸਲਮਾਨਾਂ ਲਈ ਅਤੇ ਸਿੱਖਾਂ ਲਈ-ਕਰਨ ਦੀ ਤਜਵੀਜ਼ ਰੱਖੀ ਸੀ। ਪਰ ਸਿੱਖਾਂ ਨੇ ਉਹ ਪ੍ਰਸਤਾਵ ਰੱਦ ਕਰ ਦਿੱਤਾ ਅਤੇ ਫੈਸਲਾ ਕੀਤਾ ਕਿ ਭਾਰਤ ਸਾਡੀ ਮਾਂ-ਭੂਮੀ ਹੈ ਅਤੇ ਸਾਨੂੰ ਆਪਣੇ ਦੇਸ਼ਭਗਤ ਹੋਣ ਤੇ ਮਾਣ ਹੈ।
ਸਰਦਾਰ ਬਾਦਲ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦਾ ਉਹਨਾਂ ਸਾਰੇ ਕਦਮਾਂ ਲਈ ਧੰਨਵਾਦ ਕੀਤਾ, ਜਿਹਨਾਂ ਕਰਕੇ 1984 ਕਤਲੇਆਮ ਦੇ ਪੀੜਤਾਂ ਨੂੰ ਆਖਿਰ ਇਨਸਾਫ ਮਿਲਣਾ ਸ਼ੁਰੂ ਹੋ ਗਿਆ ਹੈ। ਉਹਨਾਂ ਕਿਹਾ ਕਿ ਇਸ ਕਤਲੇਆਮ ਦਾ ਹੁਕਮ ਉਸ ਸਮੇਂ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਦਿੱਤਾ ਸੀ, ਜਿਸ ਨੇ ਇਹ ਕਹਿੰਦਿਆਂ ਇਸ ਕਤਲੇਆਮ ਨੂੰ ਸਹੀ ਠਹਿਰਾਇਆ ਸੀ ਕਿ ਜਦੋਂ ਕੋਈ ਵੱਡਾ ਦਰੱਖਤ ਡਿੱਗਦਾ ਤਾਂ ਧਰਤੀ ਕੰਬਦੀ ਹੈ। ਉਹਨਾਂ ਕਿਹਾ ਕਿ ਇਸ ਕਤਲੇਆਮ ਦੇ ਕਾਤਿਲਾਂ ਨੂੰ ਸਜ਼ਾ ਦਿਵਾਉਣ 'ਚ 34 ਸਾਲ ਲੱਗ ਗਏ। ਇਹ ਪ੍ਰਕਿਰਿਆ ਅਜੇ ਸਿਰਫ ਸ਼ੁਰੂ ਹੋਈ ਹੈ।
ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਇਸ ਦੀ ਰਾਜਧਾਨੀ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਨਾ ਮਿਲਣ ਕਰਕੇ ਹਰ ਪੰਜਾਬੀ ਖੁਦ ਨੂੰ ਦੁਖੀ ਅਤੇ ਅਣਗੌਲਿਆ ਮਹਿਸੂਸ ਕਰਦਾ ਹੈ। ਇਸੇ ਤਰ੍ਹਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਤੌਰ ਤੇ ਪ੍ਰਵਾਨਿਤ ਰਿਪੇਰੀਅਨ ਸਿਧਾਂਤ ਦੀ ਉਲੰਘਣਾ ਕਰਦਿਆਂ ਪੰਜਾਬ ਕੋਲੋਂ ਇਸ ਦੇ ਦਰਿਆਵਾਂ ਦਾ 80 ਫੀਸਦੀ ਪਾਣੀ ਲੁੱਟ ਲਿਆ ਗਿਆ ਹੈ। ਸੂਬੇ ਦੇ ਕਿਸਾਨਾਂ ਨੂੰ ਪਾਣੀਆਂ ਉੱਤੇ ਬਣਦੇ ਉਹਨਾਂ ਦੇ ਹੱਕ ਤੋਂ ਵਾਂਝਾ ਕਰਨ ਨਾਲ ਉਹਨਾਂ ਦਾ ਹਜ਼ਾਰਾਂ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਇਸੇ ਤਰ੍ਹਾਂ ਸੂਬੇ ਅੰਦਰ ਕੋਈ ਵੱਡੀ ਕੇਂਦਰੀ ਇੰਡਸਟਰੀ ਨਾ ਲਗਾ ਕੇ ਸਾਡੇ ਨਾਲ ਭਾਰੀ ਵਿਤਕਰਾ ਕੀਤਾ ਗਿਆ ਹੈ। ਇਹਨਾਂ ਸਾਰੀਆਂ ਧੱਕੇਸ਼ਾਹੀਆਂ ਅਤੇ ਬੇਇਨਸਾਫੀਆਂ ਨੂੰ ਖ਼ਤਮ ਕਰਨ ਦੀ ਲੋੜ ਹੈ ਅਤੇ ਇਹਨਾਂ ਧੱਕੇਸ਼ਾਹੀਆਂ ਸਦਕਾ ਹੋਏ ਨੁਕਸਾਨ ਲਈ ਪੰਜਾਬੀਆਂ ਨੂੰ ਮੁਆਵਜ਼ਾ ਦੇਣ ਦੀ ਲੋੜ ਹੈ।