ਖੜ੍ਹੀਆਂ ਫਸਲਾਂ ਅਤੇ ਘਰਾਂ ਦਾ ਨੁਕਸਾਨ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ
ਬਲਵਿੰਦਰ ਸਿੰਘ ਭੂੰਦੜ ਅਤੇ ਪ੍ਰੋਫੈਸਰ ਚੰਦੂਮਾਜਰਾ ਦੀ ਦੋ ਮੈਂਬਰੀ ਟੀਮ ਸ਼ਿਓਪੁਰ ਦੇ ਕਰਾਹਲ ਇਲਾਕੇ 'ਚ ਪੁੱਜੀ
ਚੰਡੀਗੜ੍ਹ/21 ਜਨਵਰੀ:ਸ਼੍ਰੋਮਣੀ ਅਕਾਲੀ ਦਲ ਇੱਕ ਉੱਚ ਪੱਧਰੀ ਦੋ ਮੈਂਬਰੀ ਟੀਮ ਨੇ ਅੱਜ ਮੱਧ ਪ੍ਰਦੇਸ਼ ਸਰਕਾਰ ਨੂੰ ਕਿਹਾ ਹੈ ਕਿ ਉਹ ਸ਼ਿਓਪੁਰ ਜ਼ਿਲ੍ਹੇ ਦੇ ਕਰਾਹਲ ਇਲਾਕੇ ਵਿਚੋਂ ਬੇਘਰ ਕੀਤੇ ਸਿੱਖਾਂ ਲਈ ਢੁੱਕਵਾਂ ਮੁਆਵਜ਼ਾ ਅਤੇ ਮੁੜ ਵਸੇਬਾ ਪੈਕਜ ਦਾ ਐਲਾਨ ਕਰੇ ਅਤੇ ਇਸ ਦੇ ਨਾਲ ਹੀ ਉਹਨਾਂ ਅਧਿਕਾਰੀਆਂ ਖ਼ਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ, ਜਿਹਨਾਂ ਨੇ ਸਿੱਖਾਂ ਦੀ ਖੜ੍ਹੀਆਂ ਫਸਲਾਂ ਅਤੇ ਘਰਾਂ ਦਾ ਨੁਕਸਾਨ ਕੀਤਾ ਹੈ।
ਅਕਾਲੀ ਦਲ ਦਾ ਦੋ ਮੈਂਬਰੀ ਵਫ਼ਦ ਜਿਸ ਵਿਚ ਸਾਂਸਦ ਸਰਦਾਰ ਬਲਵਿੰਦਰ ਸਿੰਘ ਭੂੰਦੜ ਅਤੇ ਸੀਨੀਅਰ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਸ਼ਾਮਿਲ ਸਨ, ਅੱਜ ਕਰਾਹਲ ਪੁੱਜਾ ਅਤੇ ਇਸ ਨੇ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਇਲਾਕੇ ਦੀ ਸਿੱਖ ਸੰਗਤ ਅਤੇ ਲੋਕਾਂ ਨਾਲ ਗੱਲਬਾਤ ਕੀਤੀ। ਇਹ ਵਫ਼ਦ ਜ਼ਿਲ੍ਹਾ ਪ੍ਰਸਾਸ਼ਨ ਦੇ ਮੈਂਬਰਾਂ ਨੂੰ ਵੀ ਵੱਖਰੇ ਤੌਰ ਤੇ ਮਿਲਿਆ।
ਇਸ ਦੌਰੇ ਬਾਰੇ ਜਾਣਕਾਰੀ ਦਿੰਦਿਆਂ ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ ਇਹ ਜਾਣ ਕੇ ਬਹੁਤ ਦੁੱਖ ਹੋਇਆ ਹੈ ਕਿ ਸੂਬਾ ਸਰਕਾਰ ਵੱਲੋਂ ਸਿੱਖ ਪਰਿਵਾਰਾਂ ਦੀਆਂ ਜ਼ਮੀਨਾਂ ਖੋਹਣ ਤੋਂ ਪਹਿਲਾਂ ਉਹਨਾਂ ਨੂੰ ਬਦਲਵੀਂ ਜ਼ਮੀਨ ਦੇਣ ਸੰਬੰਧੀ ਕੋਈ ਯਤਨ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਜ਼ਮੀਨਾਂ ਤੋਂ ਬੇਦਖ਼ਲ ਕਰਨ ਅਤੇ ਗੈਰਕਾਨੂੰਨੀ ਢੰਗ ਨਾਲ ਉਹਨਾਂ ਦੇ ਘਰਾਂ ਨੂੰ ਢਾਹੁਣ ਦੇ ਬਾਵਜੂਦ ਸਿੱਖ ਪਰਿਵਾਰਾਂ ਨੂੰ ਕੋਈ ਮਆਵਜ਼ਾ ਨਹੀਂ ਦਿੱਤਾ ਗਿਆ। ਉਹਨਾਂ ਦੱਸਿਆ ਕਿ ਨਾ ਹੀ ਉਹਨਾਂ ਅਧਿਕਾਰੀਆਂ ਖ਼ਿæਲਾਫ ਕੋਈ ਕਾਰਵਾਈ ਕੀਤੀ ਗਈ ਹੈ, ਜਿਹਨਾਂ ਨੇ ਸਿੱਖਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਅਤੇ ਘਰਾਂ ਵਿਚੋਂ ਕੱਢਣ ਦੀ ਘਿਨੌਣੀ ਕਾਰਵਾਈ ਕੀਤੀ ਹੈ।
ਸਰਦਾਰ ਭੂੰਦੜ ਅਤੇ ਪ੍ਰੋਫੈਸਰ ਚੰਦੂਮਾਜਰਾ ਨੇ ਜ਼ਿਲ੍ਹਾ ਅਧਿਕਾਰੀਆਂ ਉੱੇਤੇ ਦਬਾਅ ਪਾਇਆ ਕਿ ਪਹਿਲਾਂ ਉਹ ਇਸ ਗੱਲ ਦਾ ਹੱਲ ਕੱਢਣ ਕਿ ਕਿਸਾਨਾਂ ਤੋਂ ਜਿੰਨੀ ਜ਼ਮੀਨ ਖੋਹੀ ਗਈ ਹੈ, ਉਹ ਉਹਨਾਂ ਨੂੰ ਬਦਲਵੀਂ ਥਾਂ ਉਤੇ ਕਿਵੇਂ ਦਿੱਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਵੀ ਭਰੋਸੇ ਵਿਚ ਲਿਆ ਜਾਣਾ ਚਾਹੀਦਾ ਹੈ ਅਤੇ ਇਸ ਮਸਲੇ ਦਾ ਆਪਸੀ ਸਹਿਮਤੀ ਨਾਲ ਹੱਲ ਕੱਢਣ ਲਈ ਪੀੜਤਾਂ ਨੂੰ ਮੁਆਵਜ਼ਾ ਅਤੇ ਮੁੜ ਵਸੇਬਾ ਪੈਕਜ ਦਿੱਤਾ ਜਾਣਾ ਚਾਹੀਦਾ ਹੈ।
ਇਸ ਤੋਂ ਪਹਿਲਾ ਕਰਾਹਲ ਗੁਰਦੁਆਰਾ ਸਾਹਿਬ ਵਿਖੇ ਗੱਲਬਾਤ ਦੌਰਾਨ ਅਕਾਲੀ ਦਲ ਟੀਮ ਨੂੰ ਦੱਸਿਆ ਗਿਆ ਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਚਲਾਈ ਇਸ ਮੁਹਿੰਮ ਨਾਲ ਪ੍ਰਭਾਵਿਤ ਪਰਿਵਾਰਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਪ੍ਰਭਾਵਿਤ ਪਰਿਵਾਰਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਕੋਲ ਜ਼ਮੀਨ ਦੀ ਮਾਲਕੀ ਦੇ ਕਾਨੂੰਨੀ ਦਸਤਾਵੇਜ਼ ਹੋਣ ਦੇ ਬਾਵਜੂਦ ਉਹਨਾਂ ਦੀਆਂ ਜ਼ਮੀਨਾਂ ਖੋਹ ਲਈਆਂ ਗਈਆਂ ਹਨ ਅਤੇ ਘਰਾਂ ਨੂੰ ਢਾਹ ਦਿੱਤਾ ਗਿਆ ਹੈ।
ਇਸੇ ਦੌਰਾਨ ਸਰਦਾਰ ਭੂੰਦੜ ਅਤੇ ਪ੍ਰੋਫੈਸਰ ਚੰਦੂਮਾਜਰਾ ਨੇ ਮੁੱਖ ਮੰਤਰੀ ਕਮਲ ਨਾਥ ਦੇ ਹੁਕਮ ਉੱਤੇ ਭੂ ਮਾਫੀਆ ਖ਼ਿਲਾਫ ਚਲਾਈ ਇਸ ਮੁਹਿੰਮ ਦੀ ਸੱਚਾਈ ਉੱਤੇ ਸੁਆਲ ਉਠਾਇਆ। ਅਕਾਲੀ ਆਗੂਆਂ ਨੇ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਇਹ ਮੁਹਿੰਮ ਸਿਰਫ ਸਿੱਖਾਂ ਦੇ ਖ਼ਿæਲਾਫ ਚਲਾਈ ਗਈ ਹੈ ਅਤੇ ਹੋਰ ਕਿਸੇ ਭਾਈਚਾਰੇ ਨੂੰ ਛੂਹਿਆ ਵੀ ਨਹੀਂ ਗਿਆ ਹੈ। ਉਹਨਾਂ ਕਿਹਾ ਕਿ ਇਸ ਤੋਂ ਪਤਾ ਚੱਲਦਾ ਹੈ ਕਿ ਮੱਧ ਪ੍ਰਦੇਸ਼ ਸਰਕਾਰ ਸਿੱਖਾਂ ਨਾਲ ਵਿਤਕਰਾ ਕਰ ਰਹੀ ਹੈ। ਅਸੀਂ ਸਰਕਾਰ ਨੂੰ ਤੁਰੰਤ ਆਪਣੀ ਗਲਤੀ ਸੁਧਾਰਨ ਅਤੇ ਕਿਸੇ ਵੀ ਤਰੀਕੇ ਨਾਲ ਸਿੱਖਾਂ ਨੂੰ ਨਿਸ਼ਾਨਾ ਨਾ ਬਣਾਉਣ ਦੀ ਅਪੀਲ ਕਰਦੇ ਹਾਂ।
ਅਕਾਲੀ ਵਫ਼ਦ ਨਾਲ ਸ਼ਿਓਪੁਰ ਵਿਖੇ ਪਹੁੰਚੀਆਂ ਬਾਕੀ ਸਿੱਖ ਹਸਤੀਆਂ ਵਿਚ ਗੁਰਸਿੱਖ ਵੈਲਫੇਡਰ ਐਸੋਸੀਏਸ਼ਨ ਆਗਰਾ ਦੇ ਰਵਿੰਦਰਪਾਲ ਸਿੰਘ ਟੀਮਾ ਰਜਿੰਦਰ ਸਿੰਘ ਕੁੱਕੁ ਅਤੇ ਝਾਂਸੀ ਤੋਂ ਰਵਿੰਦਰ ਸਿੰਘ ਕਾਨਪੁਰ ਅਤੇ ਤੇਜਵੰਤ ਸਿੰਘ ਰੈਣਾ ਵੀ ਸ਼ਾਮਿਲ ਸਨ।