ਚੰਡੀਗੜ੍ਹ/04 ਮਾਰਚ: ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਨੇ ਅੱਜ ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਉਹਨਾਂ ਪੁਲਿਸ ਕਰਮੀਆਂ ਖ਼ਿਲਾਫ ਸਖ਼ਤ ਕਾਰਵਾਈ ਕਰਨ, ਜਿਹਨਾਂ ਨੇ ਅਕਾਲੀ-ਭਾਜਪਾ ਵਿਧਾਇਕਾਂ ਦੇ ਦਫ਼ਤਰਾਂ ਦੀ ਘੇਰਾਬੰਦੀ ਕਰਕੇ ਉਹਨਾਂ ਦੇ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਕੀਤੀ ਹੈ। ਵਿਧਾਇਕ ਦਲ ਨੇ ਕਿਹਾ ਕਿ ਪੁਲਿਸ ਨੇ ਇਹ ਕਾਰਵਾਈ ਬਹਿਬਲ ਕਲਾਂ ਪੁਲਿਸ ਗੋਲੀਬਾਰੀ ਕੇਸ ਦੇ ਮੁੱਖ ਗਵਾਹ ਦੀ ਪਤਨੀ ਅਤੇ ਬੇਟੇ ਨੂੰ ਵਿਧਾਇਕਾਂ ਕੋਲ ਆਪਣੇ ਦੁੱਖੜੇ ਬਿਆਨ ਕਰਨ ਤੋਂ ਰੋਕਣ ਲਈ ਕੀਤੀ ਸੀ।
ਇਸ ਸੰਬੰਧੀ ਸਪੀਕਰ ਨੂੰ ਮਿਲਦਿਆਂ ਸਰਦਾਰ ਸ਼ਰਨਜੀਤ ਸਿੰਘ ਢਿੱਲੋਂ ਦੀ ਅਗਵਾਈ ਵਾਲੇ ਅਕਾਲੀ ਵਿਧਾਇਕ ਦਲ ਨੇ ਦੱਸਿਆ ਕਿ ਬਹਿਬਲ ਕਲਾਂ ਪੁਲਿਸ ਗੋਲੀਬਾਰੀ ਦੇ ਮੁੱਖ ਗਵਾਹ ਸੁਰਜੀਤ ਸਿੰਘ ਦੀ ਪਤਨੀ ਜਸਬੀਰ ਕੌਰ ਅਤੇ ਬੇਟੇ ਲਖਵਿੰਦਰ ਸਿੰਘ ਨੇ ਅਕਾਲੀ-ਭਾਜਪਾ ਵਿਧਾਇਕਾਂ ਕੋਲ ਪਹੁੰਚ ਕੀਤੀ ਸੀ, ਕਿਉਂਕਿ ਉਹ ਸਵਰਗੀ ਸੁਰਜੀਤ ਸਿੰਘ ਦੀ ਮੌਤ ਦਾ ਇਨਸਾਫ ਲੈਣ ਲਈ ਉਹਨਾਂ ਨੂੰ ਆ ਰਹੀ ਮੁਸ਼ਕਿਲਾਂ ਬਾਰੇ ਦੱਸਣਾ ਚਾਹੁੰਦੇ ਸਨ। ਉਹਨਾਂ ਦੱਸਿਆ ਕਿ ਜਦੋਂ ਮਾਂ ਅਤੇ ਪੁੱਤਰ ਅਕਾਲੀ-ਭਾਜਪਾ ਮੈਂਬਰਾਂ ਕੋਲ ਬੈਠੇ ਸਨ ਤਾਂ ਪੀੜਤ ਪਰਿਵਾਰ ਨੂੰ ਅਗਵਾ ਕਰਨ ਦੇ ਮੰਤਵ ਨਾਲ 30-40 ਪੁਲਿਸ ਕਰਮੀਆਂ ਨੇ ਅਕਾਲੀ-ਭਾਜਪਾ ਦੇ ਦਫਤਰਾਂ ਦੀ ਘੇਰਾਬੰਦੀ ਕਰ ਲਈ ਸੀ। ਵਫ਼ਦ ਨੇ ਦੱਸਿਆ ਕਿ ਪੁਲਿਸ ਕਰਮੀ ਮਾਂ-ਪੁੱਤ ਨੂੰ ਆਪਣੀ ਦੁੱਖ ਭਰੀ ਗਾਥਾ ਮੀਡੀਆ ਕੋਲ ਦੱਸਣ ਤੋਂ ਰੋਕਣਾ ਚਾਹੁੰਦੇ ਸਨ।
ਇਸ ਪੁਲਿਸ ਕਾਰਵਾਈ ਨੂੰ ਅਕਾਲੀ-ਭਾਜਪਾ ਵਿਧਾਇਕਾਂ ਦੇ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਕਰਾਰ ਦਿੰਦਿਆਂ ਸਰਦਾਰ ਢਿੱਲੋਂ ਨੇ ਕਿਹਾ ਕਿ ਅਸੀਂ ਸਪੀਕਰ ਨੂੰ ਅਪੀਲ ਕੀਤੀ ਹੈ ਕਿ ਇਸ ਨਿੰਦਣਯੋਗ ਪੁਲਿਸ ਕਾਰਵਾਈ ਦਾ ਸਖ਼ਤ ਨੋਟਿਸ ਲਿਆ ਜਾਵੇ ਅਤੇ ਸਮੁੱਚੇ ਮਾਮਲੇ ਦੀ ਜਾਂਚ ਕਰਵਾ ਕੇ ਦੋਸ਼ੀਆਂ ਪੁਲਿਸ ਕਰਮੀਆਂ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਮਸਲੇ ਉੱਤੇ ਸਪੀਕਰ ਨੂੰ ਮਿਲਣ ਵਾਲੇ ਅਕਾਲੀ ਵਿਧਾਇਕਾਂ ਵਿਚ ਸਰਦਾਰ ਬਿਕਰਮ ਸਿੰਘ ਮਜੀਠੀਆ, ਪਵਨ ਟੀਨੂੰ, ਗੁਰਪ੍ਰਤਾਪ ਸਿੰਘ ਵਡਾਲਾ, ਰੋਜ਼ੀ ਬਰਕੰਦੀ, ਮਨਪ੍ਰੀਤ ਸਿੰਘ ਇਆਲੀ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਬਲਦੇਵ ਖਹਿਰਾ ਅਤੇ ਡਾਕਟਰ ਸੁਖਵਿੰਦਰ ਸੁੱਖੀ ਸ਼ਾਮਿਲ ਸਨ।