ਕਿਹਾ ਕਿ ਵਿਧਾਇਕ ਦਲ ਦੇ ਕਿਸੇ ਵੀ ਮੈਂਬਰ ਨੂੰ ਕਾਂਗਰਸ ਦੇ ਹੱਥਾਂ ਵਿਚ ਨਹੀਂ ਖੇਡਣਾ ਚਾਹੀਦਾ
ਵਿਧਾਇਕ ਦਲ ਨੇ ਅਕਾਲੀ ਦਲ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਸਲਾਹ ਮਸ਼ਵਰਾ ਕਰਨ ਮਗਰੋਂ ਸ਼ਰਨਜੀਤ ਸਿੰਘ ਢਿੱਲੋਂ ਦੀ ਵਿਧਾਇਕ ਦਲ ਦੇ ਨੇਤਾ ਵਜੋਂ ਕੀਤੀ ਨਿਯੁਕਤੀ ਦਾ ਸਵਾਗਤ ਕੀਤਾ
ਚੰਡੀਗੜ੍ਹ/07 ਜਨਵਰੀ:ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਨੇ ਅੱਜ ਅਕਾਲੀ ਦਲ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੁਆਰਾ ਉਹਨਾਂ ਨਾਲ ਸਲਾਹ ਮਸ਼ਵਰਾ ਕਰਨ ਮਗਰੋਂ ਸਾਬਕਾ ਮੰਤਰੀ ਸਰਦਾਰ ਸ਼ਰਨਜੀਤ ਸਿੰਘ ਢਿੱਲੋਂ ਦੀ ਵਿਧਾਇਕ ਦਲ ਦੇ ਨਵੇਂ ਆਗੂ ਵਜੋਂ ਕੀਤੀ ਨਿਯੁਕਤੀ ਦਾ ਸਵਾਗਤ ਕਰਦਿਆਂ ਇਸ ਗੱਲ ਉੱਤੇ ਅਫਸੋਸ ਪ੍ਰਗਟ ਕੀਤਾ ਕਿ ਪਰਮਿੰਦਰ ਸਿੰਘ ਢੀੰਡਸਾ ਨੇ ਵਿਧਾਇਕ ਦਲ ਦੇ ਆਗੂ ਵਜੋਂ ਅਸਤੀਫਾ ਦੇਣ ਸਮੇਂ ਆਪਣੇ ਸਾਥੀਆਂ ਨਾਲ ਸਲਾਹ ਮਸ਼ਵਰਾ ਨਹੀਂ ਕੀਤਾ ਅਤੇ ਪਾਰਟੀ ਨਾਲੋਂ ਪਰਿਵਾਰ ਨੂੰ ਪਹਿਲ ਦਿੱਤੀ ਹੈ।
ਇੱਥੇ ਵਿਧਾਇਕ ਦਲ ਦੀ ਮੀਟਿੰਗ, ਜਿਸ ਵਿਚ ਸਾਰੇ ਵਿਧਾਇਕਾਂ ਨੇ ਭਾਗ ਲਿਆ, ਦੌਰਾਨ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਮੈਂਬਰਾਂ ਨੇ ਕਿਹਾ ਕਿ ਬਹੁਤ ਹੀ ਅਫਸੋਸ ਦੀ ਗੱਲ ਹੈ ਕਿ ਪਾਰਟੀ ਵੱਲੋਂ ਸਰਦਾਰ ਪਰਮਿੰਦਰ ਢੀਂਡਸਾ ਨੂੰ ਦਿੱਤੇ ਇੰਨੇ ਜ਼ਿਆਦਾ ਮਾਣ-ਸਨਮਾਨ ਦੇ ਬਾਵਜੂਦ ਉਹ ਵਿਰੋਧੀ ਪਾਰਟੀ ਦੇ ਆਗੂ ਵਜੋਂ ਆਪਣੇ ਫਰਜ਼ ਨਿਭਾਉਣ ਵਿਚ ਨਾਕਾਮ ਰਿਹਾ ਹੈ। ਉਹਨਾਂ ਕਿਹਾ ਕਿ ਸਰਦਾਰ ਢੀਂਡਸਾ ਦੀਆਂ ਗਤੀਵਿਧੀਆਂ ਅਕਾਲੀ ਦਲ ਨੂੰ ਕਮਜ਼ੋਰ ਕਰਨ ਅਤੇ ਕਾਂਗਰਸ ਪਾਰਟੀ ਨੂੰ ਹੁਲਾਰਾ ਦੇਣ ਵੱਲ ਸੇਧਿਤ ਜਾਪਦੀਆਂ ਹਨ। ਉਹਨਾਂ ਕਿਹਾ ਕਿ ਕਾਂਗਰਸ ਸੂਬੇ ਅੰਦਰ ਸਾਰੇ ਮੋਰਚਿਆਂ ਉੱਤੇ ਬੁਰੀ ਤਰ੍ਹਾਂ ਨਾਕਾਮ ਹੋ ਚੁੱਕੀ ਹੈ ਅਤੇ ਮਹਿਸੂਸ ਕਰਦੀ ਹੈ ਕਿ ਸਿਰਫ ਅਕਾਲੀ ਦਲ ਵਿਚ ਵੰਡੀਆਂ ਪਾ ਕੇ ਇਸ ਦੀ ਕਿਸਮਤ ਚਮਕ ਸਕਦੀ ਹੈ। ਉਹਨਾਂ ਕਿਹਾ ਕਿ ਅਕਾਲੀ ਵਿਧਾਇਕ ਦਲ ਦੇ ਕਿਸੇ ਵੀ ਮੈਂਬਰ ਨੂੰ ਕਾਂਗਰਸ ਦੇ ਹੱਥਾਂ ਵਿਚ ਨਹੀਂ ਖੇਡਣਾ ਚਾਹੀਦਾ।
ਇਸੇ ਦੌਰਾਨ ਭਰੋਸਾ ਜਤਾਉਣ ਲਈ ਆਪਣੇ ਸਾਥੀਆਂ ਅਤੇ ਅਕਾਲੀ ਦਲ ਪ੍ਰਧਾਨ ਦਾ ਧੰਨਵਾਦ ਕਰਦਿਆਂ ਸਰਦਾਰ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਉਹ ਕਾਗਰਸੀ ਦੀ ਲੋਕ-ਵਿਰੋਧੀ ਨੀਤੀਆਂ ਦਾ ਪਰਦਾਫਾਸ਼ ਕਰਨ ਲਈ ਪੂਰੇ ਜੋਸ਼ ਨਾਲ ਕੰਮ ਕਰਨਗੇ। ਉਹਨਾਂ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਗੱਲ ਹੈ ਕਿ ਸਰਦਾਰ ਪਰਮਿੰਦਰ ਢੀਂਡਸਾ ਅਜਿਹੇ ਸਮੇਂ ਆਪਣੀ ਜ਼ਿੰਮੇਵਾਰੀ ਅਧਵਾਟੇ ਛੱਡ ਕੇ ਭੱਜ ਗਏ ਹਨ,ਜਦੋਂ ਇਸ ਨੂੰ ਪੂਰਾ ਕਰਨ ਦੀ ਸਭ ਤੋਂ ਜ਼ਿਆਦਾ ਲੋੜ ਸੀ, ਕਿਉਂਕਿ ਸਮਾਜ ਦਾ ਹਰ ਵਰਗ ਕਾਂਗਰਸ ਸਰਕਾਰ ਦੇ ਖ਼ਿਲਾਫ ਅੰਦੋਲਨ ਕਰ ਰਿਹਾ ਹੈ। ਉਹਨਾਂ ਕਿਹਾ ਕਿ ਮੈਂ ਲੋਕਾਂ ਦੇ ਮਸਲੇ ਉਠਾਉਣ ਅਤੇ ਸਰਕਾਰ ਨੂੰ ਕਿਸਾਨਾਂ, ਨੌਜਵਾਨਾਂ ਅਤੇ ਦਲਿਤਾਂ ਸਮੇਤ ਸਾਰੇ ਵਰਗਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਮਜ਼ਬੂਰ ਕਰਨ ਦੇ ਆਪਣੇ ਫਰਜ਼ ਤੋਂ ਨਹੀਂ ਭੱਜਾਂਗਾ।
ਇਸ ਦੌਰਾਨ ਵਿਧਾਇਕ ਦਲ ਦੀ ਮੀਟਿੰਗ ਵਿਚ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਇਜਲਾਸ ਸੱਦੇ ਜਾਣ ਦੀ ਮੰਗ ਕੀਤੀ ਗਈ ਤਾਂ ਕਿ ਮੁਕੰਮਲ ਕਰਜ਼ਾ ਮੁਆਫੀ ਅਤੇ ਕਿਸਾਨ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਸਰਕਾਰੀ ਨੌਕਰੀਆਂ ਦੇਣ ਸਮੇਤ ਸੂਬੇ ਦੇ ਸਾਰੇ ਭਖਦੇ ਮੁੱਦਿਆਂ ਉਤੇ ਚਰਚਾ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਪੰਜਾਬ ਇੱਕ ਖੇਤੀ-ਪ੍ਰਧਾਨ ਸੂਬਾ ਹੈ। ਇਸ ਦੇ ਕਿਸਾਨ ਭਾਰੀ ਸੰਕਟ ਵਿਚ ਹਨ। ਕਾਂਗਰਸ ਸਰਕਾਰ ਨੂੰ ਕਿਸਾਨਾਂ ਦੀ ਭਲਾਈ ਬਾਰੇ ਚਰਚਾ ਕਰਨ ਅਤੇ ਉਹਨਾਂ ਦੀ ਹਾਲਤ ਸੁਧਾਰਨ ਲਈ ਲੋੜੀਂਦੇ ਕਦਮ ਚੁੱਕਣ ਤੋਂ ਨਹੀਂ ਭੱਜਣਾ ਚਾਹੀਦਾ।