ਰਾਜਪਾਲ ਨੂੰ ਗੈਂਗਸਟਰ-ਮੰਤਰੀ ਗਠਜੋੜ ਦੀ ਸੀਬੀਆਈ ਜਾਂਚ ਦੀ ਸਿਫਾਰਿਸ਼ ਕਰਨ ਦੀ ਅਪੀਲ ਕੀਤੀ
ਰਾਜਪਾਲ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਅੰਦਰ ਅਮਨ-ਕਾਨੂੰਨ ਵਿਵਸਥਾ ਮੁਕੰਮਲ ਤਹਿਸ-ਨਹਿਸ ਹੋਣ ਸੰਬੰਧੀ ਰਿਪੋਰਟ ਗ੍ਰਹਿ ਮੰਤਰਾਲੇ ਨੂੰ ਭੇਜਣ
ਜੱਗੂ ਭਗਵਾਨਪੁਰੀਆ ਕਲੀਨ ਚਿਟ ਦੇਣ ਲਈ ਆਈਜੀ ਕੁੰਵਰ ਵਿਜੈ ਪ੍ਰਤਾਪ ਵਿਰੁੱਧ ਕਾਰਵਾਈ ਕਰਨ ਲਈ ਆਖਿਆ
ਕਤਲ ਕੀਤੇ ਅਕਾਲੀ ਸਰਪੰਚ ਦੇ ਪਰਿਵਾਰਕ ਮੈਂਬਰ ਰਾਜਪਾਲ ਨੂੰ ਮਿਲੇ ਅਤੇ ਆਪਣੀ ਦੁੱਖ ਭਰੀ ਵਿਥਿਆ ਦੱਸੀ
ਚੰਡੀਗੜ੍ਹ/03 ਦਸੰਬਰ:ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀਆ ਜਨਤਾ ਪਾਰਟੀ ਨੇ ਅੱਜ ਪੰਜਾਬ ਦੇ ਰਾਜਪਾਲ ਸ੍ਰੀ ਵੀਪੀ ਸਿੰਘ ਬਦਨੌਰ ਨੂੰ ਅਪੀਲ ਕੀਤੀ ਹੈ ਕਿ ਜੇਲ੍ਹਾਂ ਵਿਚ ਗੈਂਗਸਟਰਾਂ ਨੂੰ ਮਨਆਈਆਂ ਕਰਨ ਦੀ ਖੁੱਲ੍ਹ ਦੇ ਕੇ ਸੂਬੇ ਅੰਦਰ ਅਰਾਜਕਤਾ ਦਾ ਮਾਹੌਲ ਪੈਦਾ ਕਰਨ ਵਾਸਤੇ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਬਰਖਾਸਤ ਕਰਨ ਦੀ ਸਿਫਾਰਿਸ਼ ਕਰਨ ਦਾ ਨਿਰਦੇਸ਼ ਦੇਣ। ਇਸ ਤੋਂ ਇਲਾਵਾ ਦੋਹਾਂ ਪਾਰਟੀਆਂ ਨੇ ਜੇਲ੍ਹ ਮੰਤਰੀ ਉੱਤੇ ਸਾਬਕਾ ਅਕਾਲੀ ਸਰਪੰਚ ਦਲਬੀਰ ਸਿੰਘ ਢਿੱਲਵਾਂ ਦਾ ਕਤਲ ਕਰਵਾਉਣ ਵਾਲੇ ਨਾਮੀ ਬਦਮਾਸ਼ ਜੱਗੂ ਭਗਵਾਨਪੁਰੀਆ ਦੀ ਪੁਸ਼ਤਪਨਾਹੀ ਕਰਨ ਦਾ ਦੋਸ਼ ਲਾਇਆ ਹੈ।
ਅਕਾਲੀ ਦਲ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਭਾਜਪਾ ਪ੍ਰਧਾਨ ਸ੍ਰੀ ਵਿਜੈ ਸਾਂਪਲਾ ਦੀ ਅਗਵਾਈ ਵਿਚ ਅਕਾਲੀ-ਭਾਜਪਾ ਵਫ਼ਦ ਨੇ ਰਾਜਪਾਲ ਨੂੰ ਗੈਂਗਸਟਰਾਂ ਨਾਲ ਸੰਬੰਧਤ ਅਪਰਾਧ ਦੇ ਵਧ ਰਹੇ ਮਾਮਲਿਆਂ ਤੋਂ ਜਾਣੂ ਕਰਵਾਇਆ ਅਤੇ ਕਿਹਾ ਕਿ ਇਹ ਸਭ ਜੇਲ੍ਹ ਮੰਤਰੀ ਦੀ ਪੁਸ਼ਤਪਨਾਹੀ ਕਰਕੇ ਹੋ ਰਿਹਾ ਹੈ, ਜਿਸ ਨੇ ਗੈਂਗਸਟਰਾਂ ਨੂੰ ਜੇਲ੍ਹ ਅੰਦਰ ਬੈਠ ਕੇ ਅਪਰਾਧਿਕ ਕਾਰਵਾਈਆਂ ਕਰਨ ਦੀ ਖੁੱਲ੍ਹ ਦਿੱਤੀ ਹੋਈ ਹੈ। ਵਫਦ ਨੇ ਰਾਜਪਾਲ ਨੂੰ ਗੈਂਗਸਟਰ-ਮੰਤਰੀ ਗਠਜੋੜ ਦੀ ਸੀਬੀਆਈ ਜਾਂਚ ਦੀ ਸਿਫਾਰਿਸ਼ ਕਰਨ ਦੀ ਅਪੀਲ ਕੀਤੀ। ਵਫਦ ਨੇ ਰਾਜਪਾਲ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਪੰਜਾਬ ਅੰਦਰ ਅਮਨ-ਕਾਨੂੰਨ ਵਿਵਸਥਾ ਮੁਕੰਮਲ ਤਹਿਸ-ਨਹਿਸ ਹੋਣ ਸੰਬੰਧੀ ਰਿਪੋਰਟ ਗ੍ਰਹਿ ਮੰਤਰਾਲੇ ਨੂੰ ਭੇਜਣ ਅਤੇ ਦਲਬੀਰ ਢਿੱਲਵਾਂ ਦੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ।
ਵਫ਼ਦ ਨੇ ਨਾਲ ਦਲਬੀਰ ਢਿੱਲਵਾਂ ਦਾ ਪਰਿਵਾਰ ਵੀ ਰਾਜਪਾਲ ਨੂੰ ਮਿਲਿਆ, ਜਿਸ ਦਾ ਲੰਘੀ 18 ਨਵੰਬਰ ਨੂੰ ਕਤਲ ਕਰ ਦਿੱਤਾ ਗਿਆ ਸੀ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਹੈ, ਕਿਉਂਕਿ ਪੁਲਿਸ ਨੇ ਅਜੇ ਤੀਕ ਉਹਨਾਂ ਦੇ ਬਿਆਨ ਕਲਮਬੰਦ ਨਹੀਂ ਕੀਤੇ ਹਨ। ਪਰਿਵਾਰਕ ਮੈਂਬਰਾਂ ਵਿਚ ਸ਼ਾਮਿਲ ਦਲਬੀਰ ਦੇ ਸਪੁੱਤਰ ਅਤੇ ਨਵੀਂ ਵਿਆਹੀ ਬੇਟੀ ਨੇ ਰਾਜਪਾਲ ਨੂੰ ਦੱਸਿਆ ਕਿ ਕਿਸ ਤਰ੍ਹਾਂ ਸੁਖਜਿੰਦਰ ਰੰਧਾਵਾ ਉਹਨਾਂ ਨੂੰ ਇਹ ਕਹਿ ਕੇ ਚੁੱਪ ਰਹਿਣ ਲਈ ਧਮਕਾ ਰਿਹਾ ਹੈ ਕਿ ਉਹਨਾਂ ਦੇ ਪਿਤਾ ਦਾ ਕਤਲ ਇੱਕ ਮਾਮੂਲੀ ਘਟਨਾ ਸੀ।
ਇਸ ਮੌਕੇ ਉੱਤੇ ਬੋਲਦਿਆਂ ਅਕਾਲੀ ਦਲ ਪ੍ਰਧਾਨ ਨੇ ਰਾਜਪਾਲ ਨੂੰ ਦੱਸਿਆ ਕਿ ਗੈਂਗਸਟਰਾਂ ਨੇ ਸੂਬੇ ਕਬਜ਼ਾ ਕਰ ਲਿਆ ਜਾਪਦਾ ਹੈ। ਉਹਨਾਂ ਨੇ ਰਾਜਪਾਲ ਨੂੰ ਨਾਮੀ ਬਦਮਾਸ਼ ਜੱਗੂ ਭਗਵਾਨਪੁਰੀਆ ਵੱਲੋਂ ਜੇਲ੍ਹ ਵਿਚ ਜਨਮ ਦਿਨ ਮਨਾਉਣ ਦੀ ਵੀਡਿਓ ਵੀ ਵਿਖਾਈ। ਉਹਨਾਂ ਕਿਹਾ ਕਿ ਗੈਂਗਸਟਰਾਂ ਦੇ ਹੌਸਲੇ ਇੰਨੇ ਖੁੱਲ੍ਹ ਚੁੱਕੇ ਹਨ ਕਿ ਜਦੋਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਗੈਂਗਸਟਰ-ਮੰਤਰੀ ਗਠਜੋੜ ਦਾ ਪਰਦਾਫਾਸ਼ ਕੀਤਾ ਤਾਂ ਗੈਂਗਸਟਰਾਂ ਨੇ ਸਾਬਕਾ ਮੰਤਰੀ ਨੂੰ ਸ਼ਰੇਆਮ ਧਮਕੀਆਂ ਦਿੱਤੀਆਂ ਸਨ।
ਇਸ ਮਾਮਲੇ ਵਿਚ ਪੁਲਿਸ ਦੀ ਭੂਮਿਕਾ ਉੱਤੇ ਚਾਨਣਾ ਪਾਉਂਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇੰਝ ਜਾਪਦਾ ਹੈ ਕਿ ਪੁਲਿਸ ਵੀ ਕਿਸੇ ਦਬਾਅ ਹੇਠ ਹੈ। ਉਹਨਾਂ ਕਿਹਾ ਕਿ ਪੁਲਿਸ ਨੇ ਪੀੜਤ ਪਰਿਵਾਰ ਦਾ ਬਿਆਨ ਕਲਮਬੰਦ ਨਹੀਂ ਕੀਤਾ। ਉਹਨਾਂ ਕਿਹਾ ਕਿ ਬਾਅਦ ਵਿਚ ਜਦੋਂ ਅਕਾਲੀ ਵਿਧਾਇਕਾਂ ਨੇ ਗੈਂਗਸਟਰਾਂ ਵੱਲੋਂ ਸਰਦਾਰ ਮਜੀਠੀਆ ਨੂੰ ਧਮਕਾਉਣ ਦੀ ਘਟਨਾ ਸੂਬੇ ਦੇ ਡੀਜੀਪੀ ਦੇ ਧਿਆਨ ਵਿਚ ਲਿਆਂਦੀ ਤਾਂ ਉੱਥੇ ਵੀ ਕੋਈ ਕਾਰਵਾਈ ਹੁੰਦੀ ਨਜ਼ਰ ਨਹੀਂ ਆਈ। ਉਹਨਾਂ ਕਿਹਾ ਕਿ ਉਸ ਤੋਂ ਦੋ ਘੰਟਿਆਂ ਬਾਅਦ ਹੀ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਮੀਡੀਆ 'ਚ ਜਾ ਕੇ ਜੱਗੂ ਭਗਵਾਨਪੁਰੀਆ ਨੂੰ ਕਲੀਨ ਚਿੱਟ ਦੇ ਦਿੱਤੀ ਅਤੇ ਕਿਹਾ ਕਿ ਉਹ ਸਰਦਾਰ ਮਜੀਠੀਆ ਨੂੰ ਧਮਕੀ ਨਹੀਂ ਦੇ ਸਕਦਾ। ਉਹਨਾਂ ਕਿਹਾ ਕਿ ਇਕ ਗੈਂਗਸਟਰ ਦਾ ਪੱਖ ਪੂਰਨ ਵਰਗੀ ਗੈਰਪੇਸ਼ਾਵਰ ਹਰਕਤ ਕਰਨ ਲਈ ਆਈਜੀ ਖ਼ਿਲਾਫ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਮੁਅੱਤਲ ਕੀਤਾ ਜਾਵੇ। ਉਹਨਾਂ ਇਹ ਗੱਲ ਵੀ ਰਾਜਪਾਲ ਦੇ ਧਿਆਨ ਵਿਚ ਲਿਆਂਦੀ ਕਿ ਆਈਜੀ ਜੇਲ੍ਹ ਮੰਤਰੀ ਦਾ ਕਰੀਬੀ ਦੋਸਤ ਹੈ।
ਅਕਾਲੀ ਦਲ ਪ੍ਰਧਾਨ ਨੇ ਇਹ ਵੀ ਖੁਲਾਸਾ ਕੀਤਾ ਕਿ ਗੈਂਗਸਟਰਾਂ ਵੱਲੋਂ ਜੇਲ੍ਹ ਅੰਦਰ ਬੈਠਿਆਂ ਆਪਣੇ ਵਿਰੋਧੀਆਂ ਨੂੰ ਖਤਮ ਕਰਨ ਦੀਆਂ ਘਟਨਾਵਾਂ ਵਾਰ ਵਾਰ ਵਾਪਰ ਰਹੀਆਂ ਹਨ ਅਤੇ ਅਜਿਹੀਆਂ ਘਟਨਾਵਾਂ ਦਾ ਸਿਹਰਾ ਲਿਆ ਜਾ ਰਿਹਾ ਹੈ, ਜਿਸ ਤਰ੍ਹਾਂ ਕਿ ਮਲੇਰਕੋਟਲਾ ਅਤੇ ਮਲੌਟ ਵਿਖੇ ਹਾਲ ਹੀ ਵਿਚ ਹੋਏ ਕਤਲਾਂ ਦੌਰਾਨ ਵਾਪਰਿਆ ਹੈ।
ਇਸ ਮੌਕੇ ਉੱਤੇ ਬੋਲਦਿਆਂ ਸੀਨੀਅਰ ਭਾਜਪਾ ਆਗੂ ਸ੍ਰੀ ਵਿਜੈ ਸਾਂਪਲਾ ਨੇ ਕਿਹਾ ਕਿ ਸੱਭਿਅਕ ਸਮਾਜ ਅੰਦਰ ਡਰ ਅਤੇ ਦਹਿਸ਼ਤ ਦਾ ਮਾਹੌਲ ਹੈ, ਕਿਉਂਕਿ ਉੱਘੇ ਕਾਰੋਬਾਰੀਆਂ ਅਤੇ ਪੇਸ਼ਾਵਰਾਂ ਨੂੰ ਫਿਰੌਤੀਆਂ ਦੇਣ ਲਈ ਧਮਕਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਬਦਅਮਨੀ ਨੂੰ ਰੋਕਣ ਲਈ ਕੋਈ ਕੋਸ਼ਿਸ਼ ਨਹੀਂ ਹੋ ਰਹੀ ਹੈ, ਉਲਟਾ ਇਹ ਹਾਲ ਹੈ ਕਿ ਗੈਂਗਸਟਰ ਜੇਲ੍ਹਾਂ ਅੰਦਰ ਬੈਠੇ ਅਪਰਾਧਿਕ ਕਾਰਵਾਈਆਂ ਕਰ ਰਹੇ ਹਨ।
ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਵਿਖਾਇਆ ਕਿ ਭਗਵਾਨਪੁਰੀਆ ਅਤੇ ਉਸ ਦੇ ਸਾਥੀਆਂ ਵੱਲੋਂ ਅਕਾਲੀ ਆਗੂ ਨੂੰ ਸੋਸ਼ਲ ਮੀਡੀਆ ਉੱਤੇ ਕਿਸ ਤਰ੍ਹਾਂ ਧਮਕਾਇਆ ਗਿਆ ਸੀ। ਉਹਨਾਂ ਇਹ ਵੀ ਖੁਲਾਸਾ ਕੀਤਾ ਕਿ ਭਗਵਾਨਪੁਰੀਆ ਕਬੱਡੀ ਖਿਡਾਰੀਆਂ ਨੂੰ ਧਮਕਾ ਕੇ 1000 ਕਰੋੜ ਰੁਪਏ ਦਾ ਕਬੱਡੀ ਰੈਕਟ ਚਲਾ ਰਿਹਾ ਹੈ।
ਵਫ਼ਦ 'ਚ ਡਾਕਟਰ ਦਲਜੀਤ ਸਿੰਘ ਚੀਮਾ, ਪਰਮਿੰਦਰ ਸਿੰਘ ਢੀਂਡਸਾ, ਬੀਬੀ ਜਗੀਰ ਕੌਰ, ਗੁਲਜ਼ਾਰ ਸਿੰਘ ਰਣੀਕੇ, ਸੁਰਜੀਤ ਸਿੰਘ ਰੱਖੜਾ, ਬਲਦੇਵ ਸਿੰਘ ਮਾਨ, ਲਖਬੀਰ ਸਿੰਘ ਲੋਧੀਨੰਗਲ ਅਤੇ ਮਰਹੂਮ ਦਲਬੀਰ ਸਿੰਘ ਢਿੱਲਵਾਂ ਦਾ ਪਰਿਵਾਰ 'ਚੋਂ ਸੰਦੀਪ ਸਿੰਘ (ਸਪੁੱਤਰ), ਬੀਬੀ ਨਵਨੀਤ ਕੌਰ (ਬੇਟੀ) ਅਤੇ ਬਲਵਿੰਦਰ ਸਿੰਘ (ਭਰਾ) ਸ਼ਾਮਿਲ ਸਨ। ਇਸ ਤੋਂ ਇਲਾਵਾ ਭਾਜਪਾ ਵੱਲੋਂ ਤੀਕਸ਼ਣ ਸੂਦ, ਅਸ਼ਵਨੀ ਕੁਮਾਰ ਸ਼ਰਮਾ, ਦਿਨੇਸ਼ ਕੁਮਾਰ ਬੱਬੂ ਅਤੇ ਅਰੁਣ ਨਾਰੰਗ ਸ਼ਾਮਿਲ ਸਨ।