ਚੰਡੀਗੜ•/09 ਫਰਵਰੀ:ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ ਅੱਜ ਕਾਂਗਰਸ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਵੱਡੇ ਵਿਸ਼ਵਾਸ਼ਘਾਤ ਖ਼ਿਲਾਫ 2 ਮਾਰਚ ਨੂੰ 'ਵਿਸ਼ਵਾਸ਼ਘਾਤ ਦਿਵਸ' ਮਨਾਉਣ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਹੱਥਾਂ ਵਿਚ ਪਵਿੱਤਰ ਗੁਟਕਾ ਸਾਹਿਬ ਫੜ ਕੇ ਖਾਧੀਆਂ ਸਹੁੰਾਂ ਨੂੰ ਤੋੜਣ ਦੇ ਨਾਮੁਆਫੀਯੋਗ ਕਾਰੇ ਵੱਲ ਲੋਕਾਂ ਦਾ ਧਿਆਨ ਦਿਵਾਉਣ ਲਈ ਦੋਵੇਂ ਪਾਰਟੀਆਂ ਪੰਜਾਬ ਦੇ ਸਾਰੇ ਹਲਕਿਆਂ ਵਿਚ ਰੋਸ ਪ੍ਰਦਰਸ਼ਨ ਕਰਨਗੀਆਂ।
ਅੱਜ ਸ਼ਾਮੀ ਅਕਾਲੀ ਦਲ ਦੇ ਮੁੱਖ ਦਫ਼ਤਰ ਵਿਖੇ ਦੋਵੇਂ ਪਾਰਟੀਆਂ ਦੀ ਤਾਲਮੇਲ ਕਮੇਟੀ ਦੀ ਮੀਟਿੰਗ ਮਗਰੋਂ ਇੱਕ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਸ੍ਰੀ ਸ਼ਵੇਤ ਮਲਿਕ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਨੇ ਚੋਣ ਮੁਹਿੰਮ ਦੌਰਾਨ ਕੀਤੇ ਵਾਅਦਿਆਂ ਤੋਂ ਮੁਕਰ ਕੇ ਕਿਸਾਨਾਂ, ਵਪਾਰੀਆਂ, ਕਰਮਚਾਰੀਆਂ, ਦਲਿਤਾਂ ਅਤੇ ਹਰ ਵਰਗ ਦੇ ਪੰਜਾਬੀਆਂ ਦੀ ਪਿੱਛ ਵਿਚ ਛੁਰਾ ਮਾਰਿਆ ਹੈ ਅਤੇ ਸੂਬੇ ਦੇ ਲੋਕਾਂ ਦੇ ਲੋਕਾਂ ਨੂੰ ਮਰਨ ਕਿਨਾਰੇ ਕਰ ਦਿੱਤਾ ਹੈ।
ਦੋਵੇਂ ਪਾਰਟੀਆਂ ਨੇ ਸਾਰੇ ਸਰਕਾਰੀ ਕਰਮਚਾਰੀਆਂ ਦੀ ਡੀਏ ਦੀਆਂ ਸਾਰੀਆਂ ਕਿਸ਼ਤਾਂ ਜਾਰੀ ਕਰਵਾਉਣ ਲਈ ਅਤੇ ਮੁਲਾਜ਼ਮਾਂ ਦੀ ਰੋਜ਼ਮਰਾ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਕਰਨ ਲਈ ਸੂਬਾ ਸਰਕਾਰ ਉੱਤੇ ਦਬਾਅ ਪਾਉਣ ਦਾ ਫੈਸਲਾ ਕੀਤਾ ਹੈ।
ਤਾਲਮੇਲ ਕਮੇਟੀ ਦੀ ਮੀਟਿੰਗ ਵਿਚ ਲਏ ਫੈਸਲਿਆਂ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੋਵੇਂ ਆਗੂਆਂ ਨੇ ਦੱਸਿਆ ਕਿ ਅਕਾਲੀ-ਭਾਜਪਾ ਬਤੌਰ ਗਠਜੋੜ ਚੋਣ ਪ੍ਰਚਾਰ ਕਰਨਗੀਆਂ। ਦੋਵੇਂ ਪਾਰਟੀਆਂ ਵਿਚਲੀ ਸਾਂਝ ਸਿਰਫ ਇੱਕ ਸਿਆਸੀ ਗਠਜੋੜ ਹੀ ਨਹੀਂ, ਸਗੋਂ ਸੂਬੇ ਦੇ ਅਮਨ ਅਤੇ ਫਿਰਕੂ ਸਦਭਾਵਨਾ ਦੀ ਰਾਖੀ ਵਾਸਤੇ ਇੱਕ ਸਮਾਜਿਕ ਵਚਨਬੱਧਤਾ ਵੀ ਹੈ। ਦੋਵੇਂ ਪਾਰਟੀਆਂ ਨੇ ਫੈਸਲਾ ਕੀਤਾ ਹੈ ਕਿ ਦੋਵੇਂ ਪਾਰਟੀਆਂ ਦੀਆਂ ਜ਼ਿਲ•ਾ ਪੱਧਰ ਅਤੇ ਹਲਕਾ ਪੱਧਰ ਉੱਤੇ ਤਾਲਮੇਲ ਕਮੇਟੀਆਂ ਬਣਾਈਆਂ ਜਾਣਗੀਆਂ। ਇਹਨਾਂ ਕਮੇਟੀਆਂ ਨੂੰ ਦੋਵੇਂ ਪਾਰਟੀਆਂ ਦੇ ਪ੍ਰਧਾਨਾਂ ਵੱਲੋਂ ਸੰਬੋਧਨ ਕੀਤਾ ਜਾਵੇਗਾ।
ਅੱਜ ਤਾਲਮੇਲ ਕਮੇਟੀ ਦੀ ਮੀਟਿੰਗ ਵਿਚ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਸਿੱਧੀ ਆਮਦਨ ਸਹਾਇਤਾ ਦੇਣ ਵਾਸਤੇ ਹਰ ਕਿਸਾਨ ਨੂੰ ਸਾਲਾਨਾ 6000 ਰੁਪਏ ਦੇਣ ਦੇ ਇਤਿਹਾਸਕ ਫੈਸਲੇ ਦਾ ਸਵਾਗਤ ਕੀਤਾ ਗਿਆ। ਪਰ ਕਮੇਟੀ ਨੇ ਇਹ ਵੀ ਫੈਸਲਾ ਲਿਆ ਕਿ ਅਕਾਲੀ-ਭਾਜਪਾ ਦਾ ਇੱਕ ਸਾਂਝਾ ਵਫ਼ਦ ਕੇਂਦਰੀ ਵਿੱਤ ਮੰਤਰੀ ਨੂੰ ਮਿਲ ਕੇ ਇਸ ਰਾਸ਼ੀ ਵਿਚ ਵਾਧਾ ਕਰਨ ਦੀ ਬੇਨਤੀ ਕਰੇਗਾ।
ਮੀਡੀਆ ਨਾਲ ਗੱਲਬਾਤ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਨੂੰ ਪੰਜ ਸਾਲ ਵਾਸਤੇ ਇੱਕ ਭ੍ਰਿਸ਼ਟਾਚਾਰ-ਮੁਕਤ ਪ੍ਰਸਾਸ਼ਨ ਦਿੱਤਾ ਹੈ। ਉਹਨਾਂ ਕਿਹਾ ਕਿ ਮੋਦੀ ਨੇ ਪੰਜਾਬ ਅਤੇ ਸਿੱਖਾਂ ਵਾਸਤੇ ਇਤਿਹਾਸਕ ਫੈਸਲੇ ਲਏ ਹਨ, ਜਿਹਨਾਂ ਵਿਚ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ•ਣ ਦਾ ਫੈਸਲਾ ਵੀ ਸ਼ਾਮਿਲ ਹੈ।
ਸਰਦਾਰ ਬਾਦਲ ਅਤੇ ਸ੍ਰੀ ਮਲਿਕ ਨੇ ਦੱਸਿਆ ਕਿ ਅਕਾਲੀ-ਭਾਜਪਾ ਵੱਲੋ ਲੋਕ ਸਭਾ ਚੋਣਾਂ ਦੌਰਾਨ ਚੰਡੀਗੜ• ਦੀ ਇੱਕ ਸੀਟ ਸਮੇਤ ਪੰਜਾਬ ਵਿਚਲੀਆਂ 13 ਸੀਟਾਂ ਉੱਤੇ ਹੂੰਝਾ ਫੇਰ ਜਿੱਤ ਹਾਸਿਲ ਕੀਤੀ ਜਾਵੇਗੀ।