ਪਾਰਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੂਰੇ ਰਾਜ ਅੰਦਰ ਕੱਢੇ ਜਾਣ ਵਾਲੇ ਨਗਰ ਕੀਰਤਨ ਵਿਚ ਭਾਗ ਲਵੇਗੀ
ਗੰਨਾ ਉਤਪਾਦਕਾਂ ਦੇ 417 ਕਰੋੜ ਰੁਪਏ ਦੇ ਬਕਾਏ ਵਿਆਜ ਸਮੇਤ ਦੇਣ ਦੀ ਮੰਗ ਕੀਤੀ
ਕਰਮਚਾਰੀਆ ਨੂੰ ਮਹਿੰਗਾਈ ਭੱਤਾ ਜਾਰੀ ਕਰਨ ਅਤੇ ਠੇਕੇ ਉੱਤੇ ਰੱਖੇ ਸਾਰੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਕੀਤੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਰਤਾਰ ਲਾਂਘੇ ਲਈ ਕੀਤੇ ਉਪਰਾਲੇ ਦਾ ਸਵਾਗਤ ਕੀਤਾ
ਅੰਮ੍ਰਿਤਸਰ ਰੇਲ ਹਾਦਸਾ ਕੇਸ ਵਿਚ ਨਵਜੋਤ ਸਿੱਧੂ ਨੂੰ ਕਲੀਨ ਚਿਟ ਦੇਣ ਦੀ ਨਿਖੇਧੀ ਕੀਤੀ
ਚੰਡੀਗੜ•/ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣਾ 98ਵਾਂ ਸਥਾਪਨਾ ਦਿਵਸ ਰਾਜ ਭਰ ਦੇ ਸਾਰੇ ਅਸੰਬਲੀ ਹਲਕਿਆਂ ਵਿਚ ਪੈਂਦੇ ਇਤਿਹਾਸਕ ਗੁਰਦੁਆਰਿਆਂ ਅੰਦਰ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾ ਕੇ ਮਨਾਇਆ ਜਾਵੇਗਾ।
ਅੱਜ ਦੁਪਹਿਰ ਇਸ ਸੰਬੰਧੀ ਕੋਰ ਕਮੇਟੀ ਦੀ ਹੋਈ ਮੀਟਿੰਗ ਵਿਚ ਇਹ ਫੈਸਲਾ ਵੀ ਲਿਆ ਗਿਆ ਕਿ ਪਾਰਟੀ ਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਰਕਾਸ਼ ਪੁਰਬ ਦੀ ਖੁਸ਼ੀ ਵਿਚ ਕੱਢੇ ਜਾਣ ਵਾਲੇ ਨਗਰ ਵਿਚ ਕੀਰਤਨ ਵਿਚ ਭਾਗ ਲਿਆ ਜਾਵੇਗਾ। ਜਿਸ ਤਹਿਤ ਖਾਲਸਾ ਪੰਥ ਦੇ ਤਿੰਨ ਤਖ਼ਤਾਂ ਤੋਂ ਧਾਰਮਿਕ ਮਾਰਚ ਸ਼ੁਰੂ ਹੋਵੇਗਾ ਅਤੇ ਇਹ ਤਿੰਨੋ ਮਾਰਚ ਸੁਲਤਾਨਪੁਰ ਲੋਧੀ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਸੰਪੂਰਨ ਹੋਣਗੇ।
ਇਹ ਫੈਸਲੇ ਇੱਥੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਹੋਈ ਕੋਰ ਕਮੇਟੀ ਦੀ ਮੀਟਿੰਗ ਵਿਚ ਲਏ ਗਏ। ਕੋਰ ਕਮੇਟੀ ਨੇ ਅੰਮ੍ਰਿਤਸਰ ਰੇਲ ਹਾਦਸੇ ਦੇ ਕੇਸ ਵਿਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਕਲੀਨ ਚਿਟ ਦੇਣ ਵੀ ਨਿਖੇਧੀ ਕੀਤੀ ਅਤੇ ਇਸ ਨੂੰ ਇੱਕ ਭੱਦਾ ਡਰਾਮਾ ਕਰਾਰ ਦਿੱਤਾ। ਇਸ ਤੋਂ ਇਲਾਵਾ ਇੱਕ ਹੋਰ ਮਤੇ ਵਿਚ ਪਾਰਟੀ ਵੱਲੋਂ ਸੰਕਟ ਵਿਚ ਫਸੀ ਕਿਸਾਨੀ ਨਾਲ ਡਟ ਕੇ ਖੜ•ਣ ਦਾ ਫੈਸਲਾ ਕੀਤਾ ਗਿਆ, ਜਿਸ ਨੂੰ ਪੰਜਾਬ ਸਰਕਾਰ ਵੱਲੋਂ ਗੰਨੇ ਦੇ ਬਕਾਏ ਦੇਣ ਦੇਣ ਮਾਮਲੇ ਵਿਚ ਝੂਠੇ ਵਾਅਦੇ ਕਰਕੇ ਠੱਗਿਆ ਗਿਆ ਹੈ। ਕੋਰ ਕਮੇਟੀ ਨੇ ਸਰਕਾਰੀ ਕਰਮਚਾਰੀਆਂ ਨੂੰ ਤੁਰੰਤ ਮਹਿੰਗਾਈ ਭੱਤਾ ਜਾਰੀ ਕਰਨ ਦੀ ਵੀ ਮੰਗ ਕੀਤੀ।
ਇਸ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪਾਰਟੀ ਦੇ ਬੁਲਾਰੇ ਸ੍ਰੀ ਹਰਚਰਨ ਬੈਂਸ ਨੇ ਦੱਸਿਆ ਕਿ
ਕੋਰ ਕਮੇਟੀ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਕਰਤਾਰਪੁਰ ਲਾਂਘਾ ਬਣਾਉਣ ਲਈ ਕੀਤੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਮੁੱਚੇ ਖਾਲਸਾ ਪੰਥ ਲਈ ਇੱਕ ਸਾਂਝੀ ਪ੍ਰਾਪਤੀ ਸੀ ਅਤੇ ਸਾਰੀ ਨਾਨਕ ਨਾਮ ਲੇਵਾ ਸੰਗਤ ਲਈ ਇੱਕ ਸੁਲੱਖਣੀ ਘੜੀ ਸੀ। ਕਮੇਟੀ ਨੇ ਸਾਰੀਆਂ ਸਿਆਸੀ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਇਸ ਪ੍ਰਾਪਤੀ ਦਾ ਸਾਰੇ ਰਲ ਕੇ ਪੂਰੀ ਹਲੀਮੀ ਨਾਲ ਜਸ਼ਨ ਮਨਾਉਣ , ਕਿਉਂਕਿ ਇਹ ਸਾਰੀਆਂ ਸਿਆਸੀ ਅਤੇ ਵਿਚਾਰਧਾਰਕ ਧੜੇਬੰਦੀਆਂ ਤੋਂ ਉੱਪਰ ਉੱਠ ਕੇ ਸ਼ੁਕਰਾਨਾ ਕਰਨ ਦਾ ਸਮਾਂ ਹੈ। ਕਮੇਟੀ ਨੇ ਇਸ ਸੰਬੰਧੀ ਪਾਸ ਕੀਤੇ ਇੱਕ ਮਤੇ ਵਿਚ ਕਿਹਾ ਕਿ ਇਹ ਸਭ ਪ੍ਰਮਾਤਮਾ ਅਤੇ ਮਹਾਨ ਗੁਰੂ ਸਾਹਿਬਾਨਾਂ ਦੀ ਮਿਹਰ ਨਾਲ ਹੀ ਸੰਭਵ ਹੋ ਪਾਇਆ ਹੈ, ਕਿਉਂਕਿ ਹਰ ਸਿੱਖ ਵੱਲੋਂ ਇਸ ਵਾਸਤੇ ਰੋਜ਼ਾਨਾ ਕੀਤੀ ਜਾਂਦੀ ਅਰਦਾਸ ਸੁਣੀ ਗਈ ਹੈ।
ਕੋਰ ਕਮੇਟੀ ਦੀ ਮੀਟਿੰਗ ਵਿਚ ਪਾਰਟੀ ਦਾ ਸਥਾਪਨਾ ਦਿਵਸ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਨਾਉਣ ਦਾ ਫੈਸਲਾ ਕੀਤਾ ਗਿਆ, ਜਿਸ ਦੌਰਾਨ ਪਾਰਟੀ ਵੱਲੋਂ ਉਹਨਾਂ ਟਕਸਾਲੀ ਵਰਕਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ, ਜਿਹਨਾਂ ਨੇ ਪਾਰਟੀ ਲਈ ਕੁਰਬਾਨੀਆਂ ਦਿੱਤੀਆਂ ਹਨ। ਇਸ ਤੋਂ ਇਲਾਵਾ ਪਾਰਟੀ ਵਰਕਰਾਂ ਵੱਲੋਂ ਸੂਬੇ ਦੇ ਹਰ ਹਲਕੇ ਅੰਦਰ ਕਿਸੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਸਾਹਿਬ ਦਾ ਪ੍ਰਕਾਸ਼ ਕਰਕੇ ਸਥਾਪਨਾ ਦਿਵਸ ਮਨਾਇਆ ਜਾਵੇਗਾ। ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਨਿਸ਼ਾਨੀਆਂ ਸਮੇਤ ਕੱਢੇ ਜਾਣ ਵਾਲੇ ਰਾਜ ਪੱਧਰੀ ਨਗਰ ਕੀਰਤਨ ਵਿਚ ਵੀ ਪਾਰਟੀ ਵਰਕਰਾਂ ਵੱਲੋਂ ਵਧ ਚੜ• ਕੇ ਹਿੱਸਾ ਲਿਆ ਜਾਵੇਗਾ।
ਕੋਰ ਕਮੇਟੀ ਨੇ ਅੰਮ੍ਰਿਤਸਰ ਰੇਲ ਹਾਦਸਾ ਕੇਸ ਵਿਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਅਤੇ ਉਹਨਾਂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਕਲੀਨ ਚਿਟ ਦੇਣ ਦੀ ਨਿਖੇਧੀ ਕੀਤੀ। ਕਮੇਟੀ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਹੈ। ਇਸ ਮੌਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਿੱਧੂ ਨੂੰ ਬਚਾਉਣ ਲਈ ਕਾਇਮ ਕੀਤੇ ਜਾਂਚ ਕਮਿਸ਼ਨ ਨੇ ਸਰਕਾਰ ਦੇ ਨਿਰਦੇਸ਼ਾਂ ਮੁਤਾਬਿਕ ਹੀ ਕੰਮ ਕੀਤਾ ਹੈ। ਕਮੇਟੀ ਨੇ ਕਿਹਾ ਕਿ ਸਿਰਫ ਇੱਕ ਸੁਤੰਤਰ ਨਿਆਂਇਕ ਕਮਿਸ਼ਨ ਹੀ ਇਸ ਹਾਦਸੇ ਦੇ ਸੱਚ ਨੂੰ ਬਾਹਰ ਲਿਆ ਸਕਦਾ ਹੈ ਅਤੇ ਸਿੱਧੂ ਜੋੜੀ ਨੂੰ ਢੁੱਕਵੀਂ ਸਜ਼ਾ ਦਿਵਾ ਸਕਦਾ ਹੈ।
ਇਹ ਟਿੱਪਣੀ ਕਰਦਿਆਂ ਕਿ ਕਾਂਗਰਸ ਸਰਕਾਰ ਅਜੇ ਵੀ ਗੰਨਾ ਉਤਪਾਦਕਾਂ ਨੂੰ ਤਬਾਹੀ ਤੋਂ ਬਚਾਉਣ ਲਈ ਸੰਜੀਦਾ ਨਹੀਂ ਹੈ,ਕੋਰ ਕਮੇਟੀ ਨੇ ਮੰਗ ਕੀਤੀ ਕਿ ਉਹਨਾਂ ਦੇ 417 ਕਰੋੜ ਰੁਪਏ ਦੇ ਬਕਾਏ ਵਿਆਜ ਸਮੇਤ ਦਿੱਤੇ ਜਾਣ। ਕਮੇਟੀ ਨੇ ਇਹ ਵੀ ਮੰਗ ਕੀਤੀ ਕਿ ਝੋਨਾ ਉਤਪਾਦਕਾਂ ਨੂੰ ਆਪਣੀ ਫਸਲ ਵੇਚਣ ਲਈ ਜਿਹੜੀ 100 ਰੁਪਏ ਤੋਂ ਲੈ ਕੇ 150 ਰੁਪਏ ਪ੍ਰਤੀ ਕੁਇੰਟਲ ਰਿਸ਼ਵਤ ਦੇਣੀ ਪਈ ਹੈ, ਉਸ ਦੀ ਭਰਪਾਈ ਲਈ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ।
ਕਮੇਟੀ ਨੇ ਇਹ ਵੀ ਕਿਹਾ ਕਿ ਸੂਬਾ ਸਰਕਾਰ ਸਰਕਾਰੀ ਕਰਮਚਾਰੀਆ ਨੂੰ ਮਹਿੰਗਾਈ ਭੱਤਾ ਦੇਣ ਤੋਂ ਇਨਕਾਰ ਕਰ ਰਹੀ ਹੈ। ਕਮੇਟੀ ਨੇ 4000 ਕਰੋੜ ਰੁਪਏ ਦੇ ਬਕਾਇਆ ਸਮੇਤ ਮਹਿੰਗਾਈ ਭੱਤਾ ਵੀ ਜਾਰੀ ਕੀਤੇ ਜਾਣ ਦੀ ਮੰਗ ਕੀਤੀ। ਕਮੇਟੀ ਨੇ ਇਹ ਵੀ ਮੰਗ ਕੀਤੀ ਕਿ ਠੇਕੇ ਉੱਤੇ ਰੱਖੇ ਸਾਰੇ ਕਰਮਚਾਰੀਆਂ ਨੂੰ 2016 ਵਿਚ ਪਾਸ ਕੀਤੇ ਐਕਟ ਮੁਤਾਬਿਕ ਤੁਰੰਤ ਪੱਕੇ ਕੀਤਾ ਜਾਵੇ। ਅਜਿਹਾ ਨਾ ਹੋਣ ਦੀ ਸੂਰਤ ਵਿਚ ਪਾਰਟੀ ਵੱਲੋ ਕਰਮਚਾਰੀਆਂ ਨੂੰ ਇਨਸਾਫ ਦਿਵਾਉਣ ਲਈ ਅੰਦੋਲਨ ਵਿੱਢਿਆ ਜਾਵੇਗਾ।
ਕੋਰ ਕਮੇਟੀ ਵੱਲੋਂ ਲਏ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਬੁਲਾਰੇ ਸ੍ਰੀ ਹਰਚਰਨ ਬੈਂਸ ਨੇ ਦੱਸਿਆ ਕਿ ਕਰਤਾਰਪੁਰ ਲਾਂਘੇ ਦੇ ਕੀਤੇ ਉਪਰਾਲੇ ਲਈ ਅਕਾਲੀ ਦਲ ਨੇ ਭਾਰਤ ਸਰਕਾਰ ਅਤੇ ਖਾਸ ਤੌਰ ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਪਾਰਟੀ ਨੇ ਇਸ ਗੱਲ ਦਾ ਸ਼ੁਕਰਾਨਾ ਕੀਤਾ ਕਿ ਪਾਕਿਸਤਾਨ ਦੀ ਸਰਕਾਰ ਨੇ ਇਸ ਪਹਿਲਕਦਮੀ ਦਾ ਹਾਂ-ਪੱਖੀ ਹੁੰਗਾਰਾ ਭਰਿਆ ਹੈ। ਇਸ ਸੰਬੰਧੀ ਮਤੇ ਵਿਚ ਕਿਹਾ ਗਿਆ ਕਿ ਇਹ ਲਾਂਘਾ ਗੁਰੂ ਸਾਹਿਬ ਦੀ ਮਿਹਰ ਅਤੇ ਸਿੱਖ ਸੰਗਤ ਵੱਲੋਂ ਕੀਤੀਆਂ ਅਰਦਾਸਾਂ ਨਾਲ ਸੰਭਵ ਹੋਇਆ ਹੈ, ਇਸ ਦੇ ਨਾਲ ਹੀ ਸਿਆਸੀ ਪੱਧਰ ਉੱਤੇ ਮਾਸਟਰ ਤਾਰਾ ਸਿੰਘ, ਸੰਤ ਫਤਿਹ ਸਿੰਘ, ਸੰਤ ਹਰਚੰਦ ਸਿੰਘ ਜੀ ਲੌਂਗੋਵਾਲ, ਜਥੇਦਾਰ ਗੁਰਚਰਨ ਸਿੰਘ ਜੀ ਟੌਹੜਾ, ਸਰਦਾਰ ਪਰਕਾਸ਼ ਸਿੰਘ ਬਾਦਲ ਅਤੇ ਮੌਜੂਦਾ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਲੰਬੇ ਸੰਘਰਸ਼ ਦਾ ਨਤੀਜਾ ਹੈ।
ਪਾਰਟੀ ਨੇ ਇਸ ਲਾਂਘੇ ਨੂੰ ਖੁੱਲਵਾਉਣ ਲਈ ਜਥੇਦਾਰ ਕੁਲਦੀਪ ਸਿੰਘ ਵਡਾਲਾ ਵੱਲੋਂ ਕੀਤੇ ਲੰਬੇ ਸੰਘਰਸ਼ ਦੀ ਵੀ ਸ਼ਲਾਘਾ ਕੀਤੀ। ਸ੍ਰੀ ਬੈਂਸ ਨੇ ਦੱਸਿਆ ਕਿ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਨੇ ਆਪਣੀ ਲਾਹੌਰ ਬੱਸ ਫੇਰੀ ਦੌਰਾਨ ਸਰਦਾਰ ਪਰਕਾਸ਼ ਸਿੰਘ ਬਾਦਲ ਦੇ ਕਹਿਣ ਉੱਤੇ ਆਪਣੇ ਪਾਕਿਸਤਾਨੀ ਹਮਰੁਤਬਾ ਸ੍ਰੀ ਨਵਾਜ ਸ਼ਰੀਫ ਕੋਲ ਇਹ ਮੁੱਦਾ ਉਠਾਇਆ ਸੀ। ਪਰੰਤੂ ਕਾਰਗਿਲ ਦੇ ਯੁੱਧ ਮਗਰੋਂ ਪਾਕਿਸਤਾਨ ਵਿਚ ਹੋਈ ਸਿਆਸੀ ਉੱਥਲ ਪੁਥਲ ਨੇ ਇਹ ਸੁਫਨਾ ਪੂਰਾ ਨਹੀਂ ਸੀ ਹੋਣ ਦਿੱਤਾ।
ਕੋਰ ਕਮੇਟੀ ਦੀ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸਰਦਾਰ ਬਲਵਿੰਦਰ ਸਿੰਘ ਭੂੰਦੜ, ਬੀਬੀ ਹਰਸਿਮਰਤ ਕੌਰ ਬਾਦਲ, ਚਰਨਜੀਤ ਸਿੰਘ ਅਟਵਾਲ, ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ, ਜਥੇਦਾਰ ਤੋਤਾ ਸਿੰਘ, ਹਰੀ ਸਿੰਘ ਜ਼ੀਰਾ, ਗੁਲਜ਼ਾਰ ਸਿੰਘ ਰਣੀਕੇ, ਬੀਬੀ ਜੰਗੀਰ ਕੌਰ, ਜਨਮੇਜਾ ਸਿੰਘ ਸੇਖੋਂ, ਬੀਬੀ ਉਪਿੰਦਰਜੀਤ ਕੌਰ, ਡਾਕਟਰ ਦਲਜੀਤ ਸਿੰਘ ਚੀਮਾ, ਭਾਈ ਗੋਬਿੰਦ ਸਿੰਘ ਲੌਂਗੋਵਾਲ, ਸ਼ਰਨਜੀਤ ਸਿੰਘ ਢਿੱਲੋਂ, ਸੁਰਜੀਤ ਸਿੰਘ ਰੱਖੜਾ, ਬਲਦੇਵ ਸਿੰਘ ਮਾਨ ਅਤੇ ਸ੍ਰੀ ਹਰਚਰਨ ਬੈਂਸ ਸ਼ਾਮਿਲ ਸਨ।