ਚੰਡੀਗੜ੍ਹ/ ਜ਼ਮੀਨੀ ਪੱਧਰ ਉੱਤੇ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਸੱਤਾਧਾਰੀ ਕਾਂਗਰਸੀ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਖ਼ਿਲਾਫ ਪਾਰਟੀ ਵਰਕਰਾਂ ਦਾ ਹੌਂਸਲਾ ਬੁਲੰਦ ਕਰਨ ਲਈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪਿੰਡ ਬਾਦਲ ਵਿਖੇ ਵਰਕਰਾਂ ਦੀ ਇੱਕ ਰੈਲੀ ਦੌਰਾਨ ਅਕਾਲੀ ਦਲ ਦੀ ਮੈਂਬਰਸ਼ਿਪ ਭਰਤੀ ਮੁਹਿੰਮ ਦੀ ਸ਼ੁਰੂਆਤ ਕੀਤੀ।
ਇਸ ਮੌਕੇ ਉੱਤੇ ਬੋਲਦਿਆਂ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਸਾਨੂੰ ਆਪਣੇ ਉਹਨਾਂ ਵਿਰੋਧੀਆਂ ਅੱਗੇ ਆਪਣੀ ਤਾਕਤ ਵਿਖਾਉਣ ਦੀ ਲੋੜ ਹੈ, ਜਿਹੜੇ ਸਿੱਖਾਂ ਨੂੰ ਆਗੂ-ਵਿਹੂਣੇ ਕਰਨ ਲਈ ਅਕਾਲੀ ਦਲ ਅਤੇ ਇਸ ਦੀ ਲੀਡਰਸ਼ਿਪ ਖ਼ਿਲਾਫ ਸਾਜ਼ਿਸ਼ਾਂ ਰਚਦੇ ਆ ਰਹੇ ਹਨ। ਉਹਨਾਂ ਕਿਹਾ ਕਿ ਅਸੀਂ ਜੇਕਰ ਇੱਕਜੁਟ ਰਹਾਂਗੇ, ਤਾਂ ਸਾਡੇ ਵਿਰੋਧੀ ਸਾਡੇ ਨਾਲ ਭਿੜਣ ਤੋਂ ਪਹਿਲਾਂ ਦੋ ਵਾਰ ਸੋਚਣਗੇ। ਉਹਨਾਂ ਕਿਹਾ ਕਿ ਆਓ ਵੱਧ ਤੋਂ ਵੱਧ ਲੋਕਾਂ ਨੂੰ ਮੈਂਬਰ ਬਣਾ ਕੇ ਪਾਰਟੀ ਦਾ ਸੂਬੇ ਦੇ ਹਰ ਕੋਨੇ ਅਤੇ ਨੁੱਕਰ ਤਕ ਵਿਸਥਾਰ ਕਰੀਏ। ਉਹਨਾਂ ਕਿਹਾ ਕਿ ਪੂਰੇ ਸੂਬੇ ਅੰਦਰ ਹਰ ਸਿੱਖ ਪਰਿਵਾਰ ਵਿਚੋਂ ਘੱਟੋ ਘੱਟ ਇੱਕ ਮੈਂਬਰ ਅਕਾਲੀ ਦਲ ਦਾ ਵਾਲੰਟੀਅਰ ਹੋਣਾ ਚਾਹੀਦਾ ਹੈ।
ਇਸ ਮੌਕੇ ਪਾਰਟੀ ਵਿਚ ਭਰਤੀ ਹੋਏ 50 ਤੋਂ ਵੱਧ ਨਵੇਂ ਮੈਂਬਰਾਂ ਨੂੰ ਮੈਬਰਸ਼ਿਪ ਦੀਆਂ ਰਸੀਦਾਂ ਪ੍ਰਦਾਨ ਕਰਕੇ ਅਕਾਲੀ ਦਲ ਸਰਪ੍ਰਸਤ ਨੇ ਮੈਂਬਰਸ਼ਿਪ ਭਰਤੀ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਹਨਾਂ ਨਾਲ ਅਕਾਲੀ ਦਲ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੀ ਹਾਜ਼ਿਰ ਸਨ।
ਨਵੇਂ ਮੈਂਬਰਾਂ ਨੂੰ ਪਾਰਟੀ ਦੀ ਜ਼ਮੀਨੀ ਪੱਧਰ ਤਕ ਮਜ਼ਬੂਤੀ ਲਈ ਇੱਕਜੁਟ ਹੋ ਕੇ ਕੰਮ ਕਰਨ ਦੀ ਅਪੀਲ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਦੀ ਅਸਲੀ ਤਾਕਤ ਉਹਨਾਂ ਦੇ ਵਰਕਰ ਹੁੰਦੇ ਹਨ। ਇਸ ਲਈ ਇਸ ਮੈਂਬਰਸ਼ਿਪ ਭਰਤੀ ਮੁਹਿੰਮ ਦੌਰਾਨ ਪਾਰਟੀ ਵਰਕਰਾਂ ਦੀ ਗਿਣਤੀ ਵੱਧ ਤੋਂ ਵੱਧ ਕਰਨ ਦਾ ਨਿਸ਼ਾਨਾ ਮਿੱਥੋ। ਆਪਣੇ ਟੀਚੇ ਉੱਚੇ ਰੱਖੋ, ਕਿਉਂਕਿ ਤੁਹਾਨੂੰ ਲੋਕਾਂ ਦਾ ਸ਼ਾਨਦਾਰ ਹੁੰਗਾਰਾ ਮਿਲੇਗਾ। ਸਰਦਾਰ ਬਾਦਲ ਨੇ ਪਾਰਟੀ ਕੇਡਰ ਨੂੰ ਇੱਕੋ ਸਮੇਂ ਹਰ ਵਿਧਾਨ ਸਭਾ ਹਲਕੇ ਅੰਦਰ ਮੈਂਬਰਸ਼ਿਪ ਭਰਤੀ ਮੁਹਿੰਮ ਚਲਾਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣੇ ਆਗੂਆਂ ਨੂੰ ਅਕਾਲੀ ਆਗੂਆਂ ਅਤੇ ਵਰਕਰਾਂ ਖ਼ਿਲਾਫ ਝੂਠੇ ਮੁਕੱਦਮੇ ਦਰਜ ਕਰਾਉਣ ਤੋਂ ਲੈ ਕੇ ਉਹਨਾਂ ਉੱਤੇ ਜਾਨਲੇਵਾ ਹਮਲੇ ਕਰਵਾਉਣ ਤਕ ਹਰ ਤਰ੍ਹਾਂ ਦੇ ਅੱਿਤਆਚਾਰ ਕਰਨ ਦੀ ਖੁੱਲ੍ਹ ਦੇ ਰੱਖੀ ਹੈ।
ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਆਪਣੀ ਲੋਕ-ਵਿਰੋਧੀ ਨੀਤੀਆਂ ਕਰਕੇ ਸਾਰੇ ਪੰਜਾਬ ਦੇ ਨੱਕ 'ਚ ਦਮ ਕਰ ਰੱਖਿਆ ਅਤੇ ਸਮਾਜ ਦਾ ਹਰ ਵਰਗ ਇਸ ਨਿਕੰਮੀ ਸਰਕਾਰ ਦੇ ਖ਼ਿਲਾਫ ਉੱਠ ਖੜ੍ਹਿਆ ਹੈ। ਉਹਨਾਂ ਪਾਰਟੀ ਵਰਕਰਾਂ ਨੂੰ ਕਿਹਾ ਕਿ ਅਕਾਲੀ ਦਲ ਦੇ ਝੰਡੇ ਹੇਠ ਉਹਨਾਂ ਦੇ ਮਸਲਿਆਂ ਨੂੰ ਜ਼ੋਰ ਸ਼ੋਰ ਨਾਲ ਉਠਾਉਣ ਲਈ ਸਾਰੀਆਂ ਦੁਖੀ ਧਿਰਾਂ ਨੂੰ ਪਾਰਟੀ ਅੰਦਰ ਲੈ ਕੇ ਆਓ।