ਪਾਰਟੀ 22 ਸਤੰਬਰ ਨੂੰ ਕੁਰਕੁਸ਼ੇਤਰ ਵਿਖੇ ਉਮੀਦਵਾਰਾਂ ਦੀ ਇੰਟਰਵਿਊ ਲਵੇਗੀ
ਕਿਹਾ ਕਿ ਭਾਜਪਾ ਨਾਲ ਸੀਟਾਂ ਦੀ ਵੰਡ ਬਾਰੇ ਪੈਨਲ ਦੀ ਅਗਵਾਈ ਸਰਦਾਰ ਭੂੰਦੜ ਕਰਨਗੇ
ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਦੇਸ਼ ਦੀਆਂ ਵਿਭਿੰਨ ਜੇਲ੍ਹਾਂ ਵਿਚ ਸੜ੍ਹ ਰਹੇ ਸਾਰੇ ਸਿੱਖ ਕੈਦੀਆਂ ਨੂੰ ਤੁਰੰਤ ਰਿਹਾ ਕਰਨ ਦੀ ਮੰਗ ਕੀਤੀ
ਮੰਗ ਕੀਤੀ ਕਿ ਹੜ੍ਹ ਪੀੜਤ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ 25 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ
ਚੰਡੀਗੜ੍ਹ/17 ਸਤੰਬਰ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਹਰਿਆਣਾ ਦੀਆਂ ਆ ਰਹੀਆਂ ਵਿਧਾਨ ਸਭਾ ਚੋਣਾਂ ਲੜਣ ਦਾ ਐਲਾਨ ਕੀਤਾ ਹੈ। ਇਸ ਸੰਬੰਧੀ ਫੈਸਲਾ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਅੱਜ ਪਾਰਟੀ ਦੇ ਮੁੱਖ ਦਫ਼ਤਰ ਵਿਚ ਹੋਈ ਕੋਰ ਕਮੇਟੀ ਦੀ ਮੀਟਿੰਗ ਵਿਚ ਲਿਆ ਗਿਆ।
ਇਸ ਮੀਟਿੰਗ ਵਿਚ ਸਰਦਾਰ ਬਲਵਿੰਦਰ ਸਿੰਘ ਭੂੰਦੜ, ਸਰਦਾਰ ਹਰੀ ਸਿੰਘ ਜ਼ੀਰਾ, ਸਰਦਾਰ ਚਰਨਜੀਤ ਸਿੰਘ ਅਟਵਾਲ, ਸਰਦਾਰ ਨਿਰਮਲ ਸਿੰਘ ਕਾਹਲੋਂ, ਸਰਦਾਰ ਬਿਕਰਮ ਸਿੰਘ ਮਜੀਠੀਆ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ ਇੰਦਰ ਸਿੰਘ ਗਰੇਵਾਲ, ਡਾਕਟਰ ਦਲਜੀਤ ਸਿੰਘ ਚੀਮਾ, ਬੀਬੀ ਉਪਿੰਦਰਜੀਤ ਕੌਰ, ਬਲਦੇਵ ਸਿੰਘ ਮਾਨ, ਜਨਮੇਜਾ ਸਿੰਘ ਸੇਖੋਂ, ਸਿਕੰਦਰ ਸਿੰਘ ਮਲੂਕਾ, ਗੁਲਜ਼ਾਰ ਸਿੰਘ ਰਣੀਕੇ ਅਤੇ ਸੁਰਜੀਤ ਸਿੰਘ ਰੱਖੜਾ ਨੇ ਭਾਗ ਲਿਆ।
ਕੋਰ ਕਮੇਟੀ ਵੱਲੋਂ ਲਏ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਪਾਰਟੀ ਦੇ ਮੁੱਖ ਬੁਲਾਰੇ ਹਰਚਰਨ ਸਿੰਘ ਬੈਂਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਾਰਟੀ ਨੇ 22 ਸਤੰਬਰ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਲੜਣ ਵਿਚ ਦਿਲਚਸਪੀ ਰੱਖਣ ਵਾਲੇ ਉਮੀਦਵਾਰਾਂ ਦੀ ਇੰਟਰਵਿਊ ਲੈਣ ਲਈ ਕੁਰਕੁਸ਼ੇਤਰ ਵਿਖੇ ਇੱਕ ਵਰਕਰਾਂ ਦੀ ਮੀਟਿੰਗ ਸੱਦਣ ਦਾ ਫੈਸਲਾ ਕੀਤਾ ਹੈ। ਉਹਨਾਂ ਦੱਸਿਆ ਕਿ ਇਸ ਮਕਸਦ ਲਈ ਸਰਦਾਰ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਵਿਚ ਇੱਕ ਸਕਰੀਨਿੰਗ ਕਮੇਟੀ ਬਣਾਈ ਗਈ ਹੈ। ਉਹਨਾਂ ਦੱਸਿਆ ਕਿ ਚੋਣਾਂ ਲੜਣ ਵਿਚ ਦਿਲਚਸਪੀ ਰੱਖਣ ਵਾਲੇ ਸਾਰੇ ਉਮੀਦਵਾਰਾਂ ਨੂੰ 22ਸਤੰਬਰ ਤਕ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਵਾਉਣ ਲਈ ਕਹਿ ਦਿੱਤਾ ਗਿਆ ਹੈ।
ਸਰਦਾਰ ਬੈਂਸ ਨੇ ਇਹ ਵੀ ਦੱਸਿਆ ਕਿ ਸੀਨੀਅਰ ਅਕਾਲੀ ਆਗੂ ਸਰਦਾਰ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਵਾਲੀ ਕਮੇਟੀ ਹਰਿਆਣਾ ਵਿਧਾਨ ਸਭਾ ਚੋਣਾਂ ਵਾਸਤੇ ਭਾਜਪਾ ਨਾਲ ਸੀਟਾਂ ਦੀ ਵੰਡ ਬਾਰੇ ਵਿਚਾਰ ਚਰਚਾ ਕਰੇਗੀ। ਹਰਿਆਣਾ ਚੋਣ ਪ੍ਰਚਾਰ ਵਾਸਤੇ ਬਣਾਈ ਇਸ ਕਮੇਟੀ ਦੇ ਬਾਕੀ ਮੈਂਬਰਾਂ ਵਿਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸਰਦਾਰ ਸੁਰਜੀਤ ਸਿੰਘ ਰੱਖੜਾ ਸ਼ਾਮਿਲ ਹਨ। ਇਹ ਕਮੇਟੀ ਪਾਰਟੀ ਦੀ ਚੋਣ ਪ੍ਰਚਾਰ ਲਈ ਰਣਨੀਤੀ ਵੀ ਤਿਆਰ ਕਰੇਗੀ।
ਸਰਦਾਰ ਬੈਂਸ ਨੇ ਦੱਸਿਆ ਕਿ ਕੋਰ ਕਮੇਟੀ ਨੇ ਅੱਜ ਦੀ ਮੀਟਿੰਗ ਵਿਚ ਦੋ ਵਿਸ਼ੇਸ਼ ਮਤੇ ਪਾਸ ਕੀਤੇ ਹਨ। ਇਹਨਾਂ ਵਿਚੋਂ ਪਹਿਲੇ ਮਤੇ ਵਿਚ ਅਕਾਲੀ ਦਲ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਦੇਸ਼ ਦੀਆਂ ਵਿਭਿੰਨ ਜੇਲ੍ਹਾਂ ਵਿਚ ਸੜ੍ਹ ਰਹੇ ਸਾਰੇ ਸਿੱਖ ਕੈਦੀਆਂ ਦੀ ਤੁਰੰਤ ਰਿਹਾਈ ਦਾ ਹੁਕਮ ਦਿੱਤਾ ਜਾਵੇ। ਪਾਰਟੀ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਰਕਾਸ਼ ਪੁਰਬ ਉੱਤੇ ਇਹਨਾਂ ਸਿੱਖਾਂ ਅਤੇ ਹੋਰ ਪੰਜਾਬੀ ਕੈਦੀਆਂ ਦੀ ਨਜਾਇਜ਼ ਅਤੇ ਅਸੰਵਿਧਾਨਕ ਕੈਦ ਨੂੰ ਖ਼ਤਮ ਕਰਨ ਦਾ ਐਲਾਨ ਕਰਨ ਦੀ ਅਪੀਲ ਕੀਤੀ ਹੈ।
ਸਰਦਾਰ ਬੈਂਸ ਨੇ ਅੱਗੇ ਦੱਸਿਆ ਕਿ ਇੱਕ ਹੋਰ ਮਤੇ ਵਿਚ ਅਕਾਲੀ ਦਲ ਨੇ ਆਪਣੀ ਸੰਘੀ ਸੋਚ ਦਾ ਮੁਜ਼ਾਹਰਾ ਕਰਦਿਆਂ ਪੰਜਾਬੀ ਭਾਸ਼ਾ ਦੀ ਸੰਭਾਲ ਅਤੇ ਪਸਾਰ ਸੰਬੰਧੀ ਆਪਣੀ ਮਜ਼ਬੂਤ ਅਤੇ ਸਿਧਾਂਤਕ ਵਚਨਬੱਧਤਾ ਨੂੰ ਦੁਹਰਾਇਆ ਹੈ। ਪਾਰਟੀ ਨੇ ਕਿਹਾ ਹੈ ਕਿ ਪੰਜਾਬੀ ਭਾਸ਼ਾ ਨੂੰ ਮਹਾਨ ਗੁਰੂ ਸਾਹਿਬਾਨ ਨੇ ਇਸ ਖੇਤਰ ਦੇ ਲੋਕਾਂ ਦੀ ਸੱਭਿਆਚਾਰਕ ਵਿਰਾਸਤ ਅਹਿਮ ਅਤੇ ਅਨਿੱਖੜਵਾਂ ਅੰਗ ਬਣਾ ਦਿੱਤਾ ਹੈ। ਪਾਰਟੀ ਦਾ ਇਹ ਪੱਕਾ ਯਕੀਨ ਹੈ ਕਿ ਪੂਰੇ ਦੇਸ਼ ਅੰਦਰ ਖੇਤਰੀ ਭਾਸ਼ਾਵਾਂ ਸਾਡੀ ਸੰਘੀ ਅਤੇ ਲੋਕਤੰਤਰੀ ਸਿਆਸਤ ਦੇ ਅਮੀਰ ਬਹੁਭਾਂਤੀ ਸੱਭਿਆਚਾਰਕ ਕਿਰਦਾਰ ਦਾ ਅਟੁੱਟ ਅੰਗ ਹਨ।
ਇਸ ਤੋਂ ਇਲਾਵਾ ਪਾਰਟੀ ਨੇ ਸੂਬੇ ਅੰਦਰ ਆਏ ਹੜ੍ਹਾਂ ਦੌਰਾਨ ਸਥਿਤੀ ਨਾਲ ਨਿਪਟਣ ਲਈ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਅਪਣਾਏ ਕਠੋਰ ਵਤੀਰੇ ਅਤੇ ਨਿਕੰਮੇਪਣ ਲਈ ਇਸ ਦੀ ਸਖ਼ਤ ਨਿਖੇਧੀ ਕੀਤੀ। ਪਾਰਟੀ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਆਪਣੇ ਹਾਲ ਉੱਤੇ ਛੱਡ ਦਿੱਤਾ ਗਿਆ ਅਤੇ ਸਰਕਾਰ ਉਹਨਾਂ ਦੀ ਮੱਦਦ ਲਈ ਨਹੀਂ ਬਹੁੜੀ। ਕੋਰ ਕਮੇਟੀ ਨੇ ਇਸ ਬਿਪਤਾ ਮੌਕੇ ਵਿਅਕਤੀਆਂ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਖਾਸ ਤੌਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਚਾਅ ਕਾਰਜਾਂ ਅਤੇ ਰਾਹਤ ਕਾਰਜਾਂ ਰਾਹੀਂ ਹੜ੍ਹ ਪੀੜਤਾਂ ਦੀ ਕੀਤੀ ਮੱਦਦ ਲਈ ਇਹਨਾਂ ਸਾਰਿਆਂ ਦੀ ਸ਼ਲਾਘਾ ਕੀਤੀ।
ਕੋਰ ਕਮੇਟੀ ਨੇ ਇਹ ਹੜ੍ਹਾਂ ਵਿਚ ਹੋਏ ਨੁਕਸਾਨ ਦੀ ਭਰਪਾਈ ਲਈ ਸਰਕਾਰ ਕੋਲੋ 25 ਹਜ਼ਾਰ ਰੁਪਏ ਪ੍ਰਤੀ ਏਕੜ ਫਸਲੀ ਮੁਆਵਜ਼ਾ ਅਤੇ ਇੰਨੀ ਹੀ ਰਾਸ਼ੀ ਖੇਤ ਮਜ਼ਦੂਰਾਂ ਨੂੰ ਦਿੱਤੇ ਜਾਣ ਦੀ ਮੰਗ ਕੀਤੀ। ਪਾਰਟੀ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਅਚਲ ਸੰਪਤੀ ਦੇ ਹੋਏ ਨੁਕਸਾਨ ਦਾ ਪੂਰਾ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕੀਤੀ।
ਇਸੇ ਦੌਰਾਨ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਲਾਲਾਬਾਦ ਅਤੇ ਦਾਖਾ ਜ਼ਿਮਨੀ ਚੋਣਾਂ ਵਾਸਤੇ ਪ੍ਰਚਾਰ ਕਮੇਟੀਆਂ ਬਣਾਈਆਂ। ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਸਰਦਾਰ ਜਨਮੇਜਾ ਸਿੰਘ ਸੇਖੋਂ ਜਲਾਲਾਬਾਦ ਹਲਕੇ ਦੇ ਪ੍ਰਚਾਰ ਮੁਖੀ ਹੋਣਗੇ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਦਾਖਾ ਲਈ ਬਣਾਈ ਪ੍ਰਚਾਰ ਕਮੇਟੀ ਦੀ ਅਗਵਾਈ ਕਰਨਗੇ।
ਕੋਰ ਕਮੇਟੀ ਨੇ ਬਟਾਲਾ ਪਟਾਕਾ ਫੈਕਟਰੀ ਵਿਚ ਹੋਏ ਹਾਦਸੇ ਦੌਰਾਨ ਮਨੁੱਖੀ ਜ਼ਿੰਦਗੀਆਂ ਦੇ ਹੋਏ ਨੁਕਸਾਨ ਲਈ ਡੂੰਘਾ ਦੁੱਖ ਪ੍ਰਗਟ ਕੀਤਾ। ਸਥਿਤੀ ਨਾਲ ਨਿਪਟਣ ਲਈ ਸਰਕਾਰ ਵੱਲੋਂ ਵਰਤੋਂ ਲਾਪਰਵਾਹੀ ਉੱਤੇ ਅਫਸੋਸ ਪ੍ਰਗਟ ਕਰਦਿਆਂ ਕੋਰ ਕਮੇਟੀ ਨੇ ਹਾਦਸਾ ਪੀੜਤ ਪਰਿਵਾਰਾਂ ਨੂੰ ਪੂਰਾ ਮੁਆਵਜ਼ਾ ਦੇਣ ਅਤੇ ਉਹਨਾਂ ਦੇ ਮੁੜ ਵਸੇਬੇ ਦੇ ਪ੍ਰਬੰਧ ਕੀਤੇ ਜਾਣ ਦੀ ਮੰਗ ਕੀਤੀ।
ਕੋਰ ਕਮੇਟੀ ਨੇ ਪੰਜਾਬ ਦੇ ਮਹਾਨ ਸਪੁੱਤਰ ਸ੍ਰੀ ਅਰੁਣ ਜੇਤਲੀ ਦੀ ਬੇਵਕਤੀ ਮੌਤ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਉਹਨਾਂ ਵੱਲੋ ਦੇਸ਼ ਅਤੇ ਪੰਜਾਬ ਲਈ ਕੀਤੇ ਕੰਮਾਂ ਨੂੰ ਯਾਦ ਕਰਦਿਆਂ ਵਿਛੜੇ ਆਗੂ ਨੂੰ ਭਾਵ-ਭਿੰਨੀਆਂ ਸ਼ਰਧਾਂਜ਼ਲੀਆਂ ਭੇਂਟ ਕੀਤੀਆਂ। ਇਸ ਮੀਟਿੰਗ ਵਿਚ ਪੰਜਾਬੀ ਦੀ ਕਾਬਿਲ ਧੀ ਸਵਰਗੀ ਬੀਬੀ ਸੁਸ਼ਮਾ ਸਵਰਾਜ ਨੂੰ ਵੀ ਸ਼ਰਧਾਂਜ਼ਲੀਆਂ ਭੇਂਟ ਕੀਤੀਆਂ ਗਈਆਂ। ਇਸ ਤੋਂ ਇਲਾਵਾ ਮੀਟਿੰਗ ਵਿਚ ਸਰਦਾਰ ਲਖਬੀਰ ਸਿੰਘ ਅਰਾਂਈਆਂਵਾਲਾ, ਸਰਦਾਰ ਸੁਖਦੇਵ ਸਿੰਘ ਬਾਠ, ਸਰਦਾਰ ਸੁਖਦੇਵ ਸਿੰਘ ਲਿਬੜਾ, ਕੈਪਟਨ ਅਵਤਾਰ ਸਿੰਘ ਭਗਤਾ ਅਤੇ ਸਰਦਾਰ ਜਸਜੀਤ ਸਿੰਘ ਥਿਆੜਾ ਦੇ ਅਕਾਲ ਚਲਾਣੇ ਉੱਤੇ ਸ਼ੋਕ ਮਤੇ ਪਾਸ ਕੀਤੇ ਗਏ।