ਚੰਡੀਗੜ•/10 ਜਨਵਰੀ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਹਾਈ ਕੋਰਟ ਦੇ ਕਿਸੇ ਮੌਜੂਦਾ ਜੱਜ ਕੋਲੋਂ ਇਸ ਗੱਲ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਵੱਲੋਂ ਦਿੱਤੇ ਨਿਰਦੇਸ਼ਾਂ ਦੇ ਬਾਵਜੂਦ ਰੇਤ ਮਾਫੀਆ ਖ਼ਿਲਾਫ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਹੈ? ਪਾਰਟੀ ਨੇ ਇਸ ਗੈਰਕਾਨੂੰਨੀ ਧੰਦੇ ਵਿਚ ਲੱਗੇ ਦੋਸ਼ੀਆਂ, ਸਹਿ-ਦੋਸ਼ੀਆਂ ਅਤੇ ਉਹਨਾਂ ਦੇ ਸਰਗਨਿਆਂ ਦਾ ਪਰਦਾਫਾਸ਼ ਕਰਨ ਦੀ ਮੰਗ ਕੀਤੀ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਬੁਲਾਰੇ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਨਵਾਂਸ਼ਹਿਰ ਜ਼ਿਲ•ੇ ਅੰਦਰ ਬੈਰਸਲ ਦੀ ਸਰਕਾਰੀ ਰੇਤ ਖੱਡ ਵਿਚੋਂ ਕੀਤੀ ਜਾ ਰਹੀ ਗੈਰਕਾਨੂੰਨੀ ਰੇਤ ਮਾਇਨਿੰਗ ਸੰਬੰਧੀ ਖੁਲਾਸਿਆਂ ਨੇ ਸਾਬਿਤ ਕਰ ਦਿੱਤਾ ਹੈ ਕਿ ਪ੍ਰਸਾਸ਼ਨ ਦੀ ਸਰਕਾਰੀ ਖ਼ਜ਼ਾਨੇ ਦੀ ਹੋ ਰਹੀ ਲੁੱਟ ਅਤੇ ਵਾਤਾਵਰਣ ਨਾਲ ਹੋ ਰਹੀ ਛੇੜਛਾੜ ਨੂੰ ਰੋਕਣ ਵਿਚ ਬਿਲਕੁੱਲ ਵੀ ਦਿਲਚਸਪੀ ਨਹੀਂ ਹੈ। ਉਹਨਾਂ ਕਿਹਾ ਕਿ ਹਾਈ ਕੋਰਟ ਦੀ ਜਾਂਚ ਰਾਹੀਂ ਇਹ ਪਤਾ ਲਾਉਣਾ ਚਾਹੀਦਾ ਹੈ ਕਿ ਅਜਿਹੀਆਂ ਗੈਰਕਾਨੂੰਨੀ ਗਤੀਵਿਧੀਆਂ ਪਿੱਛੇ ਕੌਣ ਹੈ ਅਤੇ ਇਸ ਬੇਰੋਕ ਗੈਰਕਾਨੂੰਨੀ ਰੇਤ ਮਾਈਨਿੰਗ ਨੂੰ ਸਰਕਾਰ ਮੂਕ ਦਰਸ਼ਕ ਬਣੀ ਕਿਉਂ ਵੇਖ ਰਹੀ ਹੈ? ਇਸ ਮਾਮਲੇ ਲੋੜੀਂਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਤੇ ਤੁਰੰਤ ਦੋਸ਼ੀਆਂ ਖ਼ਿਲਾਫ ਕੇਸ ਦਰਜ ਹੋਣਾ ਚਾਹੀਦਾ ਹੈ।
ਇਸ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਅਕਾਲੀ ਦਲ ਦੇ ਆਗੂ ਨੇ ਕਿਹਾ ਕਿ ਰੇਤ ਮਾਫੀਆਂ ਉਹਨਾਂ ਰੇਤ ਦੀਆਂ ਖੱਡਾਂ ਨੂੰ ਵੀ ਨਹੀਂ ਬਖਸ਼ ਰਿਹਾ ਹੈ, ਜਿਹੜੀਆ ਮਾਈਨਿੰਗ ਵਿਭਾਗ ਵੱਲੋਂ ਬੋਲੀਕਾਰ ਵੱਲ ਰਹਿੰਦੇ ਬਕਾਏ ਜਾਂ ਹੋਰ ਬੇਨਿਯਮੀਆਂ ਕਰਕੇ ਬੰਦ ਕੀਤੀਆਂ ਜਾ ਚੁੱਕੀਆ ਹਨ। ਉਹਨਾਂ ਕਿਹਾ ਕਿ ਬੈਰਸਲ ਦੀ ਖੱਡ, ਜਿੱਥੇ ਬੁੱਧਵਾਰ ਨੂੰ ਗੈਰਕਾਨੂੰਨੀ ਰੇਤ ਮਾਈਨਿੰਗ ਹੁੰਦੀ ਫੜੀ ਗਈ ਸੀ, ਨੂੰ ਮਾਈਨਿੰਗ ਵਿਭਾਗ ਵੱਲੋਂ 13 ਦਸੰਬਰ 2018 ਤੋਂ ਬੋਲੀਕਾਰ ਵੱਲ ਰਹਿੰਦੇ ਬਕਾਏ ਕਰਕੇ ਬੰਦ ਕੀਤਾ ਹੋਇਆ ਸੀ। ਉਹਨਾਂ ਕਿਹਾ ਕਿ ਮੈਂ ਹੈਰਾਨ ਹਾਂ ਕਿ ਇਹ ਗੈਰਕਾਨੂੰਨੀ ਗਤੀਵਿਧੀ ਜ਼ਿਲ•ਾ ਪ੍ਰਸਾਸ਼ਨ ਦੀਆਂ ਨਜ਼ਰਾਂ ਤੋਂ ਕਿਵੇਂ ਬਚ ਗਈ? ਜ਼ਿਲ•ਾ ਅਧਿਕਾਰੀਆਂ ਖ਼ਿਲਾਫ ਅਜਿਹੀ ਕੋਤਾਹੀ ਲਈ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਇਹ ਵੀ ਪਤਾ ਲਾਉਣਾ ਚਾਹੀਦਾ ਹੈ ਕਿ ਕਿਤੇ ਇਹ ਕੋਤਾਹੀ ਜਾਣਬੁੱਝ ਕੇ ਤਾਂ ਨਹੀਂ ਸੀ ਕੀਤੀ ਗਈ? ਉਹਨਾਂ ਕਿਹਾ ਕਿ ਇਹ ਵੀ ਹੈਰਾਨੀ ਦੀ ਗੱਲ ਹੈ ਕਿ ਵਿਜੀਲੈਂਸ ਵਿਭਾਗ ਦੁਆਰਾ ਰੇਤ ਖੱਡ ਉੱਤੇ ਛਾਪਾ ਮਾਰੇ ਜਾਣ ਮਗਰੋਂ ਵੀ ਜ਼ਿਲ•ਾ ਪ੍ਰਸਾਸ਼ਨ ਨੇ ਦੋਸ਼ੀਆਂ ਨੂੰ ਫੜਣ ਲਈ ਕੋਈ ਯਤਨ ਨਹੀਂ ਕੀਤਾ।
ਸੂਬੇ ਅੰਦਰ ਰੇਤੇ ਦੀ ਬੇਰੋਕ ਹੋ ਰਹੀ ਗੈਰਕਾਨੂੰਨੀ ਮਾਈਨਿੰਗ ਲਈ ਸਰਕਾਰੀ ਮਸ਼ੀਨਰੀ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਅਕਾਲੀ ਆਗੂ ਨੇ ਕਿਹਾ ਕਿ ਇੰਝ ਜਾਪਦਾ ਹੈ ਕਿ ਰੇਤ ਮਾਫੀਆ ਪੰਜਾਬ ਦੇ ਮੁੱਖ ਮੰਤਰੀ ਨਾਲੋਂ ਵੀ ਵੱਧ ਤਾਕਤਵਰ ਹੈ। ਉਹਨਾਂ ਕਿਹਾ ਕਿ ਜਦੋਂ ਤੋਂ ਮੁੱਖ ਮੰਤਰੀ ਨੇ ਗੈਰਕਾਨੂੰਨੀ ਮਾਈਨਿੰਗ ਨੂੰ ਕੰਟਰੋਲ ਕਰਨ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ, ਰੇਤ ਮਾਫੀਆ ਨੇ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ। ਉਹਨਾਂ ਕਿਹਾ ਕਿ ਇੰਝ ਜਾਪਦਾ ਹੈ ਕਿ ਇਹ ਇਸ ਲਈ ਵਾਪਰਿਆ ਹੈ, ਕਿਉਂਕਿ ਰੇਤ ਮਾਫੀਆ ਦੇ ਹੱਥ ਕਾਂਗਰਸ ਹਾਈਕਮਾਂਡ ਤਕ ਜਾਂਦੇ ਹਨ। ਇਹੀ ਵਜ•ਾ ਹੈ ਕਿ ਮੁੱਖ ਮੰਤਰੀ ਰੇਤ ਮਾਫੀਆ ਨੂੰ ਕੰਟਰੋਲ ਕਰਨ ਅਤੇ ਇਸ ਦੇ ਖਿਲਾਫ ਕਾਰਵਾਈ ਕਰਨ ਤੋਂ ਬੇਵਸ ਹੈ।
ਅਕਾਲੀ ਆਗੂ ਨੇ ਕਿਹਾ ਕਿ ਕਾਂਗਰਸ ਸਰਕਾਰ ਰੇਤ ਮਾਫੀਆ, ਨਸ਼ਾ ਮਾਫੀਆ ਅਤੇ ਖੇਤੀ ਕਰਜ਼ਿਆਂ ਦੀ ਮੁਕੰਮਲ ਮਾਫੀ ਵਰਗੇ ਮੁੱਦੇ ਉਠਾ ਕੇ ਸੱਤਾ ਵਿਚ ਆਈ ਸੀ। ਉਹਨਾਂ ਕਿਹਾ ਕਿ ਪਿਛਲੇ 2 ਸਾਲਾਂ ਵਿਚ ਪੰਜਾਬ ਅੰਦਰ ਗੈਰਕਾਨੂੰਨੀ ਰੇਤ ਮਾਈਨਿੰਗ ਅਤੇ ਨਸ਼ਿਆਂ ਵਿਚ ਅਥਾਹ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਸਰਕਾਰ ਵੱਲੋਂ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੇ ਵਾਅਦੇ ਤੋਂ ਮੁਕਰਨ ਮਗਰੋਂ ਲਗਭਗ 600 ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜੁਆਬ ਦੇਣਾ ਚਾਹੀਦਾ ਹੈ ਕਿ ਉਹ ਰੇਤ ਮਾਫੀਆ ਨੂੰ ਕੰਟਰੋਲ ਕਰਨ ਸਮੇਤ ਹਰ ਫਰੰਟ ਉੱਤੇ ਕਿਉਂ ਨਾਕਾਮ ਹੋਇਆ ਹੈ?