ਸਿਰਫ ਇਹ ਦੱਸੋ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਨਿਰਮਾਣ ਕੌਣ ਕਰ ਰਿਹੈ : ਸਿਰਸਾ
ਕੌਣ ਯਾਤਰੀ ਟਰਮਿਨਲ 'ਤੇ ਪੈਸੇ ਲਗਾ ਰਿਹਾ ਹੈ ?
ਚੰਡੀਗੜ•, 12 ਸਤੰਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਕਾਂਗਰਸ ਦੇ ਆਗੂ ਤੇ ਕੈਬਨਿਟ ਮੰਤਰੀ ਸ੍ਰੀ ਵਿਜੇਇੰਦਰ ਸਿੰਗਲਾ ਵੱਲੋਂ ਕੇਂਦਰੀ ਕੈਬਨਿਟ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਤੋਂ ਮੁਆਫੀ ਮੰਗਣ ਅਤੇ ਇਹ ਦਾਅਵਾ ਕਰਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਲਈ ਪੰਜਾਬ ਵਿਚ ਕੋਈ ਪੈਸਾ ਜਾਂ ਪ੍ਰਾਜੈਕਟ ਨਹੀਂ ਆਇਆ ਤਾਂ ਠੋਕਵਾਂ ਮੋੜਵਾਂ ਜਵਾਬ ਦਿੱਤਾ ਅਤੇ ਆਖਿਆ ਕਿ ਅਜਿਹੇ ਬਿਆਨ ਦੇਣ ਤੋਂ ਪਹਿਲਾਂ ਸ੍ਰੀ ਸਿੰਗਲਾ ਨੂੰ ਗੁਰਦਾਸਪੁਰ ਵਿਚ ਭਾਰਤ-ਪਾਕਿਸਤਾਨ ਸਰਹੱਦ ਦਾ ਦੌਰਾ ਕਰ ਕੇ ਆਉਣਾ ਚਾਹੀਦਾ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਆਖਿਆ ਕਿ ਹੈਰਾਨੀ ਵਾਲੀ ਗੱਲ ਹੈ ਕਿ ਸਾਰੀ ਦੁਨੀਆਂ ਜਾਣਦੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕੇਂਦਰ ਸਰਕਾਰ ਵੱਲੋਂ ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ ਪਰ ਇਕ ਕੈਬਨਿਟ ਮੰਤਰੀ ਨੂੰ ਇਨ•ਾਂ ਦਾ ਗਿਆਨ ਨਹੀਂ ਹੈ ਕਿ ਉਹਨਾਂ ਦੇ ਆਪਣੇ ਸੂਬੇ ਵਿਚ ਕੀ ਚਲ ਰਿਹਾ ਹੈ ਤੇ ਉਹਨਾਂ ਦੀ ਸਰਕਾਰ ਕੀ ਕਰ ਰਹੀ ਹੈ। ਉਹਨਾਂ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘਾ ਨਾ ਸਿਰਫ ਸਿੱਖਾਂ ਬਲਕਿ ਦੁਨੀਆਂ ਭਰ ਦੇ ਅਮਨ ਪਸੰਦ ਲੋਕਾਂ ਲਈ ਆਜ਼ਾਦੀ ਮਗਰੋਂ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਤੋਹਫਾ ਹੈ ਅਤੇ ਕਾਂਗਰਸ ਆਪਣੇ 50 ਸਾਲਾਂ ਵਿਚ ਅਜਿਹਾ ਕਰਨ ਵਿਚ ਅਸਫਲ ਰਹੀ ਹੈ।
ਸ੍ਰੀ ਸਿਰਸਾ ਨੇ ਕਿਹਾ ਕਿ ਲਾਂਘੇ ਤੋਂ ਇਲਾਵਾ 500 ਕਰੋੜ ਰੁਪਏ ਖਰਚ ਕੇ ਕੇਂਦਰ ਸਰਕਾਰ ਆਲੀਸ਼ਾਨ ਯਾਤਰੀ ਟਰਮਿਨਲ ਦਾ ਨਿਰਮਾਣ ਕਰ ਰਹੀ ਹੈ। ਉਹਨਾਂ ਸਵਾਲ ਕੀਤਾ ਕਿ ਕੀ ਉਹਨਾਂ ਨੂੰ ਪਤਾ ਹੈ ਕਿ ਪੰਜਾਬ ਸਰਕਾਰ ਦੇ ਮੰਤਰੀ ਇਸ ਪ੍ਰਾਜੈਕਟ ਅਤੇ ਇਸ ਨਾਲ ਜੁੜੇ ਹੋਰ ਕੰਮਾਂ 'ਤੇ ਨਿਰੰਤਰ ਗੇੜਾ ਲਾਉਂਦੇ ਹਨ ਅਤੇ ਕੇਂਦਰ ਸਰਕਾਰ ਦੇ ਅਧਿਕਾਰੀਆਂ ਨਾਲ ਲਗਾਤਾਰ ਮੀਟਿੰਗਾਂ ਕਰਦੇ ਹਨ।
ਅਕਾਲੀ ਨੇਤਾ ਨੇ ਕਿਹਾ ਕਿ ਜਦੋਂ ਪੰਜਾਬ ਦੇ ਮੰਤਰੀ ਨੂੰ ਆਪਣੇ ਸੂਬੇ ਬਾਰੇ ਹੀ ਪਤਾ ਨਹੀਂ ਤਾਂ ਕੋਈ ਇਹ ਕਿਵੇਂ ਮੰਨੇ ਕਿ ਉਹਨਾਂ ਨੂੰ ਭਾਰਤ ਸਰਕਾਰ ਵੱਲੋਂ ਵਿਸ਼ਵ ਭਰ ਵਿਚ ਆਯੋਜਿਤ ਕੀਤੇ ਜਾ ਰਹੇ ਪ੍ਰੋਗਰਾਮਾਂ ਦੀ ਜਾਣਕਾਰੀ ਵੀ ਹੋਵੇਗੀ। ਉਹਨਾਂ ਕਿਹਾ ਕਿ ਇਸ ਪਵਿੱਤਰ ਮੌਕੇ 'ਤੇ ਰਾਜਨੀਤੀ ਕਰਨ ਤੋਂ ਪਹਿਲਾਂ ਕਾਂਗਰਸ ਅਤੇ ਇਸਦੇ ਮੰਤਰੀਆਂ ਨੂੰ ਜ਼ਮੀਨੀ ਹਕੀਕਤ ਵੇਖ ਲੈਣੀ ਚਾਹੀਦੀ ਹੈ।