ਅੰਮ੍ਰਿਤਸਰ/17 ਦਸੰਬਰ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਬਿਆਸ ਦੇ ਪ੍ਰਾਈਵੇਟ ਸਕੂਲ ਦੇ ਅੰਦਰ ਇੱਕ ਅੱਠ ਸਾਲ ਦੀ ਬੱਚੀ ਨਾਲ ਦਿਨ-ਦਿਹਾੜੇ ਹੋਏ ਬਲਾਤਕਾਰ ਦੇ ਮਾਮਲੇ ਨੂੰ ਲੁਕੋਣ ਦੀ ਕੋਸ਼ਿਸ਼ ਕਰਨ ਵਾਸਤੇ ਸਕੂਲ ਦੀ ਮੈਨੇਜਮੈਂਟ ਖ਼ਿæਲਾਫ ਅਪਰਾਧਿਕ ਲਾਪਰਵਾਹੀ ਦਾ ਕੇਸ ਅਤੇ ਭਾਰਤੀ ਦੰਡ ਧਾਰਾ ਦੀਆਂ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਪਾਰਟੀ ਨੇ ਉਹਨਾਂ ਪੁਲਿਸ ਅਧਿਕਾਰੀਆਂ ਖ਼ਿਲਾਫ ਵੀ ਕਾਰਵਾਈ ਦੀ ਮੰਗ ਕੀਤੀ ਹੈ, ਜਿਹਨਾਂ ਨੇ ਇਸ ਮਾਮਲੇ ਉਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਇਲਾਵਾ ਅਜਿਹੀ ਮੰਦਭਾਗੀ ਘਟਨਾ ਪ੍ਰਤੀ ਸ਼ਰਮਨਾਕ ਸੰਵੇਦਨਹੀਣਤਾ ਵਿਖਾਉਣ ਲਈ ਕਾਂਗਰਸ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਸਕੂਲ ਪ੍ਰਬੰਧਕਾਂ ਨੇ ਨਾ ਸਿਰਫ ਦੋਸ਼ੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ, ਸਗੋਂ ਉਸੇ ਸਕੂਲ ਦੇ ਇੱਕ ਦਸਵੀਂ ਕਲਾਸ ਦੇ ਲੜਕੇ ਵੱਲੋਂ ਦੂਜੀ ਜਮਾਤ ਦੀ ਕੁੜੀ ਨਾਲ ਕੀਤੇ ਜਬਰ ਜਨਾਹ ਦੀ ਸਮੁੱਚੀ ਘਟਨਾ ਨੂੰ ਹੀ ਲੁਕੋਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਕਿਹਾ ਕਿ ਇਹ ਗੱਲ ਬਰਦਾਸ਼ਤ ਤੋਂ ਬਾਹਰ ਹੈ ਕਿ ਬੱਚਿਆਂ ਦੇ ਰਖਵਾਲੇ ਮੰਨੇ ਜਾਂਦੇ ਸਕੂਲ ਪ੍ਰਬੰਧਕਾਂ ਨੇ ਇਸ ਮਾਮਲੇ ਵਿਚ ਪਾਰਦਰਸ਼ੀ ਕਾਰਵਾਈ ਨਹੀਂ ਕੀਤੀ ਹੈ। ਉਹਨਾਂ ਨੇ ਪੀੜਤ ਬੱਚੀ ਦੇ ਮਾਪਿਆਂ ਅਤੇ ਪੁਲਿਸ ਨੂੰ ਸੀਸੀਟੀਵੀ ਦੀ ਫੁਟੇਜ ਵੀ ਨਹੀਂ ਦਿੱਤੀ ਹੈ ਅਤੇ ਨਾ ਹੀ ਸੀਸੀਟੀਵੀ ਫੁਟੇਜ ਨਾ ਹੋਣ ਦਾ ਕੋਈ ਵਾਜਿਬ ਕਾਰਣ ਦੱਸਿਆ ਹੈ।
ਸਰਦਾਰ ਮਜੀਠੀਆ ਨੇ ਕਿਹਾ ਕਿ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਸ ਮਾਮਲੇ ਵਿਚ ਇਨਸਾਫ ਲੈਣ ਵਾਸਤੇ ਸੜਕਾਂ ਉੱਤੇ ਅੰਦੋਲਨ ਕਰ ਰਹੇ ਸਕੂਲੀ ਵਿਦਿਆਰਥੀਆਂ ਦੇ ਮਾਪਿਆਂ ਨੂੰ ਸਕੂਲ ਮੈਨੇਜਮੈਂਟ ਦੇ ਇਸ਼ਾਰੇ ਉੱਤੇ ਪੁਲਿਸ ਅਧਿਕਾਰੀਆਂ ਵੱਲੋਂ ਧਮਕਾਇਆ ਗਿਆ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਅਤੇ ਇਹਨਾਂ ਪੁਲਿਸ ਅਧਿਕਾਰੀਆਂ ਖ਼ਿæਲਾਫ ਤੁਰੰਤ ਕਾਰਵਾਈ ਕੀਤੇ ਜਾਣ ਦੀ ਲੋੜ ਹੈ। ਉਹਨਾਂ ਕਿਹਾ ਕਿ ਇਸ ਕਾਰਵਾਈ ਲਈ ਬਿਆਸ ਪੁਲਿਸ ਸਟੇਸ਼ਨ ਦੇ ਇੰਚਾਰਜ ਅਤੇ ਸਥਾਨਕ ਡੀਐਸਪੀ ਨੂੰ ਮੁਅੱਤਲ ਕਰਨ ਤੋਂ ਇਲਾਵਾ ਉਹਨਾਂ ਖ਼ਿਲਾਫ ਅਨੁਸਾਸ਼ਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਅਕਾਲੀ ਆਗੂ ਨੇ ਕਿਹਾ ਕਿ ਕਾਂਗਰਸੀ ਹਕੂਮਤ ਅਧੀਨ ਫੈਲੀ ਬਦਅਮਨੀ ਕਰਕੇ ਔਰਤਾਂ ਅਤੇ ਨਾਬਾਲਿਗ ਕੁੜੀਆਂ ਖ਼ਿਲਾਫ ਅੱਤਿਆਚਾਰਾਂ ਵਿਚ ਭਾਰੀ ਵਾਧਾ ਹੋਇਆ ਹੈ। ਉਹਨਾਂ ਕਿਹਾ ਕਿ ਕਾਂਗਰਸੀ ਮੰਤਰੀਆਂ ਨੇ ਗੈਂਗਸਟਰਾਂ ਨੂੰ ਖੁੱਲ੍ਹੀ ਛੁੱਟੀ ਦੇ ਰੱਖੀ ਹੈ, ਜਿਸ ਕਰਕੇ ਅਮਨ-ਕਾਨੂੰਨ ਤਹਿਸ ਨਹਿਸ ਹੋ ਗਿਆ ਹੈ। ਉਹਨਾਂ ਕਿਹਾ ਕਿ ਸਮਾਜ-ਵਿਰੋਧੀ ਤੱਤਾਂ ਵੱਲੋਂ ਬਿਨਾਂ ਕਿਸੇ ਖੌਫ ਤੋਂ ਘਿਨੌਣੇ ਅਪਰਾਧ ਕੀਤੇ ਜਾ ਰਹੇ ਹਨ, ਜਿਹਨਾਂ ਵਿਚ ਮੋਹਾਲੀ 'ਚ ਮਹਿਲਾ ਡਰੱਗ ਇੰਸਪੈਕਟਰ ਨੇਹਾ ਸ਼ੋਰੀ ਅਤੇ ਖਰੜ ਵਿਚ ਇੱਕ ਮਹਿਲਾ ਅਧਿਆਪਕ ਦਾ ਕਤਲ, ਜਲਾਲਾਬਾਦ, ਕਪੂਰਥਲਾ, ਤਲਵੰਡੀ ਸਾਬੋ ਅਤੇ ਪਟਿਆਲਾ ਵਿਚ ਨਾਬਾਲਿਗ ਲੜਕੀਆਂ ਨਾਲ ਜਬਰ-ਜਨਾਹ ਦੀਆਂ ਘਟਨਾਵਾਂ ਅਤੇ ਬਠਿੰਡਾ ਵਿਚ ਇੱਕ ਮਹਿਲਾ ਨਾਲ ਸਮੂਹਿਕ ਬਲਾਤਕਾਰ ਅਤੇ ਇੱਕ ਸ਼ਿਕਾਇਤਕਰਤਾ ਮਹਿਲਾ ਨਾਲ ਪੁਲਿਸ ਕਰਮੀਆਂ ਵੱਲੋਂ ਇੱਕ ਚਲਦੀ ਕਾਰ ਵਿਚ ਬਲਾਤਕਾਰ ਆਦਿ ਕੁੱਝ ਮਿਸਾਲਾਂ ਹਨ। ਉਹਨਾਂ ਕਿਹਾ ਕਿ ਇਹ ਸਭ ਇਸ ਕਰਕੇ ਵਾਪਰ ਰਿਹਾ ਹੈ ਕਿਉਂਕਿ ਸੂਬੇ ਦਾ ਪ੍ਰਸਾਸ਼ਨ ਚਲਾ ਰਹੇ ਮੁੱਖ ਆਗੂਆਂ ਅੰਦਰ ਅਜਿਹੇ ਘਿਨੌਣੇ ਅਪਰਾਧਾਂ ਨੂੰ ਰੋਕਣ ਲਈ ਸਿਆਸੀ ਇੱਛਾ ਸ਼ਕਤੀ ਦੀ ਘਾਟ ਹੈ। ਉਹਨਾਂ ਕਿਹਾ ਕਿ ਮੈਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦਾ ਹਾਂ ਕਿ ਉਹ ਔਰਤਾਂ ਖ਼ਿਲਾਫ ਹੁੰਦੇ ਅਪਰਾਧਿਕ ਮਾਮਲਿਆਂ 'ਚ ਤੁਰੰਤ ਕੇਸ ਦਰਜ ਹੋਣਾ ਅਤੇ ਪੀੜਤ ਨੂੰ ਜਲਦੀ ਇਨਸਾਫ ਦੇਣ ਲਈ ਵਿਸ਼ੇਸ਼ ਟੀਮਾਂ ਵੱਲੋਂ ਜਾਂਚ ਕੀਤੇ ਜਾਣਾ ਯਕੀਨੀ ਬਣਾਉਣ। ਉਹਨਾਂ ਕਿਹਾ ਕਿ ਅਕਾਲੀ ਦਲ ਵੱਲੋਂ ਬਿਆਸ ਸਕੂਲ ਦੀ ਪੀੜਤ ਲੜਕੀ ਅਤੇ ਅਜਿਹੀਆਂ ਹੋਰ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਲੜਾਈ ਲੜੀ ਜਾਵੇਗੀ।