ਚੰਡੀਗੜ੍ਹ/25 ਫਰਵਰੀ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਤੁਰੰਤ ਬਰਖਾਸਤ ਕੀਤੇ ਜਾਣ ਦੀ ਮੰਗ ਕੀਤੀ ਹੈ ਅਤੇ ਅੱਤਵਾਦੀਆਂ ਦੀ ਮੱਦਦ ਕਰਨ ਅਤੇ ਉਹਨਾਂ ਨੂੰ ਪਨਾਹ ਦੇਣ ਲਈ ਉਸ ਖ਼ਿਲਾਫ ਕੇਸ ਦਰਜ ਕਰਕੇ ਕਿਸੇ ਢੁੱਕਵੀਂ ਅਦਾਲਤ ਵਿਚ ਚਲਾਨ ਪੇਸ਼ ਕਰਨ ਲਈ ਆਖਿਆ ਹੈ। ਇਸ ਤੋਂ ਇਲਾਵਾ ਪਾਰਟੀ ਨੇ ਇਸ ਸਮੁੱਚੇ ਕੇਸ ਦੀ ਜਾਂਚ ਹਾਈਕੋਰਟ ਦੇ ਕਿਸੇ ਮੌਜੂਦਾ ਜੱਜ ਕੋਲੋਂ ਕਰਵਾਉਣ ਦੀ ਮੰਗ ਕੀਤੀ ਹੈ।
ਇੱਥੇ ਵਿਧਾਨ ਸਭਾ ਦੀ ਪ੍ਰੈਸ ਗੈਲਰੀ ਵਿਚ ਅਕਾਲੀ ਵਿਧਾਇਕ ਦਲ ਦੇ ਮੈਂਬਰਾਂ ਨਾਲ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਇਸ ਮਾਮਲੇ ਵਿਚ ਦੋਹਰੇ ਮਾਪਦੰਡ ਅਪਣਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਵੀ ਨਿਸ਼ਾਨਾ ਸਾਧਿਆ। ਉਹਨਾਂ ਕਿਹਾ ਕਿ ਮੁੱਖ ਮੰਤਰੀ ਦੇ ਮੰਤਰੀ ਦਾ ਬਚਾਅ ਕਰਨ ਅਤੇ ਇੱਕ ਜ਼ਮੀਨੀ ਮਾਮਲੇ ਵਿਚ ਆਸ਼ੂ ਖ਼ਿਲਾਫ ਜਾਂਚ ਕਰਨ ਵਾਲੇ ਪੁਲਿਸ ਅਧਿਕਾਰੀ ਨੂੰ ਧਮਕਾਉਣ ਦੇ ਫੈਸਲੇ ਨੇ ਇੱਕ ਬਹੁਤ ਹੀ ਖਤਰਨਾਕ ਪਿਰਤ ਪਾਈ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਇਹ ਸੁਨੇਹਾ ਭੇਜਿਆ ਹੈ ਕਿ ਜੇਕਰ ਕੋਈ ਅਧਿਕਾਰੀ ਕਾਂਗਰਸੀ ਆਗੂਆਂ ਨੂੰ ਗੈਰਕਾਨੂੰਨੀ ਕੰਮਾਂ ਤੋਂ ਰੋਕੇਗਾ ਤਾਂ ਉਸ ਨੂੰ ਸਸਪੈਂਡ ਕਰ ਦਿੱਤਾ ਜਾਵੇਗਾ ਅਤੇ ਇੱਥੋਂ ਤਕ ਕਿ ਨੌਕਰੀ ਤੋਂ ਹਟਾ ਦਿੱਤਾ ਜਾਵੇਗਾ।
ਇਹ ਟਿੱਪਣੀ ਕਰਦਿਆਂ ਕਿ ਸਰਕਾਰ ਦੋਹਰੇ ਮਾਪਦੰਡ ਨਹੀਂ ਅਪਨਾ ਸਕਦੀ, ਸਰਦਾਰ ਮਜੀਠੀਆ ਨੇ ਕਿਹਾ ਕਿ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਦੇ ਮਾਮਲੇ ਵਿਚ 36 ਸਾਲ ਮਗਰੋਂ ਵੀ ਅਦਾਲਤ ਵਿਚ ਚਲਾਨ ਪੇਸ਼ ਕਰ ਦਿੱਤਾ ਗਿਆ ਸੀ। ਉਹਨਾਂ ਪੁੱਿਛਆ ਕਿ ਕੀ ਆਸ਼ੂ ਕਾਨੂੰਨ ਤੋਂ ਉੱਪਰ ਹੈ? ਉਹਨਾਂ ਕਿਹਾ ਕਿ ਕਾਂਗਰਸੀ ਆਗੂ ਦੇ ਕੇਸ ਵਿਚ ਉਸ ਵੱਲੋਂ 1992 ਵਿਚ ਟਾਡਾ ਕੋਰਟ ਦੇ ਸਾਹਮਣੇ ਇੱਕ ਵੱਡੇ ਪੁਲਿਸ ਅਧਿਕਾਰੀ ਰਾਹੀਂ ਦਿੱਤਾ ਹੋਇਆ ਇੱਕ ਇਕਬਾਲੀਆ ਬਿਆਨ ਵੀ ਹੈ, ਜਿਸ ਵਿਚ ਆਸ਼ੂ ਨੇ ਸਵੀਕਾਰ ਕੀਤਾ ਸੀ ਕਿ ਇਹ ਬਿਆਨ ਉਸ ਨੇ ਆਪਣੀ ਮਰਜ਼ੀ ਨਾਲ ਦਿੱਤਾ ਹੈ ਅਤੇ ਉਸ ਨੇ ਸਵੀਕਾਰ ਕੀਤਾ ਸੀ ਕਿ ਉਸ ਨੇ ਬੰਬ ਬਣਾਉਣ ਲਈ ਅੱਤਵਾਦੀਆਂ ਨੂੰ ਆਪਣਾ ਘਰ ਦਿੱਤਾ ਸੀ, ਬੰਬ ਲਿਜਾਣ ਲਈ ਆਪਣੀ ਜਿਪਸੀ ਦਿੱਤੀ ਸੀ ਅਤੇ ਉਹਨਾਂ ਨੂੰ ਕਿਹਾ ਸੀ ਕਿ ਉਹ ਗੁੜ ਮੰਡੀ ਵਿਚ ਧਮਾਕਾ ਕਰਨ, ਜਿਸ ਕਰਕੇ ਤਿੰਨ ਔਰਤਾਂ ਅਤੇ ਇੱਕ ਕਾਂਸਟੇਬਲ ਦੀ ਮੌਤ ਹੋ ਗਈ ਸੀ। ਉਹਨਾਂ ਕਿਹਾ ਕਿ ਆਸ਼ੂ ਦਾ ਭਰਾ ਨਰਿੰਦਰ ਕਾਲਾ, ਜੋ ਕਿ ਲੁਧਿਆਣਾ ਵਿਚ ਮੌਜੂਦਾ ਕਾਂਗਰਸੀ ਕੌਂਸਲਰ ਹੈ, ਨੇ ਇਸੇ ਗੁਨਾਹ ਬਾਰੇ ਇੱਕ ਵੱਖਰਾ ਇਕਬਾਲੀਆ ਬਿਆਨ ਦਿੱਤਾ ਸੀ।
ਸਰਦਾਰ ਮਜੀਠੀਆ ਨੇ ਕਾਂਗਰਸ ਦੇ ਇਸ ਦਾਅਵੇ ਦੀ ਵੀ ਪੋਲ ਖੋਲ੍ਹੀ ਕਿ ਆਸ਼ੂ ਇਸ ਕੇਸ ਵਿਚ ਰਿਹਾ ਹੋ ਗਿਆ ਸੀ। ਫੈਸਲੇ ਦੀ ਕਾਪੀ ਪੇਸ਼ ਕਰਦਿਆਂ ਉਹਨਾਂ ਕਿਹਾ ਕਿ ਅਦਾਲਤ ਨੇ ਇਹ ਫੈਸਲਾ ਦਿੱਤਾ ਸੀ ਕਿ ਸਰਕਾਰੀ ਧਿਰ ਵਾਰ ਵਾਰ ਮੌਕਾ ਦੇਣ ਦੇ ਬਾਵਜੂਦ ਇਕਬਾਲੀਆ ਬਿਆਨ ਪੇਸ਼ ਨਹੀਂ ਕਰ ਸਕੀ। ਉਹਨਾਂ ਕਿਹਾ ਕਿ ਹੁਣ ਕਾਂਗਰਸ ਦਾ ਝੂਠਾ ਸਾਬਿਤ ਹੋ ਚੁੱਕਿਆ ਹੈ ਅਤੇ ਸਰਕਾਰ ਨੂੰ ਇਸ ਮਾਮਲੇ ਦੀ ਤੁਰੰਤ ਹਾਈ ਕੋਰਟ ਦੇ ਮੌਜੂਦਾ ਜੱਜ ਜਾਂ ਸੀਬੀਆਈ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ।
ਅਕਾਲੀ ਆਗੂ ਨੇ ਇਹ ਵੀ ਸਪੱਸ਼ਟ ਕੀਤਾ ਕਿ ਪਾਰਟੀ ਬਲਵਿੰਦਰ ਸਿੰਘ ਸੇਖੋਂ ਸਮੇਤ ਉਹਨਾਂ ਸਾਰੇ ਅਧਿਕਾਰੀਆਂ ਨਾਲ ਡਟ ਕੇ ਖੜ੍ਹੇਗੀ, ਜਿਹਨਾਂ ਨਾਲ ਕਾਂਗਰਸ ਸਰਕਾਰ ਵੱਲੋਂ ਧੱਕਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸੇਖੋਂ ਦੀ ਗਲਤੀ ਸਿਰਫ ਇਹ ਸੀ ਕਿ ਸਾਬਕਾ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੱਧੂ ਦੇ ਹੁਕਮਾਂ ਉੱਤੇ ਇੱਕ ਜ਼ਮੀਨੀ ਮਾਮਲੇ ਵਿਚ ਜਾਂਚ ਕਰਦਿਆਂ ਉਸ ਨੇ ਆਸ਼ੂ ਨੂੰ ਦੋਸ਼ੀ ਠਹਿਰਾਇਆ ਸੀ।
ਸਰਦਾਰ ਮਜੀਠੀਆ ਨੇ ਕਿਹਾ ਕਿ ਪੰਜਾਬ ਡੀਜੀਪੀ ਦਿਨਕਰ ਗੁਪਤਾ ਜਿਸ ਨੇ ਹਾਲ ਹੀ ਵਿਚ ਦਾਅਵਾ ਕੀਤਾ ਸੀ ਕਿ ਉਸ ਨੇ 32 ਸਾਲ ਦੇ ਆਪਣੇ ਸੂਬੇ ਦੀ ਸੇਵਾ ਕੀਤੀ ਹੈ, ਨੂੰ ਵੀ ਭਾਰਤ ਭੂਸ਼ਣ ਖ਼ਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਉਸ ਨੂੰ ਨਿਰਪੱਖ ਹੋ ਕੇ ਡਿਊਟੀ ਨਿਭਾਉਣ ਲਈ ਯਾਦ ਰੱਖ ਸਕਣ।