ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਰਾਹਤ ਆਪਰੇਸ਼ਨ ਲਈ ਸਰਕਾਰ ਨੂੰ ਸਮਾਜ ਸੇਵੀ ਸੰਗਠਨਾਂ ਦੀ ਮੱਦਦ ਲੈਣੀ ਚਾਹੀਦੀ ਹੈ
ਅਕਾਲੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਦੀ ਮੱਦਦ ਕਰਨ ਕਿ ਪੰਜਾਬ ਵਿਚ ਕੋਈ ਬੱਚਾ ਭੁੱਖਾ ਨਾ ਸੌਂਵੇ
ਚੰਡੀਗੜ੍ਹ/26 ਮਾਰਚ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਗਰੀਬਾਂ ਤਕ ਖਾਣਾ ਪਹੁੰਚਾਉਣ ਵਾਸਤੇ ਦਖ਼ਲ ਦੇਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਸੂਬੇ ਅੰਦਰ ਅਜਿਹੇ ਦਿਲ ਦਹਿਲਾ ਦੇਣ ਵਾਲੇ ਮੰਜ਼ਰ ਦਿਸਣ ਲੱਗੇ ਹਨ ਕਿ ਔਰਤਾਂ ਆਪਣੇ ਭੁੱਖੇ ਬੱਚਿਆਂ ਲਈ ਖਾਣੇ ਵਾਸਤੇ ਤਰਲੇ ਕਰ ਰਹੀਆਂ ਹਨ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਅ ਨੇ ਕਿਹਾ ਕਿ ਅਜਿਹੇ ਹਾਲਾਤ ਬਣ ਚੁੱਕੇ ਹਨ ਕਿ ਗਰੀਬ ਦੁਖੀ ਹੋ ਕੇ ਇਹ ਕਹਿਣ ਲੱਗੇ ਹਨ ਕਿ ਕਰੋਨਾਵਾਇਰਸ ਦੀ ਬੀਮਾਰੀ ਦਾ ਤਾਂ ਪਤਾ ਨਹੀਂ, ਪਰ ਉਹ ਭੁੱਖ ਨਾਲ ਜਰੂਰ ਮਰ ਜਾਣਗੇ। ਉਹਨਾਂ ਕਿਹਾ ਕਿ ਉਹਨਾਂ ਦੀ ਅਜਿਹੀ ਹਾਲਤ ਵੇਖਣੀ ਬਹੁਤ ਔਖੀ ਹੈ। ਮੈਨੂੰ ਯਕੀਨ ਹੈ ਕਿ ਸਾਡੇ ਵਾਂਗ ਮੁੱਖ ਮੰਤਰੀ ਦਾ ਵੀ ਇਹਨਾਂ ਗਰੀਬਾਂ ਦੀ ਹਾਲਤ ਵੇਖ ਕੇ ਜੀਅ ਭਰ ਆਇਆ ਹੋਣਾ ਹੈ। ਉਹਨਾਂ ਕਿਹਾ ਕਿ ਬੇਸ਼ੱਕ ਪਿੰਡਾਂ ਵਿਚ ਰਹਿੰਦੇ ਸਾਰੇ ਹੀ ਗਰੀਬ ਬੁਰੀ ਤਰ੍ਹਾਂ ਪ੍ਰਭਾਵਿਤ ਹਨ, ਪਰ ਦਿਹਾੜੀਦਾਰਾਂ ਦੀ ਹਾਲਤ ਸਭ ਤੋਂ ਮਾੜੀ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਜਲਦੀ ਤੋਂ ਜਲਦੀ ਇਹਨਾਂ ਦੇ ਘਰਾਂ ਤਕ ਖਾਣਾ ਪਹੁੰਚਾਉਣਾ ਚਾਹੀਦਾ ਹੈ।
ਅਕਾਲੀ ਆਗੂ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਇਹ ਇੱਕ ਵੱਡਾ ਕਾਰਜ ਹੈ ਅਤੇ ਇਸ ਨੂੰ ਕਾਮਯਾਬ ਬਣਾਉਣ ਲਈ ਲੋਕਾਂ ਦੇ ਸਹਿਯੋਗ ਦੀ ਵੀ ਸਖ਼ਤ ਲੋੜ ਹੈ। ਉਹਨਾਂ ਕਿਹਾ ਕਿ ਕਿੰਨੀਆਂ ਹੀ ਸਮਾਜ ਸੇਵੀ ਸੰਸਥਾਵਾਂ ਸਰਕਾਰ ਦੀ ਮੱਦਦ ਕਰਨਾ ਚਾਹੁੰਦੀਆਂ ਹਨ, ਪਰ ਕਰਫਿਊ ਲੱਗਿਆ ਹੋਣ ਕਰਕੇ ਉਹ ਰਾਹਤ ਕਾਰਜਾਂ ਵਿਚ ਭਾਗ ਲੈਣ ਤੋਂ ਬੇਵਸ ਹਨ। ਉਹਨਾਂ ਕਿਹਾ ਕਿ ਮੈਂ ਮੁੱਖ ਮੰਤਰੀ ਨੂੰ ਅਪੀਲ ਕਰਦਾ ਹਾਂ ਕਿ ਉਹ ਆਰਥਿਕ ਪੱਖੋਂ ਮਜ਼ਬੂਤ ਲੋਕਾਂ ਦੀ ਮੱਦਦ ਲੈ ਕੇ ਇਸ ਕਾਰਜ ਲਈ ਵੱਖ ਵੱਖ ਜ਼ਿਲ੍ਹਾ ਪ੍ਰਸਾਸ਼ਨਾਂ ਦੀ ਨਿਗਰਾਨੀ ਹੇਠ ਕਮੇਟੀਆਂ ਕਾਇਮ ਕਰਨ। ਫਿਰ ਇਹਨਾਂ ਕਮੇਟੀਆਂ ਨੂੰ ਗਰੀਬ ਲੋਕਾਂ ਦੇ ਘਰਾਂ ਤਕ ਖਾਣਾ ਪਹੁੰਚਾਉਣ ਦੀ ਜ਼ਿੰਮੇਵਾਰੀ ਸੌਂਪੀ ਜਾਣੀ ਚਾਹੀਦੀ ਹੈ।
ਸਰਦਾਰ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਇਸ ਕਾਰਜ ਵਿਚ ਸਰਕਾਰ ਦੀ ਪੂਰੀ ਮੱਦਦ ਕਰਨ ਲਈ ਤਿਆਰ ਹੈ। ਉਹਨਾਂ ਕਿਹਾ ਕਿ ਅੱਜ ਸਾਨੂੰ ਸਿਆਸੀ ਵਖਰੇਵਿਆਂ ਦੇ ਬਾਵਜੂਦ ਇੱਕਜੁਟ ਹੋ ਜਾਣਾ ਚਾਹੀਦਾ ਹੈ। ਅੱਜ ਇੱਕ ਦੂਜੇ ਖ਼ਿਲਾਫ ਦੂਸ਼ਣਬਾਜ਼ੀ ਕਰਨ ਦਾ ਸਮਾਂ ਨਹੀਂ ਹੈ। ਸਾਨੂੰ ਆਪਣੇ ਸਾਰੇ ਮਤਭੇਦ ਭੁਲਾ ਕੇ ਪੂਰੀ ਲਗਨ ਨਾਲ ਇਹ ਯਕੀਨੀ ਬਣਾਉਣ ਲਈ ਕੰਮ ਕਰਨਾ ਚਾਹੀਦਾ ਹੈ ਕਿ ਸਾਡੇ ਗਰੀਬ ਭੈਣਾਂ- ਭਰਾਵਾਂ ਤਕ ਖਾਣਾ ਪਹੁੰਚੇ। ਪੰਜਾਬ ਵਿਚ ਕੋਈ ਵੀ ਬੱਚਾ ਭੁੱਖਾ ਨਾ ਸੌਂਵੇ। ਮੈਂ ਅਕਾਲੀ ਵਰਕਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਨੇਕ ਕਾਰਜ ਵਿਚ ਸੂਬਾ ਸਰਕਾਰ ਦੀ ਪੂਰੀ ਮੱਦਦ ਕਰਨ।