ਹੇਰਾਫੇਰੀ 'ਚ ਮੰਤਰੀ ਸਮੇਤ ਸਾਰੇ ਰਸੂਖਵਾਨਾਂ ਦੀ ਸ਼ਮੂਲੀਅਤ ਦਾ ਪਰਦਾਫਾਸ਼ ਕਰਨ ਲਈ ਕੇਂਦਰੀ ਵਿਜੀਲੈਂਸ ਕਮਿਸ਼ਨ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ
ਚੰਡੀਗੜ੍ਹ/25 ਦਸੰਬਰ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਦਲਿਤ ਵਿਦਿਆਰਥੀਆਂ ਦੀ ਵਜ਼ੀਫਾ ਰਾਸ਼ੀ 'ਚ ਘੁਟਾਲਾ ਕਰਨ ਲਈ ਪੰਜਾਬ ਦੇ ਸਮਾਜ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਅਸਤੀਫੇ ਦੀ ਮੰਗ ਕੀਤੀ ਹੈ। ਪਾਰਟੀ ਨੇ ਕਿਹਾ ਕਿ ਮੰਤਰੀ ਨੇ ਸਮਾਜ ਭਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਪ੍ਰਾਈਵੇਟ ਕਾਲਜਾਂ ਨੂੰ ਬੇਲੋੜਾ ਲਾਭ ਪਹੁੰਚਾਉਣ ਲਈ ਦਲਿਤ ਪੋਸਟ-ਮੈਟਰਿਕ ਵਜ਼ੀਫਾ ਰਾਸ਼ੀ 'ਚ ਵੱਡੀ ਹੇਰਾਫੇਰੀ ਕੀਤੀ ਹੈ ਅਤੇ ਦਲਿਤਾਂ ਵਿਦਿਆਰਥੀਆਂ ਨੂੰ ਵਜ਼ੀਫਿਆਂ ਤੋਂ ਵਾਂਝੇ ਰੱਖਿਆ ਹੈ। ਪਾਰਟੀ ਨੇ ਇਸ ਮਾਮਲੇ ਦੀ ਕੇਂਦਰੀ ਏਜੰਸੀ ਕੋਲੋਂ ਜਾਂਚ ਕਰਵਾਉਣ ਦੀ ਵੀ ਮੰਗ ਕੀਤੀ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਸ੍ਰੀ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਪੋਸਟ ਮੈਟਰਿਕ ਵਜ਼ੀਫਾ ਫੰਡਾਂ ਵਿਚ ਹੋਏ ਕਰੋੜਾਂ ਰੁਪਏ ਦੇ ਘੁਟਾਲੇ ਦੇ ਕੇਸ ਵਿਚ ਮੰਤਰੀ ਵੱਲੋਂ ਆਪਣੀ ਚਮੜੀ ਬਚਾਉਣ ਲਈ ਸਾਰੀ ਜ਼ਿੰਮੇਵਾਰੀ ਸਮਾਜ ਭਲਾਈ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਉੱਤੇ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਸ ਕਿਸਮ ਦੀਆਂ ਵੱਡੀਆਂ ਹੇਰਾਫੇਰੀਆਂ ਉੱਪਰਲਿਆਂ ਦੀ ਸ਼ਮੂਲੀਅਤ ਤੋਂ ਬਿਨਾਂ ਨਹੀਂ ਕੀਤੀਆਂ ਜਾ ਸਕਦੀਆਂ। ਉਹਨਾਂ ਕਿਹਾ ਕਿ ਦਲਿਤ ਵਿਦਿਆਰਥੀਆਂ ਦਾ ਪੈਸਾ ਚੋਰੀ ਕਰਨ ਵਰਗਾ ਘਿਨੌਣਾ ਅਪਰਾਧ ਕਰਨ ਲਈ ਧਰਮਸੋਤ ਖ਼ਿਲਾਫ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ। ਘੁਟਾਲੇ ਨਾਲ ਜੁੜੀਆਂ ਸਾਰੀਆਂ ਕੜੀਆਂ ਦਾ ਪਰਦਾਫਾਸ਼ ਕਰਨ ਲਈ ਇਸ ਕੇਸ ਦੀ ਕੇਂਦਰੀ ਵਿਜੀਲੈਸ ਕਮਿਸ਼ਨ ਕੋਲੋਂ ਜਾਂਚ ਕਰਵਾਉਣੀ ਚਾਹੀਦੀ ਹੈ।
ਕੇਸ ਬਾਰੇ ਜਾਣਕਾਰੀ ਦਿੰਦਿਆਂ ਅਕਾਲੀ ਆਗੂ ਨੇ ਕਿਹਾ ਕਿ ਪ੍ਰਾਈਵੇਟ ਕਾਲਜਾਂ ਨੂੰ ਦਲਿਤ ਪੋਸਟ ਮੈਟਰਿਕ ਵਜ਼ੀਫਾ ਰਾਸ਼ੀ ਦੇਣ ਸੰਬੰਧੀ ਵਰਤੀਆਂ ਗਈਆਂ ਬੇਨਿਯਮੀਆਂ ਦਾ ਪਿਟਾਰਾ ਖੁੱਲ੍ਹਣ ਮਗਰੋਂ ਸਮਾਜ ਭਲਾਈ ਵਿਭਾਗ ਦੇ ਇੱਕ ਡਿਪਟੀ ਡਾਇਰੈਕਟਰ ਨੂੰ ਮੁਅੱਤਲ ਕਰਕੇ ਇਸ ਮਾਮਲੇ ਨੂੰ ਰਫਾ-ਦਫ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇੱਕ ਅਧਿਕਾਰੀ ਵਿਭਾਗ ਦੇ ਮੰਤਰੀ ਅਤੇ ਸੀਨੀਅਰ ਅਧਿਕਾਰੀਆਂ ਦੀ ਸ਼ਮੂਲੀਅਤ ਬਿਨਾਂ ਇੰਨੀ ਵੱਡੀ ਹੇਰਾਫੇਰੀ ਨਹੀਂ ਕਰ ਸਕਦਾ। ਉਹਨਾਂ ਕਿਹਾ ਕਿ ਇਸ ਅਧਿਕਾਰੀ ਨੇ 72 ਕਰੋੜ ਰੁਪਏ ਦੀ ਵਜ਼ੀਫਾ ਰਾਸ਼ੀ ਜਾਰੀ ਨਹੀਂ ਕੀਤੀ ਸੀ ਅਤੇ ਮਨਮਰਜ਼ੀ ਨਾਲ ਇਹਨਾਂ ਫੰਡਾਂ ਦੀ ਦੁਰਵਰਤੋਂ ਕਰਕੇ ਦਲਿਤ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਭਾਰੀ ਨੁਕਸਾਨ ਪਹੁੰਚਾਇਆ ਸੀ।
ਇਹ ਟਿੱਪਣੀ ਕਰਦਿਆਂ ਕਿ ਅਕਾਲੀ ਦਲ ਪਿਛਲੇ ਇੱਕ ਸਾਲ ਤੋਂ ਦਲਿਤ ਵਿਦਿਆਰਥੀਆਂ ਨੂੰ ਵਜ਼ੀਫੇ ਨਾ ਦੇਣ ਦਾ ਮਾਮਲਾ ਉਠਾਉਂਦਾ ਆ ਰਿਹਾ ਹੈ, ਅਕਾਲੀ ਆਗੂ ਨੇ ਕਿਹਾ ਕਿ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਵਜ਼ੀਫਾ ਰਾਸ਼ੀ ਵਿਚ ਕੀਤੀ ਹੇਰਾਫੇਰੀ ਦਾ ਪੈਸਾ ਪ੍ਰਾਈਵੇਟ ਵਿਦਿਅਕ ਸੰਸਥਾਨਾਂ ਕੋਲੋਂ ਉਗਰਾਹੁਣ ਦੀ ਬਜਾਇ ਅਧਿਕਾਰੀਆਂ ਨੇ ਇਹਨਾਂ ਸੰਸਥਾਨਾਂ ਨਾਲ ਮਿਲ ਕੇ ਉਹਨਾਂ ਦੇ ਵਜ਼ੀਫਿਆਂ ਦੇ ਬਕਾਏ ਵੀ ਜਾਰੀ ਕਰ ਦਿੱਤੇ ਸਨ। ਉਹਨਾਂ ਦੱਸਿਆ ਕਿ ਕੁੱਝ ਸੰਸਥਾਨਾਂ ਨੂੰ ਫਾਇਦਾ ਪਹੁੰਚਾਉਣ ਲਈ ਵਿੱਤੀ ਵਿਭਾਗ ਦੀਆਂ ਆਡਿਟ ਰਿਪੋਰਟਾਂ ਨਾਲ ਵੀ ਛੇੜਛਾੜ ਕੀਤੀ ਗਈ ਸੀ ਅਤੇ ਦਲਿਤ ਵਿਦਿਆਰਥੀਆਂ ਨੂੰ ਵਜ਼ੀਫਾ ਰਾਸ਼ੀ ਦੇਣ ਵਾਸਤੇ ਬੇਲੋੜੀ ਉਡੀਕ ਕਰਵਾਈ ਗਈ ਸੀ। ਅਕਾਲੀ ਆਗੂ ਨੇ ਕਿਹਾ ਕਿ ਪੋਸਟ-ਮੈਟਰਿਕ ਵਜ਼ੀਫਾ ਰਾਸ਼ੀ ਜਾਰੀ ਕਰਨ ਵਿਚ ਕੀਤੀ ਦੇਰੀ ਸਦਕਾ ਲੱਖਾਂ ਹੀ ਦਲਿਤਾਂ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਅਧਵਾਟੇ ਛੱਡਣੀ ਪੈ ਗਈ ਸੀ, ਕਿਉਂਕਿ ਉਹ ਅਗਲੀ ਪੜ੍ਹਾਈ ਲਈ ਕਾਲਜਾਂ ਵਿਚ ਦਾਖ਼ਲੇ ਨਹੀਂ ਲੈ ਪਾਏ ਸਨ।