ਡਾਕਟਰ ਚੀਮਾ ਨੇ ਕਿਹਾ ਕਿ ਕਾਂਗਰਸ ਦੀ ਮੱਦਦ ਲੈਣ ਦੇ ਬਾਵਜੂਦ ਲੋਕਾਂ ਨੇ ਟਕਸਾਲੀ ਧੜ੍ਹਿਆਂ ਨੂੰ ਰੱਦ ਕੀਤਾ
ਚੰਡੀਗੜ੍ਹ/23 ਫਰਵਰੀ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇੱਥੇ ਟਕਸਾਲੀਆਂ ਧੜ੍ਹਿਆਂ ਅਤੇ ਦਰਜਨਾਂ ਹੋਰ ਗਰੁੱਪਾਂ ਵੱਲੋਂ ਕਾਂਗਰਸ ਦੀ ਮੱਦਦ ਨਾਲ ਸੰਗਰੂਰ ਵਿਖੇ ਕੀਤੇ ਜਨਤਕ ਇਕੱਠ ਨੂੰ ਵੱਡਾ ਫਲਾਪ ਸ਼ੋਅ ਕਰਾਰ ਦਿੱਤਾ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਆਗੂਆਂ ਅਤੇ ਵਰਕਰਾਂ ਨੇ ਅਖੌਤੀ ਟਕਸਾਲੀਆਂ ਦੇ ਸ਼ੋਅ ਦਾ ਮੁਕੰਮਲ ਬਾਈਕਾਟ ਕਰ ਦਿੱਤਾ ਸੀ, ਜਿਸ ਕਰਕੇ ਉਹਨਾਂ ਨੂੰ ਆਪਣੀ ਇੱਜ਼ਤ ਬਚਾਉਣ ਕਾਂਗਰਸੀ ਵਰਕਰਾਂ ਨੂੰ ਸੱਦਣਾ ਪਿਆ। ਉਹਨਾਂ ਕਿਹਾ ਕਿ ਪਰ ਅਜਿਹਾ ਕਰਕੇ ਵੀ ਉਹ ਕਾਮਯਾਬ ਨਹੀਂ ਹੋਏ, ਕਿਉਂਕਿ ਇਹ ਟਕਸਾਲੀਆਂ ਦਾ ਇਕੱਠ ਉਸ ਇਕੱਠ ਸਾਹਮਣੇ ਕੁੱਝ ਵੀ ਨਹੀਂ ਸੀ, ਜੋ ਉਸ ਥਾਂ ਉੱਤੇ ਅਕਾਲੀ ਦਲ ਦੀ ਰੈਲੀ ਵੇਲੇ ਹੋਇਆ ਸੀ।
ਡਾਕਟਰ ਚੀਮਾ ਨੇ ਕਿਹਾ ਕਿ ਇੱਥੇ ਇਕੱਠੇ ਹੋਏ ਵੱਖ ਵੱਖ ਗਰੁੱਪ ਕਾਂਗਰਸ ਦੀ ਯੋਜਨਾ ਮੁਤਾਬਿਕ ਸਿਵਾਇ ਅਕਾਲੀ ਅਕਾਲੀ ਦਲ ਖ਼ਿਲਾਫ ਜ਼ਹਿਰ ਉਗਲਣ ਤੋਂ ਇਲਾਵਾ ਹੋਰ ਕੋਈ ਦ੍ਰਿਸ਼ਟੀ ਪੇਸ਼ ਨਹੀਂ ਕਰ ਸਕੇ। ਉਹਨਾਂ ਕਿਹਾ ਕਿ ਇੱਥੇ ਇਹ ਵੀ ਸਵਾਲ ਉੱਠਦਾ ਹੈ ਕਿ ਉਹ ਲੋਕਾਂ ਦੀ ਕੀ ਅਗਵਾਈ ਕਰਨਗੇ ਜਦਕਿ ਉਹ ਆਪਣੇ ਵਿਚੋਂ ਵੀ ਅਜੇ ਤਕ ਕੋਈ ਲੀਡਰ ਨਹੀਂ ਚੁਣ ਸਕੇ।
ਸਾਬਕਾ ਮੰਤਰੀ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਵਰਗੇ ਆਗੂ ਵੀ ਲੋਕਾਂ ਨੂੰ ਇਸ ਗੱਲ ਦਾ ਜੁਆਬ ਨਹੀਂ ਦੇ ਸਕੇ, ਕਿ ਆਪਣੀ ਮਾਂ ਪਾਰਟੀ ਦੀ ਪਿੱਠ ਵਿਚ ਛੁਰਾ ਮਾਰ ਕੇ ਉਹ ਕਾਂਗਰਸ ਪਾਰਟੀ ਦੇ ਹੱਥਾਂ ਦੀਆਂ ਕਠਪੁਤਲੀਆਂ ਕਿਉਂ ਬਣ ਗਏ ਹਨ? ਉਹਨਾਂ ਕਿਹਾ ਕਿ ਲੋਕ ਉਮੀਦ ਕਰ ਰਹੇ ਸਨ ਕਿ ਦੋਵੇਂ ਢੀਂਡਸੇ ਇਸ ਗੱਲ ਦਾ ਜੁਆਬ ਦੇਣਗੇ ਕਿ ਵਾਰ ਵਾਰ ਚੋਣਾਂ ਹਾਰਨ ਮਗਰੋਂ ਇੰਨੇ ਸਾਲ ਪਾਰਟੀ ਅੰਦਰ ਵੱਡੇ ਅਹੁਦੇ ਅਤੇ ਵਜ਼ੀਰੀਆਂ ਮਾਣਨ ਪਿੱਛੋਂ ਵੀ ਉਹਨਾਂ ਨੇ ਅਕਾਲੀ ਦਲ ਕਿਉਂ ਛੱਡ ਦਿੱਤਾ? ਉਹਨਾਂ ਕਿਹਾ ਕਿ ਢੀਂਡਸਾ ਦਾ ਇਹ ਦਾਅਵਾ ਕਿ ਉਹ ਐਸਜੀਪੀਸੀ ਨੂੰ ਅਕਾਲੀ ਦਲ ਤੋਂ ਆਜ਼ਾਦ ਕਰਵਾਉਣਾ ਚਾਹੁੰਦਾ ਹੈ, ਵੀ ਉਸ ਦਾ ਗੁਨਾਹ ਛੋਟਾ ਨਹੀਂ ਕਰਦਾ, ਕਿਉਂਕਿ ਇਹੀ ਤਾਂ ਕਾਂਗਰਸ ਪਾਰਟੀ ਦੀ ਯੋਜਨਾਬੰਦੀ ਹੈ। ਡਾਕਟਰ ਚੀਮਾ ਨੇ ਕਿਹਾ ਕਿ ਲੋਕਾਂ ਨੇ ਮਹਿਸੂਸ ਕਰ ਲਿਆ ਹੈ ਕਿ ਇਹ ਅਖੌਤੀ ਟਕਸਾਲੀ ਕਾਂਗਰਸ ਪਾਰਟੀ ਦੇ ਇਸ਼ਾਰਿਆਂ ਉੱਤੇ ਨੱਚਦੇ ਹਨ ਅਤੇ ਇੱਥੋਂ ਤਕ ਕਿ ਰੈਲੀਆਂ ਕਰਨ ਵਾਸਤੇ ਵੀ ਕਾਂਗਰਸ ਦੀ ਮੱਦਦ ਲੈ ਰਹੇ ਹਨ। ਪੰਜਾਬੀ ਇਹਨਾਂ ਨੂੰ ਕਦੇ ਸਵੀਕਾਰ ਨਹੀਂ ਕਰਨਗੇ।