ਚੰਡੀਗੜ੍ਹ/04 ਦਸੰਬਰ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸੂਬੇ ਦੀਆਂ ਜੇਲ੍ਹਾਂ ਅੰਦਰੋਂ ਚੱਲ ਰਹੀਆਂ ਗੈਂਗਸਟਰਾਂ ਦੀਆਂ ਗਤੀਵਿਧੀਆਂ ਰੋਕਣ ਲਈ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਦੀ ਤੁਰੰਤ ਬਰਖ਼ਾਸਤਗੀ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਜੇਲ੍ਹਾਂ ਅੰਦਰ ਅਪਰਾਧੀਆਂ ਨੂੰ ਮਨਆਈਆਂ ਕਰਨ ਦੀ ਖੁੱਲ੍ਹ ਦੇ ਕੇ ਰਾਸ਼ਟਰੀ ਸੁਰੱਖਿਆ ਨੂੰ ਖਤਰੇ ਵਿਚ ਨਾ ਪਾਇਆ ਜਾਵੇ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਪੁਲਿਸ ਵੱਲੋਂ ਸੰਗਰੂਰ ਦੀ ਜੇਲ੍ਹ ਵਿਚ ਮੋਬਾਇਲ ਫੋਨਾਂ ਦੇ ਇਸਤੇਮਾਲ ਬਾਰੇ ਕੀਤੀ ਜਾਂਚ ਮਗਰੋਂ ਹੋਏ ਖੁਲਾਸੇ ਕਿ ਜੇਲ੍ਹ ਅੰਦਰ ਅਪਰਾਧੀਆਂ ਨੂੰ ਪੈਸੇ ਲੈ ਕੇ ਸਾਰੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਨੇ ਗੈਂਗਸਟਰ-ਮੰਤਰੀ ਗਠਜੋੜ ਦੀ ਸੱਚਾਈ ਸਾਰਿਆਂ ਦੇ ਸਾਹਮਣੇ ਲਿਆ ਧਰੀ ਹੈ। ਅਕਾਲੀ ਦਲ ਕਿੰਨੀ ਦੇਰ ਤੋਂ ਇਸ ਮੁੱਦਾ ਉਠਾ ਰਿਹਾ ਹੈ। ਉਹਨਾਂ ਕਿਹਾ ਕਿ ਅਸੀਂ ਗੈਗਸਟਰ ਜੱਗੂ ਭਗਵਾਨਪੁਰੀਆ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜੋ ਕਿਹਾ ਸੀ, ਉਹੀ ਸੱਚ ਬਾਹਰ ਆ ਰਿਹਾ ਹੈ। ਉਹਨਾਂ ਕਿਹਾ ਕਿ ਇਹ ਵੀ ਖੁਲਾਸਾ ਹੋਇਆ ਹੈ ਕਿ ਕੈਦੀਆਂ ਨੂੰ ਸਿਰਫ ਮੋਬਾਇਲ ਫੋਨ ਹੀ ਨਹੀਂ ਸਗੋਂ ਇੰਟਰਨੈਟ, ਸਪੈਸ਼ਲ ਖਾਣਾ ਅਤੇ ਬਾਕੀ ਐਸ਼ੋ-ਇਸ਼ਰਤ ਦੀਆਂ ਚੀਜ਼ਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਇਹ ਟਿੱਪਣੀ ਕਰਦਿਆਂ ਕਿ ਇਸ ਮਾਮਲੇ ਵਿਚ ਸਿਰਫ ਕੁੱਝ ਅਧਿਕਾਰੀਆਂ ਖ਼ਿਲਾਫ ਕਾਰਵਾਈ ਕਰਕੇ ਪੰਜਾਬ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੀ, ਅਕਾਲੀ ਆਗੂ ਨੇ ਕਿਹਾ ਕਿ ਸੰਗਰੂਰ ਜੇਲ੍ਹ ਵਿਚ ਲਾਈਵ ਵੀਡਿਓ ਸਕੈਂਡਲ ਦੀ ਕੀਤੀ ਜਾਂਚ ਵਿਚ ਖੁਲਾਸਾ ਹੋਇਆ ਹੈ ਕਿ ਕੈਦੀਆਂ ਨੂੰ ਫੋਨ ਅਤੇ ਬਾਕੀ ਸਹੂਲਤਾਂ ਦੇਣ ਲਈ ਬਹੁਤ ਸਾਰਾ ਪੈਸਾ ਲਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਪੱਸ਼ਟ ਹੈ ਕਿ ਇਹ ਪੈਸਾ ਉੱਪਰ ਤਕ ਪਹੁੰਚਾਇਆ ਜਾ ਰਿਹਾ ਹੈ। ਇਹੀ ਵਜ੍ਹਾ ਹੈ ਕਿ ਨਾਮੀ ਬਦਮਾਸ਼ਾਂ ਨੂੰ ਵੀ ਜੇਲ੍ਹ ਅੰਦਰੋਂ ਆਪਣੀਆਂ ਅਪਰਾਧਿਕ ਗਤੀਵਿਧੀਆਂ ਚਲਾਉਣ ਲਈ ਟੈਲੀਫੋਨ ਅਤੇ ਵਾਈ-ਫਾਈ ਦੀਆਂ ਸਹੂਲਤਾਂ ਵਰਤਣ ਦੀ ਆਗਿਆ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹ ਸਭ ਜੇਲ੍ਹ ਮੰਤਰੀ ਦੀ ਸਰਪ੍ਰਸਤੀ ਹੇਠ ਹੋ ਰਿਹਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੇਲ੍ਹ ਪ੍ਰਬੰਧ ਨੂੰ ਸੁਧਾਰਨ ਅਤੇ ਉਸ ਦੇ ਕਾਰਜਕਾਲ ਦੌਰਾਨ ਪ੍ਰਫੁੱਲਿਤ ਹੋ ਰਹੇ ਬਦਮਾਸ਼ੀ-ਸੱਭਿਆਚਾਰ ਨੂੰ ਨੱਥ ਪਾਉਣ ਲਈ ਸੁਖਜਿੰਦਰ ਸਿੰਘ ਰੰਧਾਵਾ ਖ਼ਿਲਾਫ ਕਾਰਵਾਈ ਕਰਦਿਆਂ ਉਸ ਨੂੰ ਤੁਰੰਤ ਬਰਖਾਸਤ ਕਰਨਾ ਚਾਹੀਦਾ ਹੈ।
ਸਰਦਾਰ ਗਰੇਵਾਲ ਨੇ ਕਿਹਾ ਕਿ ਅਪਰਾਧੀਆਂ ਦੀ ਟੈਲੀਫੋਨ ਅਤੇ ਇੰਟਰਨੈਟ ਵਰਗੀਆਂ ਸਹੂਲਤਾਂ ਤਕ ਸੌਖੀ ਪਹੁੰਚ ਰਾਸ਼ਟਰੀ ਸੁਰੱਖਿਆ ਲਈ ਖਤਰਨਾਕ ਹੈ। ਉਹਨਾਂ ਕਿਹਾ ਕਿ ਜੇਲ੍ਹਾਂ ਅੰਦਰ ਕਿੰਨੇ ਹੀ ਅੱਤਵਾਦੀ ਅਤੇ ਸਮਾਜ-ਵਿਰੋਧੀ ਤੱਤ ਹਨ, ਜਿਹਨਾਂ ਨੂੰ ਭਾਰਤ-ਵਿਰੋਧੀ ਤਾਕਤਾਂ ਦੇਸ਼ ਅੰਦਰ ਗੜਬੜ ਫੈਲਾਉਣ ਲਈ ਇਸਤੇਮਾਲ ਕਰ ਸਕਦੀਆਂ ਹਨ। ਉਹਨਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਅੰਦਰ ਚੱਲ ਰਹੀਆਂ ਅਜਿਹੀਆਂ ਗੈਰਕਾਨੂੰਨੀ ਗਤੀਵਿਧੀਆਂ ਤੁਰੰਤ ਬੰਦ ਕਰਵਾਉਣ ਤੋਂ ਇਲਾਵਾ ਮੁੱਖ ਮੰਤਰੀ ਨੂੰ ਇਹ ਮਾਮਲਾ ਸੀਬੀਆਈ ਨੂੰ ਸੌਂਪਣਾ ਚਾਹੀਦਾ ਹੈ। ਸਿਰਫ ਤਦ ਹੀ ਗੈਂਗਸਟਰਾਂ ਦੇ ਸਮੁੱਚੇ ਆਪਰੇਸ਼ਨ ਦਾ ਪਰਦਾਫਾਸ਼ ਹੋ ਸਕਦਾ ਹੈ, ਜਿਸ ਦੀਆਂ ਤਾਰਾਂ ਅੰਤਰ-ਰਾਜੀ ਹੀ ਨਹੀਂ, ਸਗੋਂ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਰਗੇ ਮੁਲਕਾਂ ਨਾਲ ਵੀ ਜੁੜੀਆਂ ਹਨ। ਇਹ ਗੱਲ ਜੱਗੂ ਭਗਵਾਨਪੁਰੀਆ ਦੇ ਮਾਮਲੇ ਵਿਚ ਪਹਿਲਾਂ ਹੀ ਸਾਬਿਤ ਹੋ ਚੁੱਕੀ ਹੈ।
ਅਕਾਲੀ ਆਗੂ ਨੇ ਕਿਹਾ ਕਿ ਇਸ ਕੇਸ ਵਿਚ ਤੁਰੰਤ ਕਾਰਵਾਈ ਕਰਨ ਅਤੇ ਸਮੁੱਚਾ ਕੇਸ ਸੀਬੀਆਈ ਨੂੰ ਸੌਂਪਣ ਵਿਚ ਵਿਖਾਈ ਗਈ ਹੋਰ ਢਿੱਲ ਇਹ ਸੰਕੇਤ ਦੇਵੇਗੀ ਕਿ ਕਾਂਗਰਸ ਪਾਰਟੀ ਇਹਨਾਂ ਗੈਂਗਸਟਰਾਂ ਨਾਲ ਮਿਲੀ ਹੋਈ ਹੈ ਅਤੇ ਉਹਨਾਂ ਨੂੰ ਜੇਲ੍ਹਾਂ ਅੰਦਰ ਸਾਰੀਆਂ ਸਹੂਲਤਾਂ ਪ੍ਰਦਾਨ ਕਰ ਰਹੀ ਹੈ ਤਾਂ ਕਿ ਉਹਨਾਂ ਦਾ ਇਸਤੇਮਾਲ ਆਪਣੇ ਸਿਆਸੀ ਵਿਰੋਧੀਆਂ ਖ਼ਿਲਾਫ ਕੀਤਾ ਜਾ ਸਕੇ।