ਸੁਖਬੀਰ ਬਾਦਲ ਨੇ ਕਿਸਾਨਾਂ ਦੇ 400 ਕਰੋੜ ਰੁਪਏ ਦੇ ਬਕਾਏ ਤੁਰੰਤ ਜਾਰੀ ਕਰਨ ਲਈ ਆਖਿਆ
ਕਿਹਾ ਕਿ ਜੇਕਰ ਮੰਗਾਂ ਨਾ ਮੰਨੀਆਂ ਤਾਂ ਖੰਡ ਮਿੱਲਾਂ ਦੇ ਸਾਹਮਣੇ ਧਰਨੇ ਦਿਆਂਗੇ
ਗੁਰਦਾਸਪੁਰ/29 ਨਵੰਬਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਾਂਗਰਸ ਸਰਕਾਰ ਨੂੰ ਕਿਹਾ ਹੈ ਕਿ ਉਹ ਪੰਜਾਬ ਵਿਚ ਗੰਨੇ ਦੀ ਖਰੀਦ ਵਾਸਤੇ ਰਾਜ ਦੇ ਸਿਫਾਰਿਸ਼ੀ ਮੁੱਲ (ਐਸਏਪੀ) ਵਿਚ ਤੁਰੰਤ ਵਾਧਾ ਕਰਦਿਆਂ ਇਸ ਨੂੰ 350 ਰੁਪਏ ਪ੍ਰਤੀ ਕੁਇੰਟਲ ਕਰੇ। ਇਸ ਤੋਂ ਇਲਾਵਾ ਉਹਨਾਂ ਨੇ ਗੰਨਾ ਉਤਪਾਦਕਾਂ ਦੇ 400 ਕਰੋੜ ਰੁਪਏ ਦੇ ਬਕਾਏ ਤੁਰੰਤ ਜਾਰੀ ਕਰਨ ਲਈ ਆਖਦਿਆਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਹ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਕਾਲੀ ਦਲ ਵੱਲੋਂ ਸਾਰੀਆਂ ਖੰਡ ਮਿੱਲਾਂ ਦੇ ਅੱਗੇ ਧਰਨੇ ਲਾਏ ਜਾਣਗੇ।
ਇੱਥੇ ਖੰਡ ਮਿੱਲ ਦੇ ਬਾਹਰ ਕਿਸਾਨਾਂ ਦੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਨੇ ਪਿਛਲੇ ਸਾਲ ਦੀ 310 ਰੁਪਏ ਪ੍ਰਤੀ ਕੁਇੰਟਲ ਦੀ ਐਸਏਪੀ ਵਿਚ ਕੋਈ ਵਾਧਾ ਕਰਨ ਦਾ ਐਲਾਨ ਨਹੀਂ ਕੀਤਾ ਹੈ, ਜਦਕਿ ਹਰਿਆਣਾ ਵੱਲੋਂ ਗੰਨੇ ਦੀ ਐਸਏਪੀ 325 ਰੁਪਏ ਪ੍ਰਤੀ ਕੁਇੰਟਲ ਅਤੇ ਉੱਤਰ ਪ੍ਰਦੇਸ਼ ਦੁਆਰਾ 335 ਰੁਪਏ ਪ੍ਰਤੀ ਕੁਇੰਟਲ ਐਲਾਨੀ ਜਾ ਚੁੱਕੀ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਨਿੱਜੀ ਖੰਡ ਮਿੱਲਾਂ ਨੇ ਅਜੇ ਤੀਕ ਗੰਨੇ ਦੀ ਪਿੜਾਈ ਸ਼ੁਰੂ ਨਹੀਂ ਕੀਤੀ ਹੈ, ਕਿਉਂਕਿ ਸਰਕਾਰੀ ਖੰਡ ਮਿੱਲਾਂ ਨੇ ਬਹੁਤ ਹੀ ਸੁਸਤ ਰਫਤਾਰ ਫੜੀ ਹੋਈ ਹੈ, ਇਸ ਦਾ ਕਿਸਾਨਾਂ ਉੱਤੇ ਬਹੁਤ ਹੀ ਮਾਰੂ ਪ੍ਰਭਾਵ ਪਵੇਗਾ ਅਤੇ ਉਹ ਅਗਲੇ ਸਾਲ ਸਮੇਂ ਸਿਰ ਗੰਨੇ ਦੀ ਬਿਜਾਈ ਨਹੀਂ ਕਰ ਪਾਉਣਗੇ।
ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਕਾਰਜਕਾਲ ਦੌਰਾਨ ਸਰਕਾਰ ਨਾ ਸਿਰਫ ਗੰਨਾ ਉਤਪਾਦਕਾਂ ਨੂੰ ਗੰਨੇ ਦਾ ਵਾਜਬ ਮੁੱਲ ਦਿੰਦੀ ਸੀ, ਸਗੋਂ ਕੇਂਦਰ ਸਰਕਾਰ ਦੁਆਰਾ ਐਸਏਪੀ ਵਧਾਉਣ ਨਾਲ ਪ੍ਰਾਈਵੇਟ ਮਿੱਲਾਂ ਨੂੰ ਪਏ ਘਾਟੇ ਨੂੰ ਵੀ ਦੂਰ ਕਰਦੀ ਸੀ। ਉਹਨਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ 2015-16 ਵਿਚ ਗੰਨਾ ਉਤਪਾਦਕਾਂ ਨੂੰ ਐਸਏਪੀ ਤੋਂ ਵਾਧੂ 50 ਰੁਪਏ ਪ੍ਰਤੀ ਕੁਇੰਟਲ ਦਾ ਬੋਨਸ ਵੀ ਦਿੱਤਾ ਸੀ। ਉਹਨਾਂ ਕਿਹਾ ਕਿ ਅਕਾਲੀ-ਭਾਜਪਾ ਕਾਰਜਕਾਲ ਦੌਰਾਨ ਨਿੱਜੀ ਖੰਡ ਮਿਲਾਂ ਨੂੰ 200 ਕਰੋੜ ਰੁਪਏ ਦੇ ਸੌਖੇ ਕਰਜ਼ੇ ਦਿਵਾਏ ਗਏ ਸਨ, ਜਿਹਨਾਂ ਦੇ ਵਿਆਜ ਦਾ ਬੋਝ ਸਰਕਾਰ ਨੇ ਚੁੱਕਿਆ ਸੀ।
ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਕਿਸਾਨਾਂ ਤਬਾਹ ਹੋ ਰਹੇ ਹਨ ਅਤੇ ਖੁਦਕੁਸ਼ੀਆਂ ਵੱਲ ਧੱਕੇ ਜਾ ਰਹੇ ਹਨ। ਉਹਨਾਂ ਕਿਹਾ ਕਿ ਪਹਿਲਾਂ ਕਾਂਗਰਸ ਨੇ ਝੋਨੇ ਦੀ ਬਿਜਾਈ ਲੇਟ ਕਰਵਾ ਦਿੱਤੀ , ਜਿਸ ਨਾਲ ਕਟਾਈ ਵੀ ਪਛੜ ਗਈ। ਇਸ ਤੋਂ ਇਲਾਵਾ ਝਾੜ ਘਟ ਗਿਆ ਅਤੇ ਝੋਨੇ ਵਿਚ ਨਮੀ ਦੀ ਮਾਤਰਾ ਵਧ ਗਈ। ਕਿਸਾਨਾਂ ਨੂੰ ਆਪਣੀ ਫਸਲ ਵੇਚਣ ਲਈ 100 ਰੁਪਏ ਤੋਂ 150 ਰੁਪਏ ਪ੍ਰਤੀ ਕੁਇੰਟਲ ਤਕ ਦੀ ਰਿਸ਼ਵਤ ਦੇਣੀ ਪਈ ਹੈ। ਉਹਨਾਂ ਕਿਹਾ ਕਿ ਕਣਕ ਦੀ ਬਿਜਾਈ ਵੀ ਪਛੜ ਚੁੱਕੀ ਹੈ, ਜਿਸ ਕਰਕੇ ਹੁਣ ਕਿਸਾਨਾਂ ਨੂੰ ਕਣਕ ਦਾ ਝਾੜ ਘਟਣ ਦਾ ਵੀ ਡਰ ਸਤਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਸਭ ਇਸ ਕਰਕੇ ਵਾਪਰਿਆ, ਕਿਉਂਕਿ ਕਾਂਗਰਸ ਸਰਕਾਰ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਬਿਜਲੀ ਨਹੀਂ ਸੀ ਦੇਣਾ ਚਾਹੁੰਦੀ ਅਤੇ ਇਸ ਬਿਜਲੀ ਨੂੰ ਵੱਧ ਪੈਸੇ ਕਮਾਉਣ ਦੇ ਲਾਲਚ ਵਿਚ ਦੂਜੇ ਸੂਬਿਆਂ ਨੂੰ ਵੇਚਣਾ ਚਾਹੁੰਦੀ ਸੀ।
ਇਹ ਟਿੱਪਣੀ ਕਰਦਿਆਂ ਕਿ ਇਹਨਾਂ ਹਾਲਾਤਾਂ ਤੋਂ ਸਾਰੇ ਦੁਖੀ ਹਨ, ਸਰਦਾਰ ਬਾਦਲ ਨੇ ਕਿਹਾ ਕਿ ਇਸ ਸਭ ਇੱਕ ਲਾਪਰਵਾਹ ਮੁੱਖ ਮੰਤਰੀ ਕਰਕੇ ਵਾਪਰ ਰਿਹਾ ਹੈ , ਜਿਸ ਦੀ ਲੋਕਾਂ ਦੀ ਭਲਾਈ ਵਿਚ ਕੋਈ ਰੁਚੀ ਨਹੀ ਹੈ। ਉਹਨਾਂ ਕਿਹਾ ਕਿ ਬਜ਼ੁਰਗਾਂ ਨੂੰ ਪਿਛਲੇ ਇੱਕ ਸਾਲ ਤੋਂ ਬੁਢਾਪਾ ਪੈਨਸ਼ਨਾਂ ਨਹੀਂ ਮਿਲੀਆਂ ਹਨ। ਇਸੇ ਤਰ•ਾਂ ਦਲਿਤ ਬੱਚਿਆਂ ਨੂੰ ਵਜ਼ੀਫੇ ਨਹੀਂ ਦਿੱਤੇ ਗਏ ਹਨ। 5 ਲੱਖ ਆਟਾ ਦਾਲ ਦੇ ਲਾਭਪਾਤਰੀਆਂ ਨੂੰ ਕੋਈ ਸਹੂਲਤ ਨਹੀਂ ਮਿਲ ਰਹੀ ਹੈ। ਇਹੀ ਨਹੀਂ, ਢਾਈ ਲੱਖ ਪੈਨਸ਼ਨਾਂ ਉੱਤੇ ਲੀਕ ਫੇਰ ਦਿੱਤੀ ਗਈ ਹੈ। ਇੱਥੋਂ ਤਕ ਕਿ ਮੈਰੀਟੋਰੀਅਸ ਸਕੂਲਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਿਸਾਨਾਂ ਦੀ ਇੰਨੀ ਮਾੜੀ ਹਾਲਤ ਅਜ਼ਾਦੀ ਤੋਂ ਬਾਅਦ ਤਕਰੀਬਨ 55 ਸਾਲ ਕੇਂਦਰ ਵਿਚ ਰਹੀਆਂ ਕਾਂਗਰਸ ਦੀਆਂ ਸਰਕਾਰਾਂ ਦੀਆਂ ਕਿਸਾਨ-ਵਿਰੋਧੀ ਨੀਤੀਆਂ ਨੇ ਕੀਤੀ ਹੈ। ਉਹਨਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਇਸ ਹਲਕੇ ਦਾ ਸਾਂਸਦ ਹੋਣ ਦੇ ਬਾਵਜੂਦ ਗੰਨਾ ਉਤਪਾਦਕ ਆਪਣੇ ਬਕਾਏ ਲੈਣ ਲਈ ਖੱਜਲ ਖੁਆਰ ਹੋ ਰਹੇ ਹਨ। ਉਹਨਾਂ ਕਿਹਾ ਕਿ ਕਾਂਗਰਸ ਦੇ ਰਾਜ ਵਿਚ ਕਿਸਾਨ, ਮੁਲਾਜ਼ਮ, ਵਪਾਰੀ ਅਤੇ ਖੇਤ ਮਜ਼ਦੂਰ ਸਾਰਿਆਂ ਦੀ ਹੀ ਹਾਲਤ ਮਾੜੀ ਹੈ। ਉਹਨਾਂ ਕਿਹਾ ਕਿ ਕੈਪਟਨ ਸਰਕਾਰ ਨੇ ਵਾਅਦੇ ਤਾਂ ਵੱਡੇ ਵੱਡੇ ਕੀਤੇ ਸਨ, ਪਰ ਅਸਲੀਅਤ ਵਿਚ ਸਾਰੇ ਵਰਗਾਂ ਦੀਆਂ ਚੀਕਾਂ ਕਢਾ ਦਿੱਤੀਆਂ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਰਮਲ ਸਿੰਘ ਕਾਹਲੋਂ, ਸਿਕੰਦਰ ਸਿੰਘ ਮਲੂਕਾ, ਗੁਰਬਚਨ ਸਿੰਘ ਬੱਬੇਹਾਲੀ, ਲਖਬੀਰ ਸਿੰਘ ਲੋਧੀਨੰਗਲ, ਬਲਬੀਰ ਸਿੰਘ ਬਾਠ, ਦੇਸਰਾਜ ਧੁੱਗਾ, ਇੰਦਰਜੀਤ ਸਿੰਘ ਰੰਧਾਵਾ ਅਤੇ ਗੁਰਪ੍ਰਤਾਪ ਸਿੰਘ ਟਿੱਕਾ ਨੇ ਵੀ ਸੰਬੋਧਨ ਕੀਤਾ।