ਕਮਲ ਨਾਥ ਦੀ ਹਰਕਤ ਨੂੰ ਸੂਬੇ ਦੇ ਮੁਖੀ ਵੱਲੋਂ ਕੀਤੀ ਸਭ ਤੋਂ ਵੱਡੀ ਬੇਅਦਬੀ ਕਰਾਰ ਦਿੱਤਾ
ਚੰਡੀਗੜ੍ਹ/ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਦੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਗੁਰਬਾਣੀ ਦਾ ਨਿਰਾਦਰ ਕਰਨ ਅਤੇ ਇਸ ਨੂੰ ਤੋੜ ਮਰੋੜ ਕੇ ਆਪਣੀ ਪ੍ਰਸੰਸਾ ਲਈ ਇਸਤੇਮਾਲ ਕਰਦਿਆਂ ਸੂਬੇ ਦੇ ਮੁਖੀ ਵਜੋਂ ਸਭ ਤੋਂ ਵੱਡੀ ਬੇਅਦਬੀ ਕਰਨ ਲਈ ਸਖ਼ਤ ਨਿਖੇਧੀ ਕੀਤੀ ਹੈ। ਇਸ ਦੇ ਨਾਲ ਹੀ ਪਾਰਟੀ ਨੇ ਜਾਣ ਬੁੱਝ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਲਈ ਕਾਂਗਰਸ ਆਗੂ ਖ਼ਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੁੱਖ ਸੰਸਦੀ ਸਕੱਤਰ ਸਰਦਾਰ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਕਮਲ ਨਾਥ ਵੱਲੋਂ ਕੀਤੀ ਗੁਰਬਾਣੀ ਨੂੰ ਤੋੜਣ ਮਰੋੜਣ ਦੀ ਹਰਕਤ ਨਾਲ ਸਿੱਖਾਂ ਦਾ ਮਨਾਂ ਵਿਚ ਉਸ ਦਾ ਭਿਆਨਕ ਅਤੀਤ ਮੁੜ ਤਾਜ਼ਾ ਹੋ ਗਿਆ ਹੈ। ਉਹਨਾਂ ਕਿਹਾ ਕਿ ਕਮਲ ਨਾਥ ਨੇ ਫੇਸਬੁੱਕ ਉੱਤੇ ਪਾਈ ਇਕ ਪੋਸਟ ਵਿਚ ਜਾਣ ਬੁੱਝਕੇ ਦਸ਼ਮੇਸ਼ ਪਿਤਾ ਦੀ ਗੁਰਬਾਣੀ ਦੀਆਂ ਸਤਰਾਂ ਨੂੰ ਤੋੜ ਮਰੋੜ ਕੇ ਸਿੱਖਾਂ ਨੂੰ ਇੱਕ ਵੱਡਾ ਸਦਮਾ ਦਿੱਤਾ ਹੈ। ਉਹਨਾਂ ਕਿਹਾ ਕਿ ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਇਸ ਨਾਲ ਪੂਰੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸੱਟ ਵੱਜੇਗੀ, ਕਿਉਂਕਿ ਉਸ ਦਾ ਇਤਿਹਾਸ ਹੀ ਅਜਿਹਾ ਹੈ, ਜਿਸ ਨੇ 1984 ਵਿਚ ਸਿੱਖਾਂ ਦਾ ਸਮੂਹਿਕ ਕਤਲੇਆਮ ਕਰਵਾਇਆ ਸੀ। ਉਹਨਾਂ ਕਿਹਾ ਕਿ ਕਮਲ ਨਾਥ ਦੀ ਗੁਰਬਾਣੀ ਦਾ ਨਿਰਾਦਰ ਕਰਨ ਦੀ ਤਾਜ਼ਾ ਕੋਸ਼ਿਸ਼ ਸਿੱਖਾਂ ਉੱਤੇ ਕੀਤੇ ਦੂਜੇ ਹਮਲੇ ਦੇ ਸਮਾਨ ਹੈ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਕਾਂਗਰਸੀ ਆਗੂ ਦੀ ਸਿੱਖ-ਵਿਰੋਧੀ ਮਾਨਸਿਕਤਾ ਬਿਲਕੁੱਲ ਨਹੀਂ ਬਦਲੀ ਹੈ।
ਕਮਲ ਨਾਥ ਵੱਲੋਂ ਕੀਤੀ ਬੇਅਦਬੀ ਦੀ ਜਾਣਕਾਰੀ ਦਿੰਦਿਆਂ ਅਕਾਲੀ ਆਗੂ ਨੇ ਕਿਹਾ ਕਿ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਜਾਣ ਬੁੱਝ ਕੇ ਦਸਵੀਂ ਪਾਤਸ਼ਾਹੀ ਦੀ ਬਾਣੀ ਦੀਆਂ ਪ੍ਰਸਿੱਧ ਸਤਰਾਂ 'ਸਵਾ ਲਾਖ ਸੇ ਏਕ ਲੜਾਊਂ, ਤਬੇ ਗੋਬਿੰਦ ਸਿੰਘ ਨਾਮ ਕਹਾਊਂ' ਨੂੰ ਤੋੜਦਿਆਂ-ਮਰੋੜਦਿਆਂ ਆਖਰੀ ਸਤਰ ਵਿਚ ਗੁਰੂ ਸਾਹਿਬ ਦੀ ਥਾਂ ਆਪਣਾ ਨਾਂ ਫਿੱਟ ਕਰਕੇ ਪਵਿੱਤਰ ਗੁਰਬਾਣੀ ਦਾ ਨਿਰਾਦਰ ਕੀਤਾ ਹੈ। ਉਹਨਾਂ ਕਿਹਾ ਕਿ ਸੂਬੇ ਦੀ ਸਭ ਤੋਂ ਜ਼ਿੰਮੇਵਾਰ ਕੁਰਸੀ ਉੱਤੇ ਬੈਠੇ ਵਿਅਕਤੀ ਵੱਲੋਂ ਕੀਤੀ ਗਈ ਇਹ ਸਭ ਤੋਂ ਵੱਡੀ ਬੇਅਦਬੀ ਹੈ। ਜਾਣ ਬੁੱਝ ਕੇ ਇੱਕ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਲਈ ਉਸ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਕਮਲ ਨਾਥ ਨੂੰ ਆਪਣੀ ਇਸ ਹਰਕਤ ਲਈ ਸਮੁੱਚੀ ਸਿੱਖ ਸੰਗਤ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਸਰਦਾਰ ਵਲਟੋਹਾ ਨੇ ਕਾਂਗਰਸੀ ਆਗੂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਸ ਨੇ ਤੁਰੰਤ ਸਿੱਖ ਸੰਗਤ ਕੋਲੋਂ ਮੁਆਫੀ ਨਾ ਮੰਗੀ ਤਾਂ ਅਕਾਲੀ ਦਲ ਉਸ ਖਿਲਾਫ ਅੰਦੋਲਨ ਸ਼ੁਰੂ ਕਰੇਗਾ ਅਤੇ ਉਸ ਨੂੰ ਆਪਣੀ ਇਸ ਹਰਕਤ ਲਈ ਮੁਆਫੀ ਮੰਗਣ ਵਾਸਤੇ ਮਜ਼ਬੂਰ ਕਰ ਦੇਵੇਗਾ।