ਡਾਕਟਰ ਚੀਮਾ ਨੇ ਕਿਹਾ ਕਿ ਮਨਪ੍ਰੀਤ ਬਾਦਲ ਪਿਛਲੇ ਸਾਲ ਦਾਵੋਸ ਸੰਮੇਲਨ ਵਿਚ ਭਾਗ ਲੈਣ ਦਾ ਇੱਕ ਲਾਭ ਨਹੀਂ ਦੱਸ ਪਾਇਆ ਹੈ ਅਤੇ ਇਸ ਵਾਰ ਦੁਬਾਰਾ ਸੈਰ ਸਪਾਟੇ ਉੱਤੇ ਨਿਕਲ ਗਿਆ ਹੈ
ਚੰਡੀਗੜ੍ਹ/23ਜਨਵਰੀ:ਸ਼੍ਰੋਮਣੀ ਅਕਾਲੀ ਦਲ ਨੇ ਅੱਜ 'ਖਜ਼ਾਨਾ ਖਾਲੀ' ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਦਾਵੋਸ ਸੰਮੇਲਨ ਵਿਚ ਭਾਗ ਲੈਣ ਦੇ ਬਹਾਨੇ ਆਪਣੇ ਪਰਿਵਾਰ ਨਾਲ ਸਵਿਟਜ਼ਰਲੈਂਡ ਵਿਖੇ ਸੈਰ ਸਪਾਟੇ ਉੱਤੇ ਜਾਣ ਵਾਸਤੇ ਸਖ਼ਤ ਨਿਖੇਧੀ ਕੀਤੀ ਹੈ। ਪਾਰਟੀ ਨੇ ਕਿਹਾ ਹੈ ਕਿ ਇਸ ਨਾਲ ਵਿਕਾਸ ਕਾਰਜਾਂ, ਸਰਕਾਰੀ ਕਰਮਚਾਰੀਆਂ ਦੇ ਬਕਾਇਆਂ ਅਤੇ ਸਮਾਜ ਭਲਾਈ ਸਕੀਮਾਂ ਦੇ ਲਾਭਾਂ ਲਈ ਵਿੱਤ ਵਿਭਾਗ ਵੱਲੋਂ ਫੰਡ ਜਾਰੀ ਕੀਤੇ ਜਾਣ ਦੀ ਉਡੀਕ ਕਰ ਰਹੇ ਵਿਅਕਤੀਆਂ ਦੀ ਮੁਸ਼ਕਿਲ ਹੋਰ ਵਧ ਜਾਵੇਗੀ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਇੱਕ ਵਿੱਤ ਮੰਤਰੀ, ਜਿਸ ਨੇ ਐਲਾਨ ਕੀਤਾ ਸੀ ਕਿ ਉਹ ਵਿਦੇਸ਼ੀ ਦੌਰਿਆਂ ਦੇ ਖ਼ਿਲਾਫ ਹੈ ਅਤੇ ਜਿਸ ਨੇ ਪੈਸੇ ਬਚਾਉਣ ਲਈ ਆਪਣੇ ਮਹਿਮਾਨਾਂ ਨੂੰ ਚਾਹ ਪਿਲਾਉਣੀ ਬੰਦ ਕਰ ਦਿੱਤੀ ਸੀ, ਨੂੰ ਹੁਣ ਵਾਰ ਵਾਰ ਦਾਵੋਸ ਵਿਖੇ ਸਾਲਾਨਾ ਮੀਟਿੰਗਾਂ ਵਿਚ ਭਾਗ ਲੈਂਦਿਆਂ ਕੋਈ ਝਿਜਕ ਮਹਿਸੂਸ ਨਹੀਂ ਹੋ ਰਹੀ ਹੈ। ਉਹਨਾਂ ਕਿਹਾ ਕਿ ਮਨਪ੍ਰੀਤ ਪਿਛæਲੇ ਸਾਲ ਦਾਵੋਸ ਵਿਚ ਭਾਗ ਲੈਣ ਦਾ ਇੱਕ ਵੀ ਲਾਭ ਗਿਣਾ ਨਹੀਂ ਪਾਇਆ ਹੈ। ਉਹ ਆਪਣੇ ਪਿਛਲੇ ਸਾਲ ਦੇ ਦੌਰੇ ਕਾਰਣ ਸੂਬੇ ਅੰਦਰ ਹੋਏ ਇੱਕ ਵੀ ਨਿਵੇਸ਼ ਬਾਰੇ ਨਹੀਂ ਦੱਸ ਪਾਇਆ ਹੈ। ਪਰ ਇਸ ਦੇ ਬਾਵਜੂਦ ਨੂੰ ਉਸ ਨੂੰ ਆਪਣੇ ਪਰਿਵਾਰ ਅਤੇ ਅਧਿਕਾਰੀਆਂ ਦੀ ਫੌਜ ਨਾਲ ਦੁਬਾਰਾ ਸੈਰ ਸਪਾਟੇ ਉੱਤੇ ਜਾਣ ਵਿਚ ਕੋਈ ਝਿਜਕ ਮਹਿਸੂਸ ਨਹੀਂ ਹੋਈ ਹੈ।
ਵਿੱਤ ਮੰਤਰੀ ਨੂੰ ਆਪਣੇ ਕਹੇ ਉੁੱਤੇ ਅਮਲ ਕਰਨ ਲਈ ਆਖਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਵਿੱਤ ਮੰਤਰੀ ਦੇ ਬਚਤ ਕਰਨ ਦੇ ਦਿਖਾਵੇ ਦੀ ਪੋਲ੍ਹ ਇੱਕ ਆਰਟੀਆਈ ਰਾਹੀਂ ਮੰਗੀ ਜਾਣਕਾਰੀ ਨਾਲ ਖੁੱਲ੍ਹ ਗਈ ਸੀ, ਜਿਸ ਵਿਚ ਖੁਲਾਸਾ ਹੋਇਆ ਸੀ ਕਿ ਚੰਡੀਗੜ੍ਹ ਵਿਖੇ ਉਸ ਦੀ ਸਰਕਾਰੀ ਰਿਹਾਇਸ਼ ਵਿਚ 27 ਏਅਰਕੰਡੀਸ਼æਨਰ ਲੱਗੇ ਹਨ। ਉਹਨਾਂ ਕਿਹਾ ਕਿ ਦੂਜਿਆਂ ਨੂੰ ਬਚਤ ਕਰਨ ਦੀਆਂ ਤਕਰੀਰਾਂ ਕਰਨ ਵਾਲੇ ਮਨਪ੍ਰੀਤ ਬਾਦਲ ਨੇ ਆਪਣੇ ਦਫ਼ਤਰ ਦੀ ਸਜਾਵਟ ਉੱਤੇ ਵੀ ਕਾਫੀ ਪੈਸਾ ਖਰਚਿਆ ਹੈ।
ਅਕਾਲੀ ਆਗੂ ਨੇ ਕਿਹਾ ਕਿ ਇਹ ਬਹੁਤ ਹੀ ਚਿੰਤਾ ਦੀ ਗੱਲ ਹੈ ਕਿ ਟੈਕਸ ਦੇਣ ਵਾਲਿਆਂ ਦੇ ਪੈਸੇ ਨੂੰ ਦਾਵੋਸ ਦੇ ਦੌਰੇ ਕਰਨ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ ਜਦਕਿ ਵਿੱਤ ਵਿਭਾਗ ਵੱਲੋਂ ਸਾਰੇ ਵਿਕਾਸ ਕਾਰਜਾਂ ਉੱਤੇ ਲਾਈ ਮੁਕੰਮਲ ਰੋਕ ਦਾ ਕੋਈ ਹੱਲ ਸਾਹਮਣੇ ਨਹੀਂ ਆ ਰਿਹਾ ਹੈ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਦਾਵੋਸ ਦੇ ਸੈਰ ਸਪਾਟੇ ਲਈ ਜਾਣ ਤੋਂ ਪਹਿਲਾਂ ਮਨਪ੍ਰੀਤ ਬਾਦਲ ਨੇ ਇੱਕ ਵਾਰ ਵੀ ਨਹੀਂ ਸੋਚਿਆ ਕਿ ਉਹ ਸਰਕਾਰੀ ਕਰਮਚਾਰੀਆਂ ਦਾ ਡੀਏ ਬਕਾਇਆ ਜਾਰੀ ਕਰ ਦੇਵੇ ਜੋ ਕਿ 4000 ਕਰੋੜ ਰੁਪਏ ਹੋ ਚੁੱਕਿਆ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਛੇਵੇਂ ਤਨਖਾਹ ਕਮਿਸ਼ਨ ਦੀ ਮਿਆਦ ਵਧਾਉਣ ਦਾ ਵੀ ਕੋਈ ਝਿਜਕ ਨਹੀਂ ਹੋਈ ਸੀ ਅਤੇ ਹੁਣ ਉਹ ਉਹਨਾਂ 27 ਹਜ਼ਾਰ ਠੇਕੇ ਉੱਤੇ ਭਰਤੀ ਕੀਤੇ ਕਾਮਿਆਂ ਨੂੰ ਪੱਕੇ ਕਰਨ ਤੋਂ ਵੀ ਇਨਕਾਰ ਕਰ ਰਿਹਾ ਹੈ, ਜਿਸ ਦਾ ਕੇਸ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਪਾਸ ਕਰ ਦਿੱਤਾ ਸੀ।
ਇਸ ਘਟਨਾ ਦਾ ਮੁੱਖ ਮੰਤਰੀ ਨੂੰ ਗੰਭੀਰ ਨੋਟਿਸ ਲੈਣ ਲਈ ਆਖਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਪੈਸੇ ਦੀ ਬਚਤ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ । ਉਹਨਾਂ ਕਿਹਾ ਕਿ ਸਭ ਤੋਂ ਪਹਿਲੇ ਕਦਮ ਵਜੋਂ ਸਰਕਾਰ ਵਿਦੇਸ਼ੀ ਦੌਰਿਆਂ ਉੱਤੇ ਪਾਬੰਦੀ ਲਗਾ ਸਕਦੀ ਹੈ। ਇਸ ਤੋਂ ਇਲਾਵਾ ਸਰਕਾਰੀ ਖਜ਼ਾਨੇ ਨੂੰ ਚੂਸ ਰਹੇ ਸਲਾਹਕਾਰਾਂ ਦੀ ਫੌਜ ਨੂੰ ਹਟਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਫਜ਼ੂਲਖਰਚੀ ਬੰਦ ਕਰਕੇ ਅਤੇ ਭ੍ਰਿਸ਼ਟਾਚਾਰ ਨੂੰ ਨੱਥ ਪਾ ਕੇ ਪੰਜਾਬ ਨੂੰ ਦੁਬਾਰਾ ਤੋਂ ਪੈਰਾਂ ਉਤੇ ਖੜ੍ਹਾ ਕਰਨ ਲਈ ਇੱਕ ਠੋਸ ਯੋਜਨਾ ਬਣਾਈ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਉਸ ਤੋਂ ਬਾਅਦ ਹੀ ਪੰਜਾਬ ਦੇ ਵਿੱਤ ਮੰਤਰੀ ਨੂੰ ਵਿਦੇਸ਼ੀ ਸੰਮੇਲਨਾਂ ਵਿਚ ਭਾਗ ਲੈਣ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ। ਜਦੋਂ ਤੁਹਾਡੇ ਆਪਣੇ ਘਰ ਦੀ ਹਾਲਤ ਖਰਾਬ ਹੋਵੇ ਤਾਂ ਅਜਿਹੇ ਸੰਮੇਲਨਾਂ ਵਿਚ ਭਾਗ ਲੈ ਕੇ ਜਨਤਾ ਦਾ ਪੈਸਾ ਬਰਬਾਦ ਕਰਨ ਦੀ ਕੋਈ ਤੁਕ ਨਹੀਂ ਬਣਦੀ।